ਜੀ ਐਸ ਪੰਨੂ
ਪਟਿਆਲਾ, 16 ਸਤੰਬਰ 2020 - ਪੰਜਾਬੀ ਯੂਨੀਵਰਸਿਟੀ ਵਿਦਿਆਰਥੀ ਜਥੇਬੰਦੀਆਂ ਪੰਜਾਬ ਰੈਡੀਕਲ ਸਟੂਡੈਂਟਸ ਯੂਨੀਅਨ, ਆਲ ਇੰਡੀਆ ਰਿਸਰਚ ਸਕਾਲਰ ਐਸੋਸੀਏਸ਼ਨ, ਡੈਮੋਕ੍ਰੇਟਿਕ ਸਟੂਡੈਂਟਸ ਆਰਗੇਨਾਈਜ਼ੇਸ਼ਨ, ਸਟੂਡੈਂਟਸ ਆਰਗੇਨਾਈਜ਼ੇਸ਼ਨ ਆਫ ਇੰਡੀਆ, ਓਪਸ, ਸਵੈਗ ਅਤੇ ਐੱਨ.ਐੱਸ.ਯੂ.ਆਈ. ਵੱਲੋਂ ਪੰਜਾਬੀ ਯੂਨੀਰਸਿਟੀ ਪਟਿਆਲਾ ਦੇ ਅੰਦਰ ਕੇਂਦਰ ਸਰਕਾਰ ਦੁਆਰਾ ਜੰਮੂ ਕਸ਼ਮੀਰ ਵਿੱਚੋਂ ਪੰਜਾਬੀ ਭਾਸ਼ਾ ਨੂੰ ਖਤਮ ਕਰਨ ਲਈ ਲਿਆਂਦੇ ਜੰਮੂ ਕਸ਼ਮੀਰ ਭਾਸ਼ਾਵਾਂ ਬਿੱਲ 2020 ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ ।
ਇਸ ਮੌਕੇ ਓਪਸ ਤੋਂ ਜੀਤਾ ਜਤਿੰਦਰ ਸਿੰਘ,ਦੀਪ ਗਰੇਵਾਲ,ਪੀ.ਆਰ.ਐੱਸ.ਯੂ. ਦੀ ਸੂਬਾਈ ਆਗੂ ਸੰਦੀਪ ਕੌਰ, ਆਇਰਸਾ ਦੇ ਕੁਲਬੀਰ ਬਾਦਲ, ਡੀਐੱਸਓ ਦੇ ਬਲਕਾਰ, ਸਵੈਗ ਤੋਂ ਬਿੱਟੂ ਦੇਹਲਾਂ ਅਤੇ ਸੋਈ ਤੋਂ ਖੁਸ਼ਵਿੰਦਰ ਸਿੰਘ ਨੇ ਕਿਹਾ ਕਿ ਪਿਛਲੇ ਸਾਲ 5 ਅਗਸਤ ਨੂੰ ਜੰਮੂ ਕਸ਼ਮੀਰ ਤੋਂ ਧਾਰਾ 370, 35ਏ ਹਟਾ ਕੇ ਰਾਜ ਦਾ ਦਰਜਾ ਖੋਹ ਕੇ ਕੇਂਦਰ ਸ਼ਾਸਤ ਪ੍ਰਦੇਸ਼ ਬਣਾ ਦਿੱਤਾ ਗਿਆ ਹੁਣ ਉਸੇ ਦੀ ਲਗਾਤਾਰਤਾ ਤਹਿਤ ਕੇਂਦਰ ਦੀ ਫਾਸ਼ੀਵਾਦੀ ਹਕੂਮਤ ਨੇ ਜੰਮੂ ਕਸ਼ਮੀਰ ਭਾਸ਼ਾਈ ਬਿੱਲ ਚੋਂ ਪੰਜਾਬੀ ਭਾਸ਼ਾ ਨੂੰ ਬਾਹਰ ਰੱਖ ਕੇ ਇਹ ਸਾਬਤ ਕਰ ਦਿੱਤਾ ਹੈ ਕਿ ਕੇਂਦਰ ਦੀ ਸਰਕਾਰ ਤਾਕਤਾਂ ਦਾ ਕੇਂਦਰੀਕਰਨ ਕਰ ਰਹੀ ਹੈ ਅਤੇ ਘੱਟ ਗਿਣਤੀਆਂ ਦੇ ਖ਼ਿਲਾਫ਼ ਹੈ । ਅਸੀਂ ਇਸ ਦੇ ਖਿਲਾਫ ਹਾਂ ਜੰਮੂ ਕਸ਼ਮੀਰ ਵਿੱਚ ਧਾਰਾ 370, 35 ਏ ਬਹਾਲ ਕਰਕੇ ਪੰਜਾਬੀ ਭਾਸ਼ਾ ਨੂੰ ਜੰਮੂ ਕਸ਼ਮੀਰ ਭਾਸ਼ਾਈ ਬਿਲ 2020 ਵਿੱਚ ਸ਼ਾਮਲ ਕੀਤਾ ਜਾਵੇ।
ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਲਿਆਂਦੇ ਖੇਤੀ ਆਰਡੀਨੈਂਸਾਂ ਨੂੰ ਤੁਰੰਤ ਵਾਪਸ ਲਿਆ ਜਾਵੇ ਤੇ ਅਸੀਂ ਦੇਸ਼ ਭਰ ਵਿੱਚ ਚੱਲ ਰਹੇ ਕਿਸਾਨ ਅੰਦੋਲਨਾਂ ਦੀ ਹਮਾਇਤ ਕਰਦੇ ਹਾਂ । ਵਿਦਿਆਰਥੀਆਂ ਨੇ ਕੇਂਦਰ ਸਰਕਾਰ ਦੇ ਦਿਸ਼ਾ ਨਿਰਦੇਸ਼ ਹੇਠ ਵਿਦਿਆਰਥੀ ਆਗੂਆਂ ਬੁੱਧੀਜੀਵੀਆਂ ਨੂੰ ਯੂ.ਏ.ਪੀ.ਏ. ਤਹਿਤ ਝੂਠੇ ਦੋਸ਼ਾਂ ਤਹਿਤ ਗ੍ਰਿਫ਼ਤਾਰ ਕਰਨ ਦੀ ਨਿਖੇਧੀ ਕੀਤੀ ਅਤੇ ਇਨ੍ਹਾਂ ਤਮਾਮ ਸਿਆਸੀ ਕਰਦਿਆਂ ਨਾਲ ਰਿਹਾਅ ਕਰਨ ਦੀ ਮੰਗ ਕੀਤੀ ।