ਫਿਰੋਜ਼ਪੁਰ, 22 ਮਈ 2020 - ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ (ਰਜ਼ਿ.31) ਦੀ ਸੂਬਾ ਕਮੇਟੀ ਵੱਲੋਂ ਕੰਟਰੈਕਟ ਵਰਕਰਾਂ ਦੀਆਂ ਜਾਇਜ ਮੰਗਾਂ ਦੇ ਹੱਲ ਨਾ ਹੋਣ ਦੇ ਰੋਸ ਵਜੋਂ ਕੋਰੋਨਾ ਕੋਵਿਡ-19 ਦੀ ਰੋਕਥਮ ਲਈ ਲੱਗੇ ਕਰਫਿਊ ਦੇ ਮੱਦੇਨਜਰ ਸੋਸ਼ਲ ਡਿਸਟੈਸਿੰਗ ਦਾ ਧਿਆਨ ਰੱਖ ਕੇ 12 ਤੋਂ 23 ਮਈ 2020 ਤੱਕ ਸਮੁੱਚੇ ਪੰਜਾਬ 'ਚ ਉਲੀਕੇ ਗਏ ਪ੍ਰੋਗਰਾਮ ਤਹਿਤ ਅੱਜ ਜਿਲ੍ਹਾ ਪਟਿਆਲਾ ਵਿਚ ਪੰਜਾਬ ਸਰਕਾਰ ਅਤੇ ਜਲ ਸਪਲਾਈ ਮਨੇਜਮੈਂਟ ਦੀਆਂ ਅਰਥੀਆਂ ਫੂਕੀਆਂ ਗਈਆਂ।
ਜੱਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਬਲਕਾਰ ਸਿੰਘ, ਮੀਤ ਪ੍ਰਧਾਨ ਰੁਪਿੰਦਰ ਸਿੰਘ ਦੀ ਅਗੁਵਾਈ ਹੇਠ ਕਾਰਜਕਾਰੀ ਇੰਜੀਨੀਅਰ ਦਫਤਰ ਮੰਡਲ 2 ਫਿਰੋਜ਼ਪੁਰ ਅੱਗੇ ਵਰਕਰ ਨੇ ਬਸੰਤੀ ਰੰਗ ਵਿਚ ਸੱਜ ਕੇ, ਹੱਥਾਂ ਵਿਚ ਬੈਨਰ, ਤਖਤੀਆਂ ਫੜ ਕੇ ਸਰਕਾਰ ਅਤੇ ਜਲ ਸਪਲਾਈ ਦੀ ਮਨੈਜਮੈਂਟ ਵਿਰੁੱਧ ਜੰਮ ਕੇ ਨਾਅਰੇਬਾਜੀ ਕੀਤੀ ਗਈ। ਇਸ ਮੌਕੇ ਜ਼ਿਲ੍ਹਾ ਪ੍ਰੈੱਸ ਸਕੱਤਰ ਰਣਜੀਤ ਸਿੰਘ ਖਾਲਸਾ ਨੇ ਸਰਕਾਰ ਅਤੇ ਜਲ ਸਪਲਾਈ ਮੈਨੇਜਮੈਂਟ ਵਿਰੁੱਧ ਰੋਸ ਪ੍ਰਗਟਾਉਦਿਆ ਕਿਹਾ ਕਿ ਕੋਵਿਡ-19 ਦੇ ਚੱਲ ਰਹੇ ਕਹਿਰ ਵਿਚ ਬਣੇ ਵਰਤਮਾਨ ਹਲਾਤਾਂ ਵਿਚ ਕੰਟਰੈਕਟ ਵਰਕਰ ਆਪਣੀ ਡਿਊਟੀ ਨੂੰ ਨਿਰੰਤਰ ਜਾਰੀ ਰੱਖ ਕੇ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਨਿਰਵਿਘਨ ਸਪਲਾਈ ਦੇ ਰਹੇ ਹਨ ਪਰ ਇਨ੍ਹਾਂ ਕਾਮਿਆਂ ਵਿਰੁੱਧ ਮਾਰੂ ਨੀਤੀਆਂ ਬਣਾਈਆਂ ਜਾ ਰਹੀਆਂ ਹਨ।
ਕਿਰਤ ਵਿਭਾਗ ਵੱਲੋਂ ਮਿਨੀਮਮ ਵੇਜ ਤਹਿਤ ਉਜਰਤਾਂ ਦੇਣ ਤੋਂ ਸਰਕਾਰ ਭੱਜ ਰਹੀ ਹੈ ਕਿਉਂਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਮਜ਼ਦੂਰ ਦਿਵਸ ਦੇ ਮੌਕੇ 'ਤੇ 1 ਮਈ 2020 ਨੂੰ ਜੋ ਉਜਰਤਾਂ ਵਧਾਈਆਂ ਗਈਆਂ ਸਨ, ਉਸ ਮੁਤਾਬਿਕ ਹਰ ਮਹੀਨੇ ਵਰਕਰ ਨੂੰ 402 ਰੁਪਏ ਪਹਿਲਾਂ ਨਾਲੋ ਵੱਧ ਉਜਰਤਾਂ ਮਿਲਣੀਆਂ ਸਨ, ਜਿੱਥੇ ਵਧੀਆਂ ਉਜ਼ਰਤਾਂ ਨੂੰ ਲਾਗੂ ਨਹੀਂ ਕੀਤਾ ਜਾ ਰਿਹਾ ਹੈ ਅਤੇ ਜੋ ਪਹਿਲਾ ਉਜਰਤਾਂ ਮੁਤਾਬਿਕ ਤਨਖਾਹਾਂ ਵਰਕਰਾਂ ਨੂੰ ਮਿਲ ਰਹੀਆਂ ਸਨ, ਉਹ ਵੀ ਰੋਕ ਦਿੱਤੀਆਂ ਹਨ। ਜਿਸਦੇ ਕਾਰਨ ਵਰਤਮਾਨ ਹਲਾਤਾਂ ਵਿਚ ਵਰਕਰਾਂ ਨੂੰ ਘਰ ਚਲਾਉਣ ਲਈ ਚੁੱਲ੍ਹੇ ਠੰਡੇ ਹੋ ਗਏ ਹਨ। ਤਨਖਾਹਾਂ ਨਾ ਮਿਲਣ ਕਾਰਨ ਇਨ੍ਹਾਂ ਵਰਕਰਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਾਰੇ ਕੰਟਰੈਕਟ ਕਾਮਿਆਂ ਦਾ 50 ਲੱਖ ਰੁਪਏ ਬੀਮਾ ਕਰਨ ਲਈ ਕਹਿ ਰਹੇ ਹਨ ਪਰ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਪੰਜਾਬ ਇਸ ਬਾਰੇ ਕੁਝ ਵੀ ਦੱਸ ਨਹੀਂ ਰਿਹਾ ਹੈ ਕਿ ਪੰਜਾਬ ਸਰਕਾਰ ਦੀ ਇਸ ਸਕੀਮ ਵਿਚ ਸਿਰਫ ਰੈਗੂਲਾਰ ਮੁਲਾਜ਼ਮ ਹੀ ਆਉਂਦੇ ਹਨ ਜਾਂ ਫਿਰ ਕੋਵਿਡ-19 ਦੇ ਹਲਾਤਾਂ 'ਚ ਫੀਲਡ ਵਿਚ ਕੰਮ ਕਰ ਰਹੇ ਕੰਟਰੈਕਟ ਕਾਮੇ ਵੀ ਆਉਂਦੇ ਹਨ।
ਉਨ੍ਹਾਂ ਕਿਹਾ ਕਿ ਜਲ ਸਪਲਾਈ ਮਹਿਕਮੇ ਵਿਚ ਗੋਲਮੋਲ ਹੀ ਚੱਲ ਰਿਹਾ ਹੈ ਕਿਉਂਕਿ ਉਪਰਲੀ ਅਫਸਰਸ਼ਾਹੀ ਵਾਹਵਾਹੀ ਖੱਟਣ ਲਈ ਕੰਮ ਕਰ ਰਹੀ ਹੈ ਕਿ ਪਾਣੀ ਸਪਲਾਈ ਵਧੀਆਂ ਢੰਗ ਨਾਲ ਚੱਲ ਰਹੀ ਹੈ, ਪਰ ਜੋ ਦਿਨ ਰਾਤ ਸੇਵਾਵਾਂ ਦੇ ਕੇ ਲੋਕਾਂ ਨੂੰ ਪਾਣੀ ਮੁਹੱਈਆ ਕਰਵਾ ਰਹੇ ਹਨ, ਉਸਦੀ ਨਾ ਤਾਂ ਸਰਕਾਰ ਸਾਰ ਲੈ ਰਹੀ ਹੈ ਅਤੇ ਨਾ ਹੀ ਜਲ ਸਪਲਾਈ ਵਿਭਾਗ ਬਾਂਹ ਫੜ ਰਿਹਾ ਹੈ। ਇਸ ਮੌਕੇ ਪ੍ਰੈੱਸ ਸਕੱਤਰ ਰਣਜੀਤ ਸਿੰਘ ਖਾਲਸਾ, ਨਿਸ਼ਾਨ ਸਿੰਘ, ਸੁਖਦੇਵ ਸਿੰਘ, ਸਤਪਾਲ ਸਿੰਘ, ਵੀਰ ਸਿੰਘ, ਸੁਰਜੀਤ ਸਿੰਘ ਬਲਾਕ ਪ੍ਰਧਾਨ, ਸਲਵਿੰਦਰ ਸਿੰਘ, ਵਿਜੇ ਕੁਮਾਰ, ਗੁਰਪਿੰਦਰ ਸਿੰਘ, ਬਲਜਿੰਦਰ ਸਿੰਘ, ਮਲਕੀਤ ਚੰਦ, ਰਮੇਸ਼ ਕੁਮਾਰ, ਪ੍ਰਬੋਧ ਸਿੰਘ, ਸੁੱਚਾ ਸਿੰਘ ਆਦਿ ਹਾਜ਼ਰ ਸਨ।