ਰਾਜਵੰਤ ਸਿੰਘ
- ਸ਼ਿਕਾਇਤਕਰਤਾ ਦੀ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕੀਤੀ ਜਾਵੇਗੀ ਹਰ ਸੰਭਵ ਸਹਾਇਤਾ
- ਸਕੂਲ ਫੀਸ ਤੋਂ ਇਲਾਵਾ ਹੋਰ ਡਿਵੈਲਪਮੈਂਟ ਫੰਡ ਦੀ ਮੰਗ ਕਰਦਾ ਹੈ ਤਾਂ ਸਬੰਧਿਤ ਸਕੂਲ ਖਿਲਾਫ ਹੋਵੇਗੀ ਕਾਰਵਾਈ-ਡੀਸੀ
ਸ੍ਰੀ ਮੁਕਤਸਰ ਸਾਹਿਬ, 16 ਸਤੰਬਰ 2020 - ਸ੍ਰੀ ਮੁਕਤਸਰ ਸਾਹਿਬ ਦੇ ਨਿਵਾਸੀ ਨੇ ਫੇਸਬੁੱਕ ਰਾਹੀਂ ‘ਆਸਕ ਦਾ ਕੈਪਟਨ’ ਪ੍ਰੋਗਰਾਮ ਤਹਿਤ ਮੁੱਖ ਮੰਤਰੀ ਪੰਜਾਬ ਨੂੰ ਕੀਤੀ ਗਈ ਸ਼ਿਕਾਇਤ ਦਾ ਗੰਭੀਰ ਨੋਟਿਸ ਲੈਂਦਿਆਂ ਜ਼ਿਲ੍ਹਾ ਪ੍ਰਸ਼ਾਸਨ ਨੇ ਸਬੰਧਿਤ ਸੰਤ ਬਾਬਾ ਗੁਰਮੁੱਖ ਸਿੰਘ ਸਕੂਲ ਨੂੰ ਹਦਾਇਤ ਕੀਤੀ ਕਿ ਅਮਰਿੰਦਰ ਸਿੰਘ ਤਾਰਾ ਦੀ ਬੱਚੀ ਦੀ ਪੜ੍ਹਾਈ ਨਿਰੰਤਰ ਜਾਰੀ ਰੱਖੀ ਜਾਵੇ, ਜੇਕਰ ਅਮਰਿੰਦਰ ਸਿੰਘ ਤਾਰਾ ਦੀ ਬੱਚੀ ਜੋ ਕਿ ਪੰਜਵੀ ਕਲਾਸ ਵਿੱਚ ਪੜ੍ਹ ਰਹੀ ਹੈ, ਉਸ ਨੂੰ ਸਕੂਲ ਫੀਸ ਦੇ ਨਾਮ ’ਤੇ ਨਜਾਇਜ਼ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਹੈ ਤਾਂ ਜ਼ਿਲ੍ਹਾ ਪ੍ਰਸ਼ਾਸਨ ਸਕੂਲ ਖਿਲਾਫ ਸਖਤ ਕਾਰਵਾਈ ਕਰੇਗਾ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਐਮ.ਕੇ.ਅਰਾਵਿੰਦ ਕੁਮਾਰ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਅਮਰਿੰਦਰ ਸਿੰਘ ਤਾਰਾ ਦੀ ਸ਼ਿਕਾਇਤ ਦਾ ਗੰਭੀਰ ਨੋਟਿਸ ਲੈਂਦਿਆਂ ਇਸ ਦੀ ਇਨਕੁਆਰੀ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਐਡੀਸ਼ਨਲ ਡਿਪਟੀ ਕਮਿਸ਼ਨਰ ਅਤੇ ਜ਼ਿਲ੍ਹਾ ਸਿੱਖਿਆ ਅਫਸਰ ਰਾਹੀਂ ਕਰਵਾਈ ਗਈ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਬੱਚੀ ਦੇ ਪਿਤਾ ਅਮਰਿੰਦਰ ਸਿੰਘ ਤਾਰਾ ਨੂੰ ਯਕੀਨ ਦਿਵਾਇਆ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਉਸਦੀ ਹਰ ਸੰਭਵ ਸਹਾਇਤਾ ਕੀਤੀ ਜਾਵੇਗੀ ਅਤੇ ਇਸੇ ਸਕੂਲ ਵਿੱਚ ਹੀ ਉਸਦੀ ਪੜ੍ਹਾਈ ਜਾਰੀ ਰਖਵਾਈ ਜਾਵੇਗੀ।
ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੇ ਸਾਰੇ ਪ੍ਰਾਈਵੇਟ ਸਕੂਲਾਂ ਨੂੰ ਸਖਤ ਹਦਾਇਤ ਕੀਤੀ ਕਿ ਜੇਕਰ ਕੋਈ ਸਕੂਲ ਬੱਚਿਆਂ ਨੂੰ ਫੀਸ ਦੇ ਨਾਮ ਤੋਂ ਇਲਾਵਾ ਹੋਰ ਦੂਸਰੇ ਡਿਵੈਲਪਮੈਂਟ ਫੰਡਾਂ ਦੀ ਮੰਗ ਕਰਦਾ ਪਾਇਆ ਜਾਂਦਾ ਹੈ ਤਾਂ ਸਬੰਧਿਤ ਸਕੂਲ ਦੇ ਖਿਲਾਫ ਸਖਤ ਕਾਰਵਾਈ ਕਰੇਗਾ। ਉਨ੍ਹਾਂ ਸਕੂਲ ਪ੍ਰਸ਼ਾਸਨ ਨੂੰ ਇਹ ਵੀ ਹਦਾਇਤ ਕੀਤੀ ਕਿ ਕੋਰੋਨਾ ਵਾਇਰਸ ਦੇ ਕਾਰਨ ਬੱਚਿਆ ਦੇ ਮਾਪਿਆਂ ਦਾ ਕਾਰੋਬਾਰ ਬੰਦ ਹੋਣ ਕਾਰਨ ਉਨ੍ਹਾਂ ਨੂੰ ਬੱਚਿਆਂ ਦੇ ਮਾਪਿਆਂ ਨਾਲ ਹਮਦਰਦੀ ਨਾਲ ਪੇਸ਼ ਆਉਣਾ ਚਾਹੀਦਾ ਹੈ ਅਤੇ ਉਨ੍ਹਾਂ ਪਾਸੋਂ ਫੀਸ ਤੋਂ ਇਲਾਵਾ ਨਜਾਇਜ਼ ਫੰਡਾਂ ਦੀ ਮੰਗ ਨਹੀਂ ਕਰਨੀ ਚਾਹੀਦੀ।