ਅਸ਼ੋਕ ਵਰਮਾ
ਬਠਿੰਡਾ, 9 ਅਪਰੈਲ 2020 - ਬਠਿੰਡਾ ਦਿਹਾਤੀ ਹਲਕੇ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕਾ ਪ੍ਰੋਫੈਸਰ ਰੁਪਿੰਦਰ ਕੌਰ ਰੂਬੀ ਨੇ ਅੱਜ ਸਿਹਤ ਵਿਭਾਗ ਦੇ ਮੁਲਾਜ਼ਮਾਂ ਨੂੰ ਉਨਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਸੈਨੀਟਾਈਜ਼ਰ ਸੌਂਪੇ ਹਨ। ਸਿਹਤ ਵਿਭਾਗ ਦੇ ਮੁਲਾਜ਼ਮਾਂ ਕੋਲ ਮਾਸਕ ਸੈਨੀਟਾਇਜਰ ਪੀਪੀਈ ਕਿੱਟਾਂ ਦੀ ਸਪਲਾਈ ਨਾ ਹੋਣ ਦੀ ਖ਼ਬਰਾਂ ਪ੍ਰਕਾਸ਼ਿਤ ਤੋਂ ਬਾਅਦ ਪ੍ਰੋ ਰੁਪਿੰਦਰ ਕੌਰ ਰੂਬੀ ਨੇ ਅੱਜ ਸੰਗਤ ਬਲਾਕ ਦੇ ਪੈਰਾ ਮੈਡੀਕਲ ਸਟਾਫ਼ ਨੂੰ ਸੈਨੀਟਾਇਜਰ ਪਹੁੰਚਾਇਆ। ਇਸ ਨਾਲ਼ ਰੋਜਾਨਾਂ ਕੋਰੋਨਾ ਦੇ ਸ਼ੱਕੀ ਮਰੀਜ਼ਾਂ ਦੀ ਜਾਂਚ ਆਦਿ ਕਰਦੇ ਮੁਲਾਜਮਾਂ ਨੂੰ ਇੰਫੈਕਸ਼ਨ ਹੋਣ ਦਾ ਖ਼ਤਰਾ ਘਟੇਗਾ।
ਉਨ੍ਹਾਂ ਕਿਹਾ ਕਿ ਪੀਜੀਆਈ ਚੰਡੀਗੜ ਦੇ ਡਾਕਟਰ ਅਤੇ ਹੋਰ ਸਟਾਫ਼ ਨੂੰ ਕੋਰੋਨਾ ਮਰੀਜ਼ ਦੇ ਸੰਪਰਕ ਵਿਚ ਆਉਣ ਤੋਂ ਬਾਅਦ ਸੂਬੇ ਭਰ ਦੇ ਡਾਕਟਰ ਅਤੇ ਪੈਰਾ ਮੈਡੀਕਲ ਸਟਾਫ਼ ਸਰਕਾਰ ਤੋਂ ਲਗਾਤਾਰ ਮਾਸਕ ਸੈਨੀਟਾਇਜਰ ਅਤੇ ਪੀਪੀਈ ਕਿੱਟਾਂ ਦੀ ਮੰਗ ਕਰ ਰਹੇ ਹਨ ਪਰ ਸੂਬਾ ਸਰਕਾਰ ਮੁਲਾਜਮਾਂ ਨੂੰ ਜ਼ਰੂਰਤ ਅਨੂਸਾਰ ਸਪਲਾਈ ਪਹੁੰਚਾਉਣ ਵਿੱਚ ਸਫ਼ਲ ਨਹੀਂ ਹੋ ਰਹੀ ਹੈ। ਉਨਾਂ ਦੱਸਿਆ ਕਿ ਦੇਸ਼ ਭਰ ਵਿੱਚ ਕੋਰੋਨਾ ਮਰੀਜ਼ਾਂ ਦੇ ਸੰਪਰਕ ਵਿਚ ਆਉਣ ਕਾਰਨ ਸਿਹਤ ਵਿਭਾਗ ਅਤੇ ਪੁਲਿਸ ਮੁਲਾਜ਼ਮਾਂ ਦੇ ਇੰਫੈਕਟਡ ਹੋਣ ਦੀ ਖਬਰਾਂ ਅਖਬਾਰਾਂ ਦੀਆ ਸੁਰਖੀਆਂ ਬਣ ਰਹੀਆਂ ਹਨ ਜਿਸ ਨਾਲ ਮੁਲਾਜਮਾਂ ਵਿੱਚ ਡਰ ਦਾ ਮਾਹੌਲ ਬਣ ਗਿਆ ਹੈ।
ਉਨ੍ਹਾਂ ਕਿਹਾ ਕਿ ਹਲਕਾ ਬਠਿੰਡਾ ਦਿਹਾਤੀ ਵਿੱਚ ਵੀ ਕੋਰੋਨਾ ਨਾਲ ਲੜਨ ਲਈ ਮੁਲਾਜਮਾਂ ਕੋਲ ਕੋਈ ਬੇਹਤਰ ਸਾਧਨ ਨਹੀਂ ਹਨ ਫਿਰ ਵੀ ਉਹ ਜਜ਼ਬੇ ਨਾਲ ਲੋਕਾਂ ਨੂੰ ਕੋਰੋਨਾ ਤੋਂ ਬਚਾਉਣ ਲਈ ਦਿਨ ਰਾਤ ਮੇਹਨਤ ਕਰ ਰਹੇ ਹਨ। ਉਨਾਂ ਦੱਸਿਆ ਕਿ ਇਸ ਤੋਂ ਪਹਿਲਾਂ ਉਨਾਂ ਨੇ ਮਾਸਕ ਵੀ ਤਿਆਰ ਕਰਕੇ ਦਿੱਤੇ ਸਨ ਹੁਣ ਸੈਨੀਟਾਇਜਰ ਮੁਹੱਈਆ ਕਰਵਾਏ ਗਏ ਹਨ । ੁਨਾਂ ਦੱਸਿਆ ਕਿ ਪੀਪੀਈ ਕਿੱਟ ਤੇ ਹੋਰ ਸੁਰੱਖਿਆ ਸਾਧਨਾਂ ਦੀ ਪੂਰਤੀ ਲਈ ਵੀ ਉਹ ਕੋਸ਼ਿਸ਼ਾਂ ਕਰ ਰਹੇ ਹਨ। ਉਨਾਂ ਕਿਹਾ ਕਿ ਜੋ ਮੁਲਾਜ਼ਮ ਫਰੰਟ ਲਾਈਨ ਵਰਕਰ ਦੇ ਤੌਰ ਤੇ ਆਪਣਾ ਯੋਗਦਾਨ ਦੇ ਰਹੇ ਹਨ ਉਨਾਂ ਅਤੇ ਉਨਾਂ ਦੇ ਪਰਿਵਾਰਾਂ ਦੀ ਸੁਰੱਖਿਆ ਸਰਕਾਰ ਨੂੰ ਕਰਨੀ ਚਾਹੀਦੀ ਹੈ।
ਇਨਾਮ ਵਜੋਂ ਪੱਕੇ ਕਰੇ ਸਰਕਾਰ : ਰੂਬੀ
ਵਿਧਾਇਕਾ ਰੁਪਿੰਦਰ ਕੌਰ ਰੂਬੀ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਕੋਰੋਨਾ ਮਹਾਮਾਰੀ ਸਮੇਂ ਲੋਕਾਂ ਨੂੰ ਸੇਵਾਵਾਂ ਦੇਣ ਵਾਲੇ ਵਿਭਾਗਾਂ ਦੇ ਕੱਚੇ ਮੁਲਾਜ਼ਮਾਂ ਦੀਆਂ ਸੇਵਾਵਾਂ ਨੂੰ ਰੈਗੂਲਰ ਕਰਕੇ ਸਨਮਾਨ ਦੇਣਾ ਚਾਹੀਦਾ ਹੈ। ਉਨਾਂ ਕਿਹਾ ਕਿ ਜੇਕਰ ਅੱਜ ਅਸੀਂ ਇਨਾਂ ਮੁਲਾਜਮਾਂ ਦੀ ਹੌਂਸਲਾ ਅਫ਼ਜਾਈ ਨਹੀਂ ਕਰਾਂਗੇ ਤਾਂ ਉਨਾਂ ਦੇ ਮਨੋਬਲ ਨੂੰ ਠੇਸ ਪਹੁੰਚੇਗੀ। ਉਨਾਂ ਫੌਜ ਦੀ ਤਰਜ਼ ਤੇ ਤਨਢਾਹ ਤੋਂ ਇਲਾਵਾ ਹੋਰ ਵਿਸ਼ੇਸ਼ ਭੱਤੇ ਦੋਣ ਦੀ ਲੋੜ ਤੇ ਵੀ ਜੋਰ ਦਿੱਤਾ ਹੈ।