ਫਿਰੋਜ਼ਪੁਰ 11 ਅਗਸਤ 2020 : ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮਾਂ ਦੀ ਲੜੀ ‘ਚ ਸਕੂਲ ਸਿੱਖਿਆ ਵਿਭਾਗ ਵੱਲੋਂ ਸਿੱਖਿਆ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਦੀ ਅਗਵਾਈ ‘ਚ ਕਰਵਾਏ ਜਾ ਰਹੇ ਆਨਲਾਈਨ ਵਿਦਿਅਕ ਮੁਕਾਬਲਿਆਂ ਦੀ ਕਵਿਤਾ ਉਚਾਰਨ ਪ੍ਰਤੀਯੋਗਤਾ ‘ਚ ਰਾਜ ਭਰ ਦੇ 40888 ਵਿਦਿਆਰਥੀਆਂ ਨੇ ਹਿੱਸਾ ਲਿਆ ਹੈ। ਸਕੱਤਰ ਸਕੂਲ ਸਿੱਖਿਆ ਸ੍ਰੀ ਕ੍ਰਿਸ਼ਨ ਕੁਮਾਰ ਦੀ ਦੇਖ-ਰੇਖ ‘ਚ ਇੰਨ੍ਹਾਂ ਮੁਕਾਬਲਿਆਂ ਰਾਜ ਦੇ ਸਰਕਾਰੀ ਸਕੂਲਾਂ ਦੇ ਸੈਕੰਡਰੀ ਵਿੰਗ ਦੇ 9441, ਮਿਡਲ ਵਿੰਗ ਦੇ 12193 ਤੇ ਪ੍ਰਾਇਮਰੀ ਵਰਗ ਦੇ 19254 ਵਿਦਿਆਰਥੀਆਂ ਨੇ ਪੂਰੇ ਉਤਸ਼ਾਹ ਨਾਲ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਦਾ ਗਾਇਨ ਕਰਕੇ, ਗੁਰੂ ਸਾਹਿਬ ਪ੍ਰਤੀ ਆਪਣੀ ਸ਼ਰਧਾ ਦਾ ਪ੍ਰਗਟਾਵਾ ਕੀਤਾ। ਇਸ ਦੇ ਨਾਲ ਹੀ ਵਿਸ਼ੇਸ਼ ਲੋੜਾਂ ਵਾਲੇ 351 ਵਿਦਿਆਰਥੀਆਂ ਨੇ ਵੀ ਤਿੰਨੇ ਵਰਗਾਂ ‘ਚ ਹਿੱਸਾ ਲਿਆ।
ਇਸ ਬਾਰੇ ਜਾਣਕਾਰੀ ਦਿੰਦਿਆਂ ਜਿਲ੍ਹਾ ਸਿੱਖਿਆ ਅਫਸਰ (ਸੈ.ਸਿੱ) ਫਿਰੋਜ਼ਪੁਰ ਸ਼੍ਰੀਮਤੀ ਕੁਲਵਿੰਦਰ ਕੌਰ ਜੀ ਜਿਲ੍ਹਾ ਸਿੱਖਿਆ ਅਫ਼ਸਰ (ਐ.ਸਿੱ) ਫਿਰੋਜ਼ਪੁਰ ਰਾਜੀਵ ਕੁਮਾਰ ਛਾਬੜਾ, ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਫਿਰੋਜ਼ਪੁਰ ਸੁਖਵਿੰਦਰ ਸਿੰਘ, ਕੋਮਲ ਅਰੋੜਾ, ਰੁਪਿੰਦਰ ਕੌਰ, ਨੋਡਲ ਅਫ਼ਸਰ ਸ੍ਰ: ਰਜਿੰਦਰ ਸਿੰਘ ਰਾਜਾ,ਮਹਿੰਦਰ ਸਿੰਘ ਸ਼ੈਲੀ, ਤਲਵਿੰਦਰ ਸਿੰਘ ਖਾਲਸਾ, ਸਰਬਜੀਤ ਸਿੰਘ ਭਾਵੜਾ ਨੇ ਦੱਸਿਆ ਕਿ ਮਿਡਲ ਵਿੰਗ ‘ਚੋਂ ਜਲੰਧਰ ਨੇ (1408) ਨੇ ਪਹਿਲਾ, ਲੁਧਿਆਣਾ ਨੇ (1115) ਨੇ ਦੂਸਰਾ ਤੇ ਫਿਰੋਜ਼ਪੁਰ ਨੇ (1106) ਤੀਸਰਾ ਸਥਾਨ ਹਾਸਿਲ ਕੀਤਾ। ਮਿਡਲ ਵਿੰਗ ਦੇ ਬਲਾਕਾਂ ‘ਚੋਂ ਫਿਰੋਜ਼ਪੁਰ-3 ਬਲਾਕ 318 ਨਾਲ ਪਹਿਲੇ, ਘੱਲ ਖੁਰਦ (ਫਿਰੋਜ਼ਪੁਰ) ਨੇ 186 ਨਾਲ ਦੂਸਰਾ ਤੇ ਜਲੰਧਰ ਨੇ 154 ਪ੍ਰਤੀਯੋਗੀਆਂ ਨਾਲ ਤੀਸਰਾ, ਸੈਕੰਡਰੀ ਵਿੰਗ ਦੇ ਬਲਾਕਾਂ ‘ਚੋਂ ਬਰਨਾਲਾ ਬਲਾਕ ਨੇ 145 ਨਾਲ ਪਹਿਲਾ, ਭਗਤਾ ਭਾਈਕਾ ਨੇ 138 ਨਾਲ ਦੂਸਰਾ ਤੇ ਫਿਰੋਜ਼ਪੁਰ-3 ਬਲਾਕ ਨੇ 135 ਪ੍ਰਤੀਯੋਗੀਆਂ ਨਾਲ ਤੀਸਰਾ ਸਥਾਨ ਹਾਸਿਲ ਕੀਤਾ।
ਉਨ੍ਹਾਂ ਦੱਸਿਆ ਕਿ ਵਿਦਿਆਰਥੀਆਂ ਵੱਲੋਂ ਬੜੇ ਹੀ ਉਤਸ਼ਾਹ ਨਾਲ ਇਨ੍ਹਾਂ ਮੁਕਾਬਲਿਆਂ ਨਾਲ ਹਿੱਸਾ ਲਿਆ ਹੈ। ਉਨ੍ਹਾ ਕਿਹਾ ਕਿ ਇਨ੍ਹਾਂ ਮੁਕਾਬਲਿਆਂ ਦਾ ਮੁੱਖ ਮਕਸਦ ਬੱਚਿਆਂ ਨੂੰ ਗੁਰੂ ਜੀ ਦੇ ਜੀਵਨੀ, ਬਾਣੀ ਅਤੇ ਸਿਧਾਂਤਾ ਤੋਂ ਜਾਣੂ ਕਰਵਾਉਣਾ ਹੈ।