ਭਾਵਨਾ ਗੁਪਤਾ, ਗੈਸਟ ਰਿਪੋਰਟਰ
- 11 ਵਾਰਡਾਂ 'ਚੋਂ ਘਰ-ਘਰ ਤੋਂ ਕੂੜਾ ਰਿਕਸ਼ਾ ਰੇਹੜੀਆਂ ਰਾਹੀਂ ਕੀਤਾ ਜਾਂਦਾ ਹੈ ਇਕੱਠਾ
ਘਨੌਰ/ਪਟਿਆਲਾ, 11 ਅਗਸਤ 2020 - ਨਗਰ ਪੰਚਾਇਤ ਘਨੌਰ ਦੀਆਂ ਸਾਰੀਆਂ 11 ਵਾਰਡਾਂ ਵਿੱਚ ਹੁਣ ਕੂੜਾ ਪ੍ਰਬੰਧ ਦਾ ਕੰਮ 100 ਫ਼ੀਸਦੀ ਹੋ ਗਿਆ ਹੈ। ਸਥਾਨਕ ਸਰਕਾਰਾਂ ਵਿਭਾਗ ਦੇ ਪਟਿਆਲਾ ਖੇਤਰ ਦੇ ਡਿਪਟੀ ਡਾਇਰੈਕਟਰ ਜਸ਼ਨਪ੍ਰੀਤ ਕੌਰ ਗਿੱਲ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਅਤੇ ਹਲਕਾ ਵਿਧਾਇਕ ਮਦਨ ਲਾਲ ਜਲਾਲਪੁਰ ਦੀ ਅਗਵਾਈ ਹੇਠ ਹਰ ਸ਼ਹਿਰ ਨੂੰ ਕੂੜਾ ਮੁਕਤ ਕਰਨ ਦੀ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ, ਜਿਸ ਤਹਿਤ ਘਨੌਰ ਨਗਰ ਪੰਚਾਇਤ 'ਚ ਕੂੜਾ ਪ੍ਰਬੰਧਨ ਦਾ ਕੰਮ ਪੂਰੀ ਸਫਲਤਾ ਨਾਲ ਚੱਲ ਰਿਹਾ ਹੈ।
ਨਗਰ ਪੰਚਾਇਤ ਘਨੌਰ ਦੇ ਕਾਰਜ ਸਾਧਕ ਅਫ਼ਸਰ ਚੇਤਨ ਸ਼ਰਮਾ ਤੇ ਪ੍ਰਧਾਨ ਨਰਪਿੰਦਰ ਸਿੰਘ ਨੇ ਦੱਸਿਆ ਕਿ ਘਨੌਰ ਸ਼ਹਿਰ ਦੀਆਂ 11 ਵਾਰਡਾਂ ਵਿੱਚ 11 ਰਿਕਸ਼ਾ ਰੇਹੜੀਆਂ ਰਾਹੀਂ ਸਫ਼ਾਈ ਕਰਮਚਾਰੀਆਂ ਵੱਲੋਂ ਘਰ ਘਰ ਜਾਕੇ ਕੂੜਾ ਇਕੱਠਾ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਨੈਸ਼ਨਲ ਗ੍ਰੀਨ ਟ੍ਰਿਊਬਨਲ ਦੇ ਨਿਰਦੇਸ਼ਾਂ ਅਨੁਸਾਰ ਘਰ-ਘਰ ਚੋਂ ਕੂੜਾ ਇਕੱਤਰ ਕਰਕੇ ਗਿੱਲੇ ਅਤੇ ਸੁੱਕੇ ਕੂੜੇ ਨੂੰ ਵੱਖ ਕੀਤਾ ਜਾਂਦਾ ਹੈ ਅਤੇ ਫੇਰ ਨਗਰ ਪੰਚਾਇਤ ਘਨੌਰ ਵਿਖੇ ਬਣਾਏ 12 ਪਿੱਟਾਂ 'ਚ ਗਿੱਲਾ ਕੂੜਾ ਦਬਾਇਆ ਜਾਂਦਾ ਹੈ ਤੇ ਆਰਗੈਨਿਕ ਖਾਦ ਤਿਆਰ ਕੀਤੀ ਜਾਂਦੀ ਹੈ।
ਚੇਤਨ ਸ਼ਰਮਾ ਨੇ ਦੱਸਿਆ ਕਿ ਕੋਵਿਡ-19 ਮਹਾਂਮਾਰੀ ਨੂੰ ਦੇਖਦੇ ਹੋਏ ਸਫ਼ਾਈ ਸੇਵਕਾਂ ਨੂੰ ਸਮੇਂ ਸਮੇਂ 'ਤੇ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਿਖਲਾਈ ਦਿੱਤੀ ਜਾ ਰਹੀ ਹੈ, ਇਸ ਤੋਂ ਇਲਾਵਾ ਮਾਸਕ, ਦਸਤਾਨੇ, ਸੈਨੇਟਾਈਜ਼ਰ, ਪੀ.ਪੀ.ਈ. ਕਿੱਟਾਂ ਸਫ਼ਾਈ ਸੇਵਕਾਂ ਨੂੰ ਨਗਰ ਪੰਚਾਇਤ ਘਨੌਰ ਵੱਲੋਂ ਮੁਹੱਈਆ ਕਰਵਾਏ ਜਾ ਰਹੇ ਹਨ।