ਹਰਿੰਦਰ ਨਿੱਕਾ
ਬਰਨਾਲਾ, 23 ਮਈ 2020 - ਕੋਰੋਨਾ ਵਾਇਰਸ ਦੀ ਭਿਆਨਕ ਮਹਾਮਾਰੀ ਦੇ ਚੱਲਦਿਆਂ ਸ਼ੁਰੂ ਹੋਏ ਸਾਦੇ ਵਿਆਹ ਸ਼ਾਦੀਆਂ ਦੀ ਲੜੀ 'ਚ ਜ਼ਿਲ੍ਹੇ ਦੇ ਪਿੰਡ ਸਹੌਰ ਦੀ ਲੜਕੀ ਨੂੰ ਸੰਗਰੂਰ ਜ਼ਿਲ੍ਹੇ ਦੇ ਪਿੰਡ ਭੰਮਾਬੱਦੀ ਦਾ ਲੜਕਾ ਬੁਲੇਟ ਮੋਟਰ ਸਾਈਕਲ ਤੇ ਵਿਆਹ ਕਰਵਾਉਣ ਲਈ ਪਹੁੰਚਿਆ।
ਆਨੰਦ ਕਾਰਜ ਤੋਂ ਬਾਅਦ ਥਾਣਾ ਮਹਿਲ ਕਲਾਂ ਦੇ ਐਸਐਚਉ ਹਰਬੰਸ ਸਿੰਘ ਨੇ ਜੋੜੀ ਦਾ ਪਿੰਡ ਦੇ ਬੱਸ ਸਟੈਂਡ ਨਜਦੀਕ ਸ਼ਾਨਦਾਰ ਸਵਾਗਤ ਕੀਤਾ ਅਤੇ ਸ਼ਗਨ ਦੇ ਕੇ ਆਸ਼ੀਰਵਾਦ ਵੀ ਦਿੱਤਾ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਭੰਮਾ ਬੱਦੀ (ਸੰਗਰੂਰ) ਦੇ ਨੌਜਵਾਨ ਲਖਵਿੰਦਰ ਸਿੰਘ ਪੁੱਤਰ ਰੂਪ ਸਿੰਘ ਦਾ ਵਿਆਹ ਪਿੰਡ ਸਹੌਰ ਦੀ ਕੁਲਦੀਪ ਕੌਰ ਪੁੱਤਰੀ ਸੁੱਖਾ ਸਿੰਘ ਨਾਲ ਹੋਣਾ ਤੈਅ ਸੀ । ਕੋਰੋਨਾ ਦੇ ਮੱਦੇਨਜ਼ਰ ਲਾੜਾ ਲਖਵਿੰਦਰ ਸਿੰਘ ਖੁਦ ਬੁਲੇਟ ਤੇ ਸਵਾਰ ਹੋ ਕੇ ਲਾੜੀ ਨੂੰ ਵਿਆਹੁਣ ਲਈ ਪਿੰਡ ਸਹੌਰ ਵਿਖੇ ਪਹੁੰਚ ਗਿਆ। ਇਸ ਸਾਦਗੀ ਭਰੇ ਵਿਆਹ ਦੀ ਇਲਾਕੇ ਦੇ ਲੋਕਾਂ ਵੱਲੋਂ ਸਲਾਂਘਾ ਕੀਤੀ ਜਾ ਰਹੀ ਹੈ ।