-ਕੋਈ ਅਧਿਕਾਰੀ ਨਹੀਂ ਖੋਲ ਰਿਹਾ ਮੂੰਹ
ਫਿਰੋਜ਼ਪੁਰ, 22 ਮਈ 2020 : ਅੱਜ ਦੁਪਹਿਰੇ ਵੇਲੇ ਫਿਰੋਜ਼ਪੁਰ ਸ਼ਹਿਰ ਅਤੇ ਆਸ ਪਾਸ ਦੇ ਕੁਝ ਪਿੰਡਾਂ ਵਿੱਚ ਬਾਹਰੋਂ ਆਈ ਪੁਲਸ ਪਾਰਟੀ ਦੀਆਂ ਗੱਡੀਆਂ ਘੁੰਮਦੀਆਂ ਵੇਖੀਆਂ ਗਈਆਂ, ਜਿੰਨਾ ਵੱਲੋਂ ਕਈਆਂ ਦੇ ਘਰਾਂ ਵਿੱਚ ਛਾਪੇ ਮਾਰਨ ਦੀ ਵੀ ਕਨਸੋਅ ਹੈ।
ਜਾਣਕਾਰੀ ਅਨੁਸਾਰ ਪੁਲਸ ਦੀ ਇਹ ਸਪੈਸ਼ਲ ਟੀਮ ਸ਼ਹਿਰ ਨਾਲ ਸਬੰਧਤ ਕੁਝ ਨਾਮੀ ਗੈਂਗਸਟਰਾਂ ਦੇ ਘਰਾਂ ਵਿੱਚ ਵੜ ਕੇ ਤਹਿਕੀਕਾਤ ਕਰਦੀ ਰਹੀ। ਉੱਥੇ ਹੀ ਪਿੰਡ ਬਹਾਦਰ ਵਾਲਾ ਵਿਚ ਵੀ ਇੱਕ ਸਾਬਕਾ ਗੈਂਗਸਟਰ ਦੇ ਘਰ ਛਾਪੇ ਮਾਰੀ ਕੀਤੀ ਗਈ। ਛਾਉਣੀ ਦੇ ਇੱਕ ਅਸਰ ਰਸੂਖ ਵਾਲੇ ਵਿਅਕਤੀ ਦੇ ਘਰ ਤੋਂ ਇਲਾਵਾ ਸ਼ਹਿਰ ਦੇ ਨਾਮੀ ਗੈਂਗਸਟਰ ਚੰਦੂ ਅਤੇ ਜੈਪਾਲ ਭੁੱਲਰ ਦੇ ਘਰ ਪੁਲਸ ਨੇ ਤਲਾਸ਼ੀ ਲਈ। ਜਿਥੇ ਕੁਝ ਪੱਤਰਕਾਰਾਂ ਵਲੋੰ ਪੁਲਸ ਅਧਿਕਾਰੀਆਂ ਤੋਂ ਮਾਮਲਾ ਜਾਨਣ ਦੀ ਕੋਸ਼ਿਸ਼ ਕੀਤੀ ਗਈ ਤਾਂ ਅਗੋਂ ਅਧਿਕਾਰੀਆਂ ਨੇ ਕਿਹਾ ਕਿ ਸੌਰੀ ਸਰ ਕੁਝ ਦੱਸ ਨਹੀਂ ਸਕਦੇ।
ਮੱਲਵਾਲ ਰੋਡ 'ਤੇ ਸਥਿਤ ਇੱਕ ਮੋਬਾਈਲ ਦੀ ਦੁਕਾਨ 'ਤੇ ਵੀ ਪੁਲਸ ਦੇ ਤਹਿਕੀਕਾਤ ਕਰਨ ਦੀ ਖਬਰ ਹੈ।
ਓਧਰ ਜਦ ਇਸ ਬਾਰੇ ਜ਼ਿਲ੍ਹੇ ਦੀ ਪੁਲਿਸ ਤੋਂ ਜਾਨਣ ਦੀ ਕੋਸ਼ਿਸ਼ ਕੀਤੀ ਤਾਂ ਕਿਸੇ ਨੇ ਵੀ ਮੂੰਹ ਨਹੀਂ ਖੋਲਿਆ। ਸੂਤਰਾਂ ਮੁਤਾਬਕ ਇਹ ਸਾਰਾ ਮਾਮਲਾ ਗੈਂਗਸਟਰਾਂ ਨਾਲ ਸਬੰਧਤ ਦੱਸਿਆ ਜਾ ਰਿਹਾ ਹੈ। ਕੁਝ ਵੀ ਹੋਵੇ ਪਰ ਅੱਜ ਬਾਹਰੋਂ ਆਈ ਪੁਲਿਸ ਪਾਰਟੀ ਵੱਲੋ ਕੀਤੀ ਗਈ ਇਹ ਰੇਡ ਕਈ ਤਰ੍ਹਾਂ ਦੇ ਪ੍ਰਸ਼ਨ ਛੱਡ ਗਈ ਹੈ