ਫਿਰੋਜ਼ਪੁਰ, 11 ਅਗਸਤ 2020 : ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੰਜਾਬ ਸ਼ਹਿਰੀ ਆਵਾਸ ਸਕੀਮ ਤਹਿਤ ਜ਼ਿਲ੍ਹੇ ਦੇ 1551 ਲਾਭਪਾਤਰੀਆਂ ਨੂੰ ਪੱਕੇ ਮਕਾਨ ਬਣਾਉਣ ਲਈ ਸਹਾਇਤਾ ਰਾਸ਼ੀ ਦਿੱਤੀ ਜਾਵੇਗੀ। ਹਰੇਕ ਲਾਭਪਾਤਰੀ ਨੂੰ ਚਾਰ ਕਿਸ਼ਤਾਂ ਵਿੱਚ 1.50 ਲੱਖ ਰੁਪਏ ਦਿੱਤੇ ਜਾਣਗੇ। ਹੁਣ ਤੱਕ ਜ਼ਿਲ੍ਹੇ ਦੇ 968 ਲਾਭਪਾਤਰੀਆਂ ਨੂੰ ਪੱਕਾ ਘਰ ਬਣਾਉਣ ਲਈ 7,33,80,001 ਰੁਪਏ ਦਿੱਤੇ ਜਾ ਚੁੱਕੇ ਹਨ।
ਇਹ ਜਾਣਕਾਰੀ ਦਿੰਦਿਆਂ ਸਥਾਨਕ ਸਰਕਾਰਾਂ ਵਿਭਾਗ ਦੇ ਡਿਪਟੀ ਡਾਇਰੈਕਟਰ ਡਾ. ਨਯਨ ਨੇ ਦੱਸਿਆ ਕਿ ਸਾਰੇ 8 ਯੂ.ਐੱਲ.ਬੀਜ਼ ਵਿੱਚ ਕੁੱਲ 1551 ਲਾਭਪਾਤਰੀ ਸ਼ਾਮਲ ਹਨ ਜਿਨ੍ਹਾਂ ਵਿੱਚ ਗੁਰੂਹਰਸਹਾਏ ਵਿੱਚ 186, ਮੱਲਾਂਵਾਲਾ ਵਿੱਚ 309, ਮੁੱਦਕੀ ਵਿੱਚ 41, ਮਮਦੋਟ ਵਿੱਚ 409, ਮਖੂ ਵਿੱਚ 63, ਜ਼ੀਰਾ ਵਿੱਚ 227, ਤਲਵੰਡੀ ਭਾਈ ਵਿੱਚ 47 ਅਤੇ ਫਿਰੋਜ਼ਪੁਰ ਨਗਰ ਕੌਂਸਲ ਵਿਚ 188 ਯੋਗ ਲਾਭਪਾਤਰੀਆਂ ਵਜੋਂ ਪਛਾਣ ਕੀਤੀ ਗਈ। ਉਨ੍ਹਾਂ ਦੱਸਿਆ ਕਿ 8,90,37,940 ਰੁਪਏ ਦੇ ਕੁਲ ਫੰਡ. ਇਨ੍ਹਾਂ ਪ੍ਰਾਜੈਕਟਾਂ ਨੂੰ ਮੁਕੰਮਲ ਕਰਵਾਉਣ ਲਈ ਸਾਰੇ 8 ਯੂ.ਐਲ.ਬੀਜ਼ ਨੂੰ ਜਾਰੀ ਕੀਤੇ ਗਏ ਹਨ, ਜਿਨ੍ਹਾਂ ਵਿੱਚੋਂ 968 ਘਰਾਂ ਦੀ ਉਸਾਰੀ ਸ਼ੁਰੂ ਹੋ ਚੁੱਕੀ ਹੈ। ਡਿਪਟੀ ਡਾਇਰੈਕਟਰ ਨੇ ਦੱਸਿਆ ਕਿ ਕੁੱਲ 931 ਲਾਭਪਾਤਰੀਆਂ ਨੇ ਫੰਡਾਂ ਦੀ ਪਹਿਲੀ ਕਿਸ਼ਤ, ਜਦਕਿ 555 ਲਾਭਪਾਤਰੀਆਂ ਨੇ ਦੂਜੀ ਅਤੇ 145 ਨੂੰ ਤੀਜੀ ਕਿਸ਼ਤ ਪ੍ਰਾਪਤ ਕਰ ਲਈ ਹੈ।
ਉਨ੍ਹਾਂ ਕਿਹਾ ਕਿ ਵਿੱਤੀ ਸਹਾਇਤਾ ਚਾਰ ਕਿਸ਼ਤਾਂ ਵਿੱਚ ਵੰਡੀ ਗਈ ਸੀ, ਪਹਿਲੀ ਕਿਸ਼ਤ ਵਿੱਚ 50,000 ਰੁਪਏ, ਦੂਜੀ ਵਿੱਚ 20,000 ਹਜ਼ਾਰ ਰੁਪਏ ਅਤੇ ਤੀਜੀ ਕਿਸ਼ਤ ਵਿੱਚ 30,000 ਹਜ਼ਾਰ ਰਪੁਏ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸੂਬਾ ਸਰਕਾਰ ਸਮਾਜ ਦੇ ਗਰੀਬ ਅਤੇ ਲੋੜਵੰਦ ਵਰਗਾਂ ਨੂੰ ਪੱਕੇ ਮਕਾਨ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ ਅਤੇ ਆਉਣ ਵਾਲੇ ਮਹੀਨਿਆਂ ਵਿੱਚ ਸਾਰੇ 1551 ਲਾਭਪਾਤਰੀਆਂ ਨੂੰ ਪੰਜਾਬ ਸ਼ਹਿਰੀ ਆਵਾਸ ਯੋਜਨਾ ਦੇ ਤਹਿਤ ਉਨ੍ਹਾਂ ਦੇ ਪੱਕੇ ਮਕਾਨ ਬਣਾ ਦਿੱਤੇ ਜਾਣਗੇ।