ਜਗਦੀਸ਼ ਥਿੰਦ
ਗੁਰੂਹਰਸਹਾਏ / ਫਿਰੋਜ਼ਪੁਰ 4 ਜੁਲਾਈ : ਬਿਜਲੀ ਬਿੱਲ 2020 ਪਾਸ ਕਰਕੇ ਕੇਂਦਰ ਸਰਕਾਰ ਦੇਸ਼ ਦੀ ਜਨਤਾ ਦਾ ਵੱਡਾ ਨੁਕਸਾਨ ਅਤੇ ਰਜਵਾੜਾਸ਼ਾਹੀ ਦਾ ਦੂਜਾ ਰੂਪ ਵੱਡੇ ਉਦਯੋਗਪਤੀ ਘਰਾਣਿਆਂ ਨੂੰ ਲਾਭ ਪਹੁੰਚਣਾ ਚਾਹੁੰਦੀ ਹੈ ।
ਇਹ ਗੱਲ ਪਾਵਰਕਾਮ ਪੈਨਸ਼ਨਰਜ਼ ਐਸੋਸੀਏਸ਼ਨ ਨਾਲ ਜੁੜੇ ਸੇਵਾ ਮੁਕਤ ਅਧਿਕਾਰੀਆਂ , ਕਰਮਚਾਰੀਆਂ ਦੀ ਫੈਮਿਲੀ ਮੀਟਿੰਗ ਦੌਰਾਨ ਕਹੀ ਗਈ ।
ਇਸ ਮੌਕੇ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਬਠਿੰਡਾ ਦਾ ਥਰਮਲ ਪਲਾਂਟ ਬੰਦ ਕਰਕੇ ਉਸ ਦੀ ਜ਼ਮੀਨ ਨੂੰ ਵੇਚਣ ਦੇ ਮਨਸੂਬੇ ਅਤੇ ਕੇਂਦਰ ਸਰਕਾਰ ਦੇ ਬਿਜਲੀ ਬਿੱਲ ਪਾਸ ਕਰਨ ਦੀ ਕਾਰਵਾਈ ਦੇਸ਼ ਦੇ ਨਾਗਰਿਕਾਂ ਲਈ ਘਾਤਕ ਸਾਬਤ ਹੋਵੇਗੀ ।
ਸੇਵਾਮੁਕਤ ਆਗੂਆਂ ਨੇ ਕਿਹਾ ਕਿ ਲਗਾਤਾਰ ਇਸ ਗੈਰ ਸੰਵਿਧਾਨਕ ਕਦਮਾਂ ਵਿਰੋਧ ਕਰਕੇ ਆਮ ਲੋਕਾਂ ਦੇ ਹੱਕ ਵਿੱਚ ਨਾਹਰਾ ਮਾਰਦੇ ਰਹਿਣਗੇ ।
ਇਹ ਮੀਟਿੰਗ ਡੇਰਾ ਭਜਨਗੜ੍ਹ ਸਾਹਿਬ ਗੋਲੂ ਕਾ ਮੋੜ ਵਿਖੇ ਮੰਡਲ ਪ੍ਰਧਾਨ ਬਚਨ ਸਿੰਘ ਜਲਾਲਾਬਾਦ ਦੀ ਪ੍ਰਧਾਨਗੀ ਹੇਠ ਹੋਈ ।
ਮੀਟਿੰਗ ਦੀ ਕਾਰਵਾਈ ਸ਼ੁਰੂ ਕਰਦਿਆਂ ਮੰਡਲ ਪ੍ਰਧਾਨ ਰਾਜ ਸਿੰਘ ਨੇ ਕਿਹਾ ਕਿ ਸਾਡਾ ਸੰਘਰਸ਼ ਪੰਜਾਬ ਸਰਕਾਰ , ਪਾਵਰਕੌਮ ਦੀ ਮੈਨੇਜਮੈਂਟ ਨਾਲ ਮੰਗਾਂ ਮਨਵਾਉਣ ਲਈ ਚੱਲ ਰਿਹਾ ਹੈ ਜੋ ਕਿ ਆਉਣ ਵਾਲੇ ਦਿਨਾਂ ਵਿੱਚ ਹੋਰ ਤੇਜ ਕੀਤਾ ਜਾਵੇਗਾ ।
ਆਗੂਆਂ ਨੇ ਕਿਹਾ ਕਿ ਬੀ ਜੇ ਪੀ ਵੱਲੋਂ ਲਿਆਂਦਾ ਜਾ ਰਿਹਾ ਬਿਜਲੀ ਬਿੱਲ ਭਾਰਤ ਦੀ ਸਮੂਹ ਜਨਤਾ ਦੇ ਵਿਰੁੱਧ ਹੈ ।
ਇਸ ਨਾਲ ਬਿਜਲੀ ਹੋਰ ਮਹਿੰਗੀ ਹੋਵੇਗੀ ।
ਕਿਸਾਨੀ ਬਿੱਲ ਤੇ ਸਬਸਿਡੀ ਖਤਮ ਹੋ ਜਾਵੇਗੀ ।
ਪੰਜਾਬ ਦੇ ਮੁਲਾਜ਼ਮਾਂ ਸਬੰਧੀ ਉਹਨਾਂ ਕਿਹਾ ਕਿ
ਛੇਵੇਂ ਪੇ ਕਮਿਸ਼ਨ ਦੀ ਰਿਪੋਰਟ ਜਨਵਰੀ 2016 ਤੋਂ ਲਾਗੂ ਕਰਨੀ ਸੀ ਜੋ ਅੱਜ ਪੰਜਾਬ ਸਰਕਾਰ ਲਾਗੂ ਨਹੀਂ ਕਰ ਰਹੀ ।
ਮਹਿੰਗਾਈ ਭੱਤਾ ਮੁਲਾਜ਼ਮਾਂ ਦਾ ਬੰਦ ਕਰ ਦਿੱਤਾ ਗਿਆ ਹੈ ।
ਸਸਤੇ ਭਾਅ ਤੇ ਬਿਜਲੀ ਪੈਦਾ ਕਰਦਾ ਬਠਿੰਡਾ ਦਾ ਥਰਮਲ ਪਲਾਂਟ ਸਰਕਾਰ ਨੇ ਬੰਦ ਕਰ ਦਿੱਤਾ ਹੈ ।
ਹੈਰਾਨੀ ਦੀ ਗੱਲ ਹੈ ਕਿ ਉਸ ਪਲਾਂਟ ਨੂੰ ਬੰਦ ਕਰਨ ਦਾ ਸਰਕਾਰ ਨੇ ਫੈਸਲਾ ਲਿਆ ਜੋ ਕਿ ਬਿਜਲੀ ਦੀ ਪੈਦਾਵਾਰ ਮਿੱਥੇ ਟੀਚਿਆਂ ਤੋਂ ਵਧੇਰੇ ਕਰਨ ਬਦਲੇ ਕੇਂਦਰ ਸਰਕਾਰ ਵੱਲੋਂ ਸਨਮਾਨ ਹਾਸਲ ਕਰ ਚੁੱਕਿਆ ਸੀ ।
ਇਸ ਮੀਟਿੰਗ ਨੂੰ ਸਰਕਲ ਆਗੂ ਅਜਮੇਰ ਸਿੰਘ , ਇੰਜੀਨੀਅਰ ਸੁਰਜੀਤ ਸਿੰਘ ਰਿਟਾਇਰਡ ਐੱਸ ਡੀ ਓ ,
ਧਰਮਵੀਰ ਮੈਣੀ , ਬਲਵਿੰਦਰ ਸਿੰਘ ਲੈਪੋ , ਡਵੀਜ਼ਨ ਆਗੂ ਨਰੇਸ਼ ਸੇਠੀ ਦਵਿੰਦਰ ਸਿੰਘ ਸੋਢੀ ਆਗੂਆਂ ਤੋਂ ਇਲਾਵਾ ਹੋਰ ਬੁਲਾਰਿਆਂ ਨੇ ਵੀ ਸੰਬੋਧਨ ਕੀਤਾ ।
ਇਸ ਮੌਕੇ ਅਹਿਦ ਲਿਆ ਗਿਆ ਕਿ ਹੱਕਾਂ ਦੀ ਪ੍ਰਾਪਤੀ ਤੱਕ ਸੰਘਰਸ਼ ਜਾਰੀ ਰਹੇਗਾ ।