ਮਨਿੰਦਰਜੀਤ ਸਿੱਧੂ
- ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਅਮੋਲਕ ਸਿੰਘ ਨੇ ਵੀ ਲਵਾਈ ਹਾਜਰੀ
ਜੈਤੋ, 4 ਜੁਲਾਈ 2020 - ਆਰ.ਬੀ.ਆਈ. ਅਤੇ ਡਿਪਟੀ ਕਮਿਸ਼ਨਰ ਫਰੀਦਕੋਟ ਦੇ ਕੋਰੋਨਾ ਮਹਾਂਮਾਰੀ ਚਲਦਿਆਂ ਲੋਨ ਦੀਆਂ ਕਿਸ਼ਤਾਂ ਮੁਲਤਵੀ ਕਰਨ ਦੇ ਹੁਕਮਾਂ ਦੀਆਂ ਧੱਜੀਆਂ ਉਡਾਉਂਦੇ ਹੋਏ ਕੈਪੀਟਲ ਫਾਈਨਾਂਸ ਕੰਪਨੀ ਵੱਲੋਂ ਗਰੀਬ ਔਰਤਾਂ ਨੂੰ ਲੋਨ ਦੀਆਂ ਕਿਸਤਾਂ ਭਰਨ ਲਈ ਮਜ਼ਬੂਰ ਕਰਨ ਦੇ ਖਿਲਾਫ ਅੱਜ ਇਨਸਾਫ ਦੀ ਲਹਿਰ ਖਾਤੇਦਾਰ ਯੂਨੀਅਨ ਦੀ ਸੂਬਾ ਪ੍ਰਧਾਨ ਦਰਸ਼ਨਾਂ ਜੋਸ਼ੀ ਦੀ ਅਗਵਾਈ ਵਿੱਚ ਅੱਜ ਕੈਪੀਟਲ ਫਾਇਨਾਂਸ ਕੰਪਨੀ ਦੇ ਦਫ਼ਤਰ ਗੁਰੂ ਨਾਨਕ ਨਗਰ ਜੈਤੋ ਅੱਗੇ ਧਰਨਾ ਦਿੱਤਾ ਗਿਆ।
ਧਰਨੇ ਦੌਰਾਨ ਔਰਤਾਂ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਦਰਸ਼ਨਾ ਜੋਸ਼ੀ ਨੇ ਕਿਹਾ ਕਿ ਇਹ ਫਾਈਨਾਂਸ ਕੰਪਨੀਆਂ ਵਾਲੇ ਨਿਰਦਈਪੁਣੇ ‘ਤੇ ਉੱਤਰ ਆਏ ਹਨ। ਉਨਾਂ ਵੱਲੋਂ ਕੱਲ ਇੱਕ ਕੈਂਸਰ ਪੀੜਤ ਔਰਤ ਨੂੰ ਉਸਦੇ ਘਰ ਜਾ ਕੇ ਧਮਕੀਆਂ ਦਿੱਤੀਆਂ ਅਤੇ ਉਸਨੂੰ ਕਿਸ਼ਤਾਂ ਭਰਨ ਲਈ ਐਨਾ ਮਜ਼ਬੂਰ ਕੀਤਾ ਕਿ ਉਸਨੂੰ ਮਜਬੂਰੀ ਵੱਸ ਆਪਣਾ ਗੈਸ ਸਿਲੰਡਰ ਵੇਚਣਾ ਪਿਆ। ਉਹਨਾਂ ਕਿਹਾ ਕਿ ਇਹ ਕੰਪਨੀਆਂ ਵਾਲੇ ਪ੍ਰਸ਼ਾਸਨ ਦੀਆਂ ਹਦਾਇਤਾਂ ਨੂੰ ਟਿੱਚ ਜਾਣਦੇ ਹਨ ਅਤੇ ਰੋਜਾਨਾਂ ਔਰਤਾਂ ਨੂੰ ਉਹਨਾਂ ਦੇ ਘਰ ਜਾਕੇ ਧਮਕਾਉਂਦੇ ਰਹਿੰਦੇ ਹਨ।
ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ਼ ਅਮੋਲਕ ਸਿੰਘ ਵੀ ਧਰਨੇ ਵਿੱਚ ਪਹੁੰਚੇ ਅਤੇ ਉਹਨਾਂ ਸਰਕਾਰ ਤੇ ਵਰਦਿਆਂ ਕਿਹਾ ਕਿ ਸਰਕਾਰ ਨੇ ਇਸ ਸੰਕਟ ਦੇ ਦੌਰ ਵਿੱਚ ਲੋਕਾਂ ਦੀ ਮਦਦ ਤਾਂ ਕੀ ਕਰਨੀ ਹੈ, ਸਗੋਂ ਲੋਕਾਂ ਨੂੰ ਇਹਨਾਂ ਪ੍ਰਾਈਵੇਟ ਕੰਪਨੀਆਂ ਅੱਗੇ ਲੁੱਟਣ ਲਈ ਸੁੱਟਿਆ ਹੋਇਆ ਹੈ।ਉਹਨਾਂ ਕਿਹਾ ਕਿ ਜੇਕਰ ਕੰਪਨੀਆਂ ਗਰੀਬ ਔਰਤਾਂ ਨੂੰ ਤੰਗ ਪਰੇਸ਼ਾਨ ਕਰਨਗੀਆਂ ਤਾਂ ਸਾਡੀ ਪਾਰਟੀ ਇਹਨਾਂ ਗਰੀਬ ਔਰਤਾਂ ਦੇ ਹੱਕ ਵਿੱਚ ਖੜੇਗੀ।
ਧਰਨਕਾਰੀਆਂ ਦੀ ਮੰਗਾ ਸੁਣਨ ਪਹੁੰਚੇ ਐਸ.ਐਚ.ਓ. ਦਲਜੀਤ ਸਿੰਘ ਨੇ ਭਰੋਸਾ ਦਵਾਇਆ ਕਿ ਕੋਈ ਵੀ ਪ੍ਰਾਈਵੇਟ ਬੈਂਕ ਜਾਂ ਫਾਈਨਾਂਸ ਕੰਪਨੀ ਗਰੀਬ ਔਰਤਾਂ ਨੁੰ ਧਮਕੀਆਂ ਦਿੰਦੀ ਹੈ ਤਾਂ ਉਸਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਐਸ.ਐਚ.ਓ. ਦੇ ਭਰੋਸੇ ਤੋਂ ਬਾਅਦ ਧਰਨਾ ਚੁੱਕਿਆ ਗਿਆ। ਇਸ ਮੌਕੇ ਵੀਰਪਾਲ ਕੌਰ, ਗਗਨਦੀਪ ਕੌਰ, ਮਨਿੰਦਰ ਕੌਰ, ਜਸਵਿੰਦਰ ਕੌਰ, ਗੁਰਮੀਤ ਕੌਰ, ਅਮਰਜੀਤ ਕੌਰ, ਸੁਖਦੀਪ ਕੌਰ, ਪਰਮਜੀਤ ਕੌਰ, ਸਤਨਾਮ ਸਿੰਘ, ਮੋਨਕਾ ਜੋਸ਼ੀ, ਸਰਬਜੀਤ, ਵੀਰ ਸਿੰਘ ਚੈਨਾ, ਸੋਨੀਆਂ ਦਬੜਖਾਨਾ ਆਦਿ ਹਾਜਰ ਸਨ।