ਰਾਜਵੰਤ ਸਿੰਘ
- ਕਿਸਾਨਾਂ ਦਾ ਦੋਸ਼ ‘ਰਾਤ ਸਮੇਂ ਬਿਜਲੀ ਪਾਣੀ ਕਰ ਦਿੱਤਾ ਗਿਆ ਬੰਦ’
ਸ੍ਰੀ ਮੁਕਤਸਰ ਸਾਹਿਬ, 16 ਸਤੰਬਰ 2020 - ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਖੇਤੀ ਆਰਡੀਨੈਸਾਂ ਦੇ ਸਬੰਧ ਵਿਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਜ਼ਿਲ੍ਹੇ ਦੇ ਪਿੰਡ ਬਾਦਲ ਵਿਖੇ 15 ਤੋਂ 20 ਸਤੰਬਰ ਤੱਕ ਲਾਏ ਜਾ ਰਹੇ ਪੱਕੇ ਕਿਸਾਨ ਮੋਰਚੇ ਤਹਿਤ ਕਿਸਾਨਾਂ ਵੱਲੋਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਕੋਠੀ ਅੱਗੇ ਪੱਕਾ ਮੋਰਚਾ ਜਾਰੀ ਹੈ। ਕਿਸਾਨ ਆਗੂਆਂ ਨੇ ਦੋਸ਼ ਲਾਇਆ ਕਿ ਬੀਤੀ ਰਾਤ ਬਿਜਲੀ ਅਤੇ ਪਾਣੀ ਬੰਦ ਕਰ ਦੇਣ ਕਾਰਨ ਉਨ੍ਹਾਂ ਨੂੰ ਵੱਡੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਇਸ ਮੌਕੇ ਕਿਸਾਨ ਆਗੂਆਂ ਰਾਮ ਸਿੰਘ, ਗੁਲਾਬ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਇਹ ਆਰਡੀਨੈਂਸ ਨਹੀਂ, ਬਲਕਿ ਕਿਸਾਨਾਂ ਦੇ ਮੌਤ ਦੇ ਵਾਰੰਟ ਜਾਰੀ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜਦੋਂ ਇਹ ਆਰਡੀਨੈਂਸ ਲਿਆਂਦੇ ਗਏ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਇਸ ’ਤੇ ਸਹਿਮਤੀ ਪ੍ਰਗਟ ਕੀਤੀ। ਉਨ੍ਹਾਂ ਕਿਹਾ ਕਿ ਹੁਣ ਜਦ ਕੱਲ੍ਹ ਕਿਸਾਨ ਵੱਡੀ ਗਿਣਤੀ ’ਚ ਇੰਨ੍ਹਾਂ ਨੂੰ ਇਸ ਸਬੰਧੀ ਉਲਾਂਭਾ ਦੇਣ ਪਹੁੰਚੇ ਤਾਂ ਬੀਤੀ ਰਾਤ ਧਰਨੇ ਦੇ ਪਹਿਲੇ ਦਿਨ ਬਿਜਲੀ ਕੱਟ ਦਿੱਤੀ ਗਈ, ਰਾਤ ਲੰਗਰ ਤੋਂ ਲੈ ਕੇ ਸਾਰਾ ਪ੍ਰਬੰਧ ਹਨ੍ਹੇਰੇ ਵਿੱਚ ਕੀਤਾ ਗਿਆ। ਇਸ ਦੌਰਾਨ ਇੱਕ ਕਿਸਾਨ ਦੇ ਡਿੱਗਣ ਕਾਰਨ ਸੱਟਾਂ ਵੀ ਲੱਗੀਆਂ। ਉਨ੍ਹਾਂ ਕਿਹਾ ਕਿ ਬੀਤੇ ਕੱਲ੍ਹ ਵੀ ਪ੍ਰਸ਼ਾਸ਼ਨ ਦਾ ਇਸ ਗੱਲ ’ਤੇ ਜੋਰ ਲੱਗਾ ਸੀ ਕਿ ਇਸ ਜਗ੍ਹਾ ਮੋਰਚਾ ਨਾ ਲੱਗੇ, ਪਰ ਕਿਸਾਨਾਂ ਦੇ ਰੋਹ ਅੱਗੇ ਪ੍ਰਸ਼ਾਸਨ ਨੂੰ ਝੁਕਣਾ ਪਿਆ ਅਤੇ ਮੋਰਚਾ ਲੱਗਿਆ, ਹੁਣ ਕਿਸਾਨਾਂ ਨੂੰ ਇਸ ਤਰ੍ਹਾਂ ਬਿਜਲੀ, ਪਾਣੀ ਬੰਦ ਕਰਕੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ, ਪਰ ਅਸੀ ਸੰਘਰਸ਼ ਲਗਾਤਾਰ ਤੇਜ਼ ਕਰਾਂਗੇ ਅਤੇ ਸਾਨੂੰ ਇਹ ਆਰਡੀਨੈਂਸ ਕਿਸੇ ਵੀ ਰੂਪ ’ਚ ਪ੍ਰਵਾਨ ਨਹੀਂ ਹਨ।