ਫਿਰੋਜ਼ਪੁਰ, 4 ਜੁਲਾਈ 2020 - ਥਾਣਾ ਲੱਖੋਕੇ ਬਹਿਰਾਮ ਦੀ ਨਵੀਂ ਬਣ ਰਹੀ ਬਿਲਡਿੰਗ ਦੇ ਠੇਕੇਦਾਰ ਵੱਲੋਂ 110 ਬੋਰੀਆ ਸੀਮੈਂਟ ਘਪਲਾ ਕਰਨ ਦੀ ਖਬਰ ਮਿਲੀ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਮਲਕੀਤ ਸਿੰਘ ਐੱਸਡੀਓ ਪੰਜਾਬ ਪੁਲਿਸ ਕਾਰਪੋਰੇਸ਼ਨ ਪੁਲਿਸ ਲਾਈਨ ਫਿਰੋਜ਼ਪੁਰ ਨੇ ਦੋਸ਼ ਲਗਾਇਆ ਹੈ ਕਿ ਦੋਸ਼ੀ ਨਵਨੀਸ਼ ਜਿੰਦਲ ਠੇਕੇਦਾਰ ਵਾਸੀ ਮਕਾਨ ਨੰਬਰ 667, ਮਾਡਲ ਟਾਊਨ ਫੇਸ-1 ਬਠਿੰਡਾ ਨੇ ਥਾਣਾ ਲੱਖੋਕੇ ਬਹਿਰਾਮ ਦੀ ਨਵੀਂ ਬਣ ਰਹੀ ਬਿਲਡਿੰਗ ਦਾ ਠੇਕਾ ਲਿਆ ਹੋਇਆ ਹੈ।
ਮਲਕੀਤ ਸਿੰਘ ਐੱਸਡੀਓ ਨੇ ਦੱਸਿਆ ਕਿ ਜਦ ਮਿਤੀ 27 ਜੂਨ 2020 ਨੂੰ ਨਰਿੰਦਰ ਕੁਮਾਰ ਜੇਈ ਵੱਲੋਂ ਨਰੀਸ਼ ਸ਼ਰਮਾ ਜੇਈ ਤੋਂ ਕੰਮ ਦਾ ਚਾਰਜ ਲਿਆ ਜਾ ਰਿਹਾ ਸੀ ਤਾਂ ਠੇਕੇਦਾਰ ਵੱਲੋਂ ਮੇਨ ਸਟੋਰ ਤੋਂ ਸੀਮੈਂਟ ਦੀਆਂ 110 ਬੋਰੀਆਂ ਚੋਰੀ ਕਰਕੇ ਲੇਬਰ ਦੀਆਂ ਬਣੀਆਂ ਝੁੱਗੀਆਂ ਵਿਚ ਛੁਪਾਈਆਂ ਹੋਣ ਬਾਰੇ ਪਤਾ ਲੱਗਾ। ਮਲਕੀਤ ਸਿੰਘ ਨੇ ਦੱਸਿਆ ਕਿ ਜਦ ਮਿਤੀ 23 ਜੂਨ 2020 ਨੂੰ ਦੋਸ਼ੀ ਦੀ ਹਾਜ਼ਰੀ ਵਿਚ ਨਵੇਂ ਥਾਣੇ ਦੀ ਬਿਲਡਿੰਗ ਦੇ ਨਿਰੀਖਣ ਕਰਨ ਲਈ ਮੌਕੇ 'ਤੇ ਐਕਸੀਅਨ ਪੰਜਾਬ ਪੁਲਿਸ ਹਾਊਸਿੰਗ ਕਾਰਪੋਰੇਸ਼ਨ ਦੇ ਮਨਜਿੰਦਰ ਸਿੰਘ ਤੇ ਮਲਕੀਤ ਸਿੰਘ ਐੱਸਡੀਓ ਆਏ ਸਨ ਤਾਂ ਇਹ ਸੀਮੈਂਟ ਦੀ ਕੋਈ ਜਾਣਕਾਰੀ ਠੇਕੇਦਾਰ ਵੱਲੋਂ ਨਹੀਂ ਦਿੱਤੀ ਗਈ ਸੀ।
ਮੇਨ ਸਟੋਰ ਵਿਚ ਸੀਮੈਂਟ ਦੀਆਂ ਬੋਰੀਆਂ ਦੀ ਗਿਣਤੀ 276 ਗਿਣਤੀ ਦਰਜ ਕਰਾਈ ਸੀ। ਇਸ ਤਰ੍ਹਾਂ ਦੋਸ਼ੀ ਨੇ 110 ਬੋਰੀਆਂ ਸੀਮੈਂਟ ਦਾ ਪਤਲਾ ਕੀਤਾ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਥਾਣਾ ਲੱਖੋਕੇ ਬਹਿਰਾਮ ਦੀ ਪੁਲਿਸ ਦੇ ਏਐੱਸਆਈ ਤਰਲੋਕ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ 'ਤੇ ਉਕਤ ਠੇਕੇਦਾਰ ਖਿਲਾਫ 379, 408, 420, 511 ਆਈਪੀਸੀ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।