ਅਸ਼ੋਕ ਵਰਮਾ
ਬਠਿੰਡਾ, 14 ਫਰਵਰੀ 2020 - ਭਾਜਪਾ ਹਕੂਮਤ ਵੱਲੋਂ ਲੋਕਾਂ ਵਿੱਚ ਫ਼ਿਰਕੂ ਪਾਟਕ ਪਾਉਣ ਲਈ ਲੈ ਕੇ ਆਂਦੇ ਐੱਨ.ਆਰ.ਸੀ. ਅਤੇ ਸੀ.ਏ.ਏ. ਤੇ ਐੱਨ. ਪੀ. ਆਰ. ਦੇ ਖ਼ਿਲਾਫ਼ ਮਲੇਰਕੋਟਲਾ ਵਿਖੇ ਹੋ ਰਹੇ ਵਿਸ਼ਾਲ ਰੋਸ ਪ੍ਰਦਰਸ਼ਨ ਦੀ ਤਿਆਰੀ ਵਿੱਚ ਪਿੰਡ ਚੱਕ ਅਤਰ ਸਿੰਘ ਵਾਲਾ ਵਿਖੇ ਜਨਤਕ ਮੀਟਿੰਗ ਕੀਤੀ ਗਈ। ਪ੍ਰੈਸ ਦੇ ਨਾਮ ਬਿਆਨ ਜਾਰੀ ਕਰਦਿਆਂ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਕੁਲਵੰਤ ਰਾਏ ਸ਼ਰਮਾਂ, ਨੌਜਵਾਨ ਭਾਰਤ ਸਭਾ ਦੇ ਬਿਸ਼ਨਦੀਪ ਕੌਰ ਨੇ ਕਿਹਾ ਕਿ ਭਾਜਪਾ ਸਰਕਾਰ ਵੱਲੋਂ ਫ਼ਿਰਕੂ ਅਧਾਰ 'ਤੇ ਨਾਗਰਿਕਤਾ ਦੇਣ ਦਾ ਕਨੂੰਨ ਲੈ ਕੇ ਆਉਣਾ ਦੇਸ਼ ਦੇ ਕਿਰਤੀ ਲੋਕਾਂ ਦੀ ਸਾਂਝ ਨੂੰ ਫ਼ਿਰਕੂ ਅਧਾਰ 'ਤੇ ਵੰਡਣ ਦੀ ਮਨਸ਼ਾ ਦਾ ਸਿੱਟਾ ਹੈ। ਜਿਵੇਂ-ਜਿਵੇਂ ਲੋਕਾਂ ਤੋਂ ਬੁਨਿਆਦੀ ਲੋੜਾਂ ਦੀਆਂ ਸਹੂਲਤਾਂ ਖੋਹੀਆਂ ਜਾ ਰਹੀਆਂ ਹਨ। ਜ਼ਮੀਨ , ਰੁਜ਼ਗਾਰ, ਸਿੱਖਿਆ, ਜਲ , ਜੰਗਲ ਕਾਰਪੋਰੇਟ ਘਰਾਣਿਆਂ ਦੀ ਲੁੱਟ ਲਈ ਪਰੋਸੇ ਜਾ ਰਹੇ ਹਨ।
ਆਰਥਿਕ ਨੀਤੀਆਂ ਲੋਕਾਂ ਦਾ ਕਚੂੰਮਰ ਕੱਢ ਰਹੀਆਂ ਹਨ। ਇਸ ਲੁੱਟ ਵਿੱਚੋ ਲੋਕਾਂ ਅੰਦਰ ਜਮਾਤੀ ਸੂਝ ਦਾ ਪਸਾਰਾ ਹੋ ਰਿਹਾ ਹੈ। ਲੋਕਾਂ ਨੇ ਹਾਕਮ ਜਮਾਤਾਂ ਦੀਆਂ ਕਾਰਪੋਰੇਟ ਅਤੇ ਸਰਮਾਏਦਾਰੀ ਪੱਖੀ ਨੀਤੀਆਂ ਸਮਝਣੀਆਂ ਸ਼ੁਰੂ ਕਰ ਦਿੱਤੀਆਂ ਹਨ ਤਾਂ ਹਾਕਮ ਜਮਾਤਾਂ ਨੇ ਲੋਕਾਂ ਅੰਦਰ ਪੱਸਰ ਰਹੇ ਇਸ ਏਕੇ ਨੂੰ ਖੋਰਨ ਵਾਸਤੇ ਅੰਗਰੇਜ਼ਾਂ ਵਾਂਗ ਪਾੜੋ ਅਤੇ ਰਾਜ ਕਰੋ ਦੀਆਂ ਸਮੇਂ - ਸਮੇਂ 'ਤੇ ਚਾਲਾਂ ਚੱਲੀਆਂ ਹਨ। ਮੌਜੂਦਾ ਫ਼ਿਰਕੂ ਆਧਾਰ 'ਤੇ ਲੈ ਕੇ ਆਂਦਾ ਨਾਗਰਿਕਤਾ ਕਨੂੰਨ ਵੀ ਇਸੇ ਮਨਸ਼ੇ ਦਾ ਹੀ ਸਿੱਟਾ ਹੈ। ਜਿਸ ਅੰਦਰ ਮੁਸਲਮਾਨ ਭਾਈਚਾਰੇ ਦੇ ਲੋਕਾਂ ਨੂੰ ਵਿਸ਼ੇਸ਼ ਤੌਰ 'ਤੇ ਨਿਸ਼ਾਨਾਂ ਬਣਾਇਆ ਜਾ ਰਿਹਾ ਹੈ।
ਸਦੀਆਂ ਤੋਂ ਮੁਲਕ ਅੰਦਰ ਰਹਿ ਰਹੇ ਮੁਲਕ ਦੇ ਬਸ਼ਿੰਦਿਆਂ ਨੂੰ ਘੁਸਪੈਠੀਏ ਕਹਿ ਕੇ ਨਜ਼ਰਬੰਦੀ ਕੈਂਪਾਂ ਵਿੱਚ ਸੁੱਟਣ ਦੀ ਤਿਆਰੀ ਕਰ ਲਈ ਹੈ। ਇਹ ਕਨੂੰਨ ਸਿਰਫ਼ ਮੁਸਲਮਾਨਾਂ ਤੱਕ ਹੀ ਸੀਮਤ ਨਹੀਂ ਰਹਿਣਾ, ਸਗੋਂ ਮੁਲਕ ਦੇ ਸਾਰੇ ਕਿਰਤੀ ਲੋਕਾਂ ਨੂੰ ਇਸ ਦੀ ਮਾਰ ਹੇਠ ਲਿਆਂਦਾ ਜਾਣਾ ਹੈ। ਇਹਨਾਂ ਕਨੂੰਨਾਂ ਦੀ ਅਸਲੀਅਤ ਨਾਗਰਿਕਤਾ ਦੇਣ ਦੇ ਹੱਕ ਆਪਣੇ ਹੱਥ ਲੈ ਕੇ ਲੋਕਾਂ ਨੂੰ ਫ਼ਿਰਕੂ ਅਧਾਰ 'ਤੇ ਵੰਡਣ ਦਾ ਕੋਝਾ ਇਰਾਦਾ ਹੈ। ਇਸ ਹਕੂਮਤੀ ਮਨਸ਼ੇ ਲਈ ਕਿਸੇ ਵੀ ਤਰ੍ਹਾਂ ਦਾ ਵਿਰੋਧ ਨਾ ਕਰਨ ਦੇਣ ਦਾ ਇਰਾਦਾ ਵੀ ਹਕੂਮਤੀ ਕਾਰਨਾਮਿਆਂ ਵਿੱਚੋ ਜ਼ਾਹਰ ਹੁੰਦਾ ਹੈ। ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਟੇਕ ਸਿੰਘ ਨੇ ਇਸ ਫ਼ਿਰਕੂ ਲੋਕ ਵਿਰੋਧੀ ਕਨੂੰਨ ਖਿਲਾਫ 16 ਫਰਵਰੀ ਨੂੰ ਵੱਧ ਤੋਂ ਵੱਧ ਗਿਣਤੀ ਵਿੱਚ ਮਲੇਰਕੋਟਲਾ ਜਾਣ ਦਾ ਸੱਦਾ ਦਿੱਤਾ। ਇਸ ਮੌਕੇ ਉੱਤੇ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਪਿੰਡ ਪ੍ਰਧਾਨ ਹਰਗੋਬਿੰਦ ਸਿੰਘ ਸਮੇਤ ਸਾਰੇ ਪਿੰਡ ਕਮੇਟੀ ਮੈਂਬਰ ਮੌਜੂਦ ਸਨ।