ਫਿਰੋਜ਼ਪੁਰ 16 ਸਤੰਬਰ 2020 - ਕੋਰੋਨਾ ਮਹਾਂਮਾਰੀ ਦੇ ਕਾਰਨ ਡੀਸੀ ਵੱਲੋਂ ਇਕੱਠ ਕਰਨ 'ਤੇ ਪਾਬੰਦੀ ਲਗਾਈ ਹੋਈ ਹੈ, ਪਰ ਇਸ ਦੇ ਬਾਵਜੂਦ ਸੈਂਕੜੇ ਕਿਸਾਨਾਂ ਵੱਲੋਂ ਇਕੱਠ ਕਰਕੇ ਧਰਨਾ ਲਗਾਉਣ 'ਤੇ ਉਨ੍ਹਾਂ ਖਿਲਾਫ ਆਈਪੀਸੀ ਦੀਆਂ ਵੱਖ ਵੱਖ ਧਾਰਾਵਾਂ ਤਹਿਤ ਥਾਣਾ ਮੱਖੂ ਦੀ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਸਬ ਇੰਸਪੈਕਟਰ ਲਾਲ ਸਿੰਘ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਲਾਅ ਐਂਡ ਆਰਡਰ ਡਿਊਟੀ ਦੇ ਸਬੰਧ ਵਿਚ ਬੰਗਾਲੀ ਵਾਲਾ ਪੁਲ ਦਾਖਲੀ ਤਲਵੰਡੀ ਨਿਪਾਲਾਂ ਵਿਖੇ ਮੌਜ਼ੂਦ ਸੀ ਤਾਂ ਦੋਸ਼ੀਅਨ ਸਤਨਾਮ ਸਿੰਘ ਪੰਨੂ ਪੰਜਾਬ ਪ੍ਰਧਾਨ ਸੰਘਰਸ਼ ਕਮੇਟੀ, ਜਸਵੀਰ ਸਿੰਘ ਪਿੱਦੀ ਮੀਤ ਪ੍ਰਧਾਨ ਸੰਘਰਸ਼ ਕਮੇਟੀ, ਇੰਦਰਜੀਤ ਸਿੰਘ ਕੱਲੀਵਾਲਾ ਪੁੱਤਰ ਕਰਤਾਰ ਸਿੰਘ ਜ਼ਿਲ੍ਹਾ ਪ੍ਰਧਾਨ ਸੰਘਰਸ਼ ਕਮੇਟੀ ਵਾਸੀ ਵੱਡੀਆਂ ਚੱਕੀਆਂ, ਸਾਹਿਬ ਸਿੰਘ ਪੁੱਤਰ ਬਹਾਵ ਸਿੰਘ ਵਾਸੀ ਦੀਨੇਕੇ, ਅੰਗਰੇਜ਼ ਸਿੰਘ ਵਾਸੀ ਬੂਟੇ ਵਾਲਾ, ਜਸਵਿੰਦਰ ਸਿੰਘ ਪੱਪੂ ਅਤੇ 11 ਹੋਰ ਨਾਮਜ਼ਦ ਵਿਅਕਤੀ ਅਤੇ 500-600 ਕਿਸਾਨਾਂ ਨੇ ਕੇਂਦਰ ਸਰਕਾਰ ਵੱਲੋਂ ਜਾਰੀ ਕਿਸਾਨ ਆਰਡੀਨੈਂਸ ਦੇ ਵਿਰੋਧ ਵਿਚ ਬੰਗਾਲੀ ਵਾਲਾ ਪੁਲ ਐੱਨਐੱਚ 54 ਰੋਡ ਸਾਰੇ ਪਾਸਿਓਂ ਟਰੈਕਟਰ ਟਰਾਲੀਆਂ ਲਗਾ ਕੇ ਟਰੈਫਿਕ ਜਾਮ ਕੀਤਾ ਹੋਇਆ ਸੀ ਤੇ ਰੋਡ ਵਿਚ ਟੈਂਟ ਤੰਬੂ ਲਗਾ ਕੇ ਲਗਾਤਾਰ ਧਰਨੇ 'ਤੇ ਬੈਠੇ ਧਰਨਾਕਾਰੀਆਂ ਨੂੰ ਡਿਊਟੀ ਮੈਜਿਸਟਰੇਟ ਅਤੇ ਮਹਿਕਮਾ ਪੁਲਿਸ ਦੇ ਆਹਲਾ ਅਫਸਰਾਨ ਵੱਲੋਂ ਸਮਝਾਇਆ ਗਿਆ ਪਰ ਧਰਨਾਕਾਰੀ ਧਰਨੇ 'ਤੇ ਬਜਿੱਦ ਰਹੇ। ਧਰਨਾਕਾਰੀਆਂ ਨੇ ਕੋਰੋਨਾ ਮਹਾਂਮਾਰੀ ਤੋਂ ਬਚਾਅ ਲਈ ਮਾਸਕ ਵੀ ਨਹੀਂ ਪਾਏ ਹੋਏ ਸਨ ਤੇ ਸਮਾਜਿਕ ਦੂਰੀ ਵੀ ਨਹੀਂ ਬਣਾ ਕੇ ਰੱਖੀ ਹੋਈ ਸੀ ਅਤੇ ਧਰਨਾਕਾਰੀਆਂ ਵੱਲੋਂ ਬਿਨ੍ਹਾ ਕੋਈ ਮਨਜ਼ੂਰੀ ਹਾਸਲ ਕੀਤੇ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਹੁਕਮਾਂ ਦੀ ਉਲੰਘਣਾ ਕਰਦੇ ਹੋਏ ਭਾਰੀ ਇਕੱਠ ਕੀਤਾ ਗਿਆ। ਪੁਲਿਸ ਨੇ ਦੱਸਿਆ ਕਿ ਇਸ ਮਾਮਲੇ ਵਿਚ ਸੈਂਕੜੇ ਕਿਸਾਨਾਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।