- ਤਿੰਨ ਡੀਸੀ ਦਫਤਰਾਂ ਫਿਰੋਜ਼ਪੁਰ, ਤਰਨਤਾਰਨ, ਅੰਮ੍ਰਿਤਸਰ 10ਵੇਂ ਦਿਨ ਵੀ ਜੇਲ੍ਹ ਭਰੋ ਮੋਰਚਾ ਜਾਰੀ
ਫਿਰੋਜ਼ਪੁਰ, 16 ਸਤੰਬਰ 2020 - ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਅੱਜ ਲੋਕ ਸਭਾ ਵਿਚ ਆਰਡੀਨੈਂਸ ਪਾਸ ਕਰਨ ਵਾਲੀ ਮੋਦੀ ਸਰਕਾਰ ਦੇ ਵਿਰੋਧ ਵਿਚ ਹਜ਼ਾਰਾਂ ਕਿਸਾਨ, ਮਜ਼ਦੂਰਾਂ, ਬੀਬੀਆਂ ਵੱਲੋਂ ਹਰੀਕੇ ਹੈੱਡ ਵਰਕਸ 'ਤੋਂ ਲੰਘਦੇ ਨੈਸ਼ਨਲ ਹਾਈਵੇ ਦੀਆਂ ਦੋਵਾਂ ਸੜਕਾਂ 'ਤੇ ਲੱਗੇ ਪੱਕੇ ਮੋਰਚੇ ਤੀਜੇ ਦਿਨ ਵੀ ਲਗਾਤਾਰ ਜਾਰੀ ਰਹੇ। ਅੰਦੋਲਨਕਾਰੀਆਂ ਨੇ ਮੋਦੀ ਸਰਕਾਰ ਵੱਲੋਂ ਪੰਜਾਬ ਤੇ ਦੇਸ਼ ਭਰ ਵਿਚ ਹੋ ਰਹੇ ਭਾਰੀ ਵਿਰੋਧ ਦੇ ਬਾਵਜੂਦ ਕਾਰਪੋਰੇਟਾਂ ਦੇ ਹੱਕ ਵਿਚ ਭੁਗਤ ਦਿਆਂ ਜ਼ਰੂਰੀ ਵਸਤਾਂ ਨਿਯਮ 1955 ਸੋਧ ਬਿਲ 2020 ਲੋਕ ਸਭਾ ਵਿਚ ਪਾਸ ਕਰਵਾਉਣ ਦੀ ਨਿਖੇਧੀ ਕੀਤੀ। ਜੋਨ ਪ੍ਰਧਾਨ ਸਤਵਿੰਦਰ ਸਿੰਘ ਕਾਲੇਸ਼ਾਹ ਦੀ ਬਿਮਾਰੀ ਕਾਰਨ ਬੇਵਕਤੀ ਮੌਤ ਉਤੇ ਸ਼ੌਕ ਮਤਾ ਪਾਸ ਕੀਤਾ ਗਿਆ ਤੇ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ। ਜੇਲ ਭਰੇ ਮੋਰਚਾ ਤਿੰਨ ਡੀਸੀ ਦਫਤਰਾਂ ਜਿਵੇਂ ਫਿਰੋਜ਼ਪੁਰ, ਤਰਨਤਾਰਨ, ਅੰਮ੍ਰਿਤਸਰ ਵਿਚ 10ਵੇਂ ਦਿਨ ਵੀ ਲਗਾਤਾਰ ਜਾਰੀ ਹੈ। ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂੰ, ਮੀਤ ਪ੍ਰਧਾਨ ਜਸਬੀਰ ਸਿੰਘ ਪਿੱਦੀ, ਜ਼ਿਲ੍ਹਾ ਪ੍ਰਧਾਨ ਇੰਦਰਜੀਤ ਸਿੰਘ ਬਾਠ, ਰਣਬੀਰ ਸਿੰਘ ਠੱਠਾ, ਗੁਰਲਾਲ ਸਿੰਘ ਪੰਡੋਰੀ ਰਣ ਸਿੰਘ, ਸਲਵਿੰਦਰ ਸਿੰਘ ਜਾਣੀਆਂ, ਮੇਹਰ ਸਿੰਘ ਤਲਵੰਡੀ, ਸੁਰਿੰਦਰ ਸਿੰਘ ਫਾਜ਼ਿਲਕਾ ਤੇ ਗੁਰਦੇਵ ਸਿੰਘ ਮੋਗਾ ਨੇ ਮੋਰਚੇ ਨੂੰ ਪੱਕਾ ਮੁਲਤਵੀ ਕਰਨ ਦਾ ਐਲਾਨ ਕਰਦਿਆਂ ਕੇਂਦਰੀ ਮੰਤਰੀਆਂ ਦੇ ਘਿਰਾਉ ਕਰਨ ਜਾਂ ਦਿੱਲੀ ਵੱਲ ਕਿਸਾਨ ਮਾਰਚ ਕਰਨ ਦੀ ਰੂਪ ਰੇਖਾ ਉਲੀਕਣ ਲਈ 17 ਸਤੰਬਰ ਨੂੰ 11 ਵਜੇ ਸੂਬਾ ਕੋਰ ਕਮੇਟੀ ਦੀ ਮੀਟਿੰਗ ਸੱਦੀ ਗਈ ਹੈ। ਇਹ ਫੈਸਲਾਂ ਯਾਤਰੂਆਂ ਦੀ ਹੋ ਰਹੀ ਖੱਜਲ ਖੁਆਰੀ ਤੇ ਪ੍ਰੇਸ਼ਾਨੀ ਨੂੰ ਵੇਖਦਿਆਂ ਕੀਤਾ ਗਿਆ ਹੈ। ਕਿਸਾਨ ਆਗੂਆਂ ਨੇ ਮੋਦੀ ਸਰਕਾਰ ਵੱਲੋਂ ਕਾਰਪੋਰੇਟ ਜਗਤ ਅੱਗੇ ਗੋਡੇ ਟੋਕੇ ਪੰਜਾਬ ਤੇ ਦੇਸ਼ ਦੇ ਕਿਸਾਨਾਂ ਦੇ ਰੋਹ ਦੀ ਪ੍ਰਵਾਹ ਨਾ ਕਰਦਿਆਂ ਲੋਕ ਸਭਾ ਵਿਚ ਜ਼ਰੂਰੀ ਵਸਤਾਂ ਨਿਯਮ 1955 ਸੋਧ ਆਰਡੀਨੈਂਸ 2020 ਪਾਸ ਕਰ ਦਿੱਤਾ ਹੈ। ਜਿਸ ਨਾਲ ਵਪਾਰੀਆਂ ਨੂੰ ਅਨਾਜ ਦਾ ਸਟਾਕ ਕਰਨ, ਕਿਸਾਨਾਂ ਤੇ ਖਪਤਕਾਰਾਂ ਦੀ ਲੁੱਟ ਕਰਨ ਦਾ ਕਾਨੂੰਨੀ ਹੱਕ ਮਿਲ ਗਿਆ ਹੈ। ਇਸ ਲਈ ਪੰਜਾਬ ਤੇ ਦੇਸ਼ ਦੇ ਕਿਸਾਨ ਮੋਦੀ ਸਰਕਾਰ ਨੂੰ ਕਦੇ ਮੁਆਫ ਨਹੀਂ ਕਰਨਗੇ ਤੇ ਸੰਘਰਸ਼ ਨੂੰ ਹੋਰ ਪ੍ਰਚੰਡ ਕੀਤਾ ਜਾਵੇਗਾ। ਕਿਸਾਨ ਆਗੂਆਂ ਨੇ ਅੰਦੋਲਨਕਾਰੀਆਂ 'ਤੇ ਕੋਰੋਨਾ ਦੀ ਆੜ ਹੇਠ ਪਰਚੇ ਦਰਜ ਕਰਨ ਦੀ ਸਖਤ ਨਿਖੇਧੀ ਕਰਦਿਆਂ ਉਕਤ ਪਰਚੇ ਰੱਦ ਕਰਨ ਦੀ ਮੰਗ ਕੀਤੀ ਤੇ ਉਕਤ ਤਿੰਨੇ ਖੇਤੀ ਆਰਡੀਨੈਂਸ ਤੇ ਬਿਜਲੀ ਸੋਧ ਬਿੱਲ 2020 ਰੱਦ ਕਰਨ, ਕਿਸਾਨਾਂ, ਮਜ਼ਦੂਰਾਂ ਦਾ ਸਮੁੱਚਾ ਕਰਜ਼ਾ ਖਤਮ ਕਰਨ, ਡਾ. ਸੁਆਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰਨ ਦੀ ਮੰਗ ਕੀਤੀ। ਇਸ ਮੌਕੇ ਅਜੀਤ ਸਿੰਘ ਚੱਬਾ, ਸੁਖਵਿੰਦਰ ਸਿੰਘ ਦੁੱਗਲਵਾਲਾ, ਗੁਰਸਾਹਿਬ ਸਿੰਘ ਪਹੂਵਿੰਡ, ਰੇਸ਼ਮ ਸਿੰਘ ਘੁਰਕਵਿੰਡ, ਸਰਵਨ ਸਿੰਘ ਬਾਊਪੁਰ, ਸਾਹਿਬ ਸਿੰਘ ਦੀਨੇਕੇ, ਅਮਨਦੀਪ ਸਿੰਘ ਕੱਚਰਭੰਨ, ਬਲਜਿੰਦਰ ਸਿੰਘ ਤਲਵੰਡੀ, ਨਰਿੰਦਰਪਾਲ ਸਿੰਘ ਬਤਾਲਾ, ਸੁਰਿੰਦਰ ਸਿੰਘ ਘੁੱਦੂਵਾਲਾ, ਰਸ਼ਪਾਲ ਸਿੰਘ ਗੱਟਾ ਬਾਦਸ਼ਾਹ, ਬਲਵਿੰਦਰ ਸਿੰਘ ਲੋਹੁਕਾ, ਖਿਲਾਰਾ ਸਿੰਘ ਆਸਲ, ਗੁਰਨਾਮ ਸਿੰਘ ਅਲੀਕੇ, ਰਣਜੀਤ ਸਿੰਘ ਖੱਚਰਵਾਲਾ, ਗੁਰਬਖਸ਼ ਸਿੰਘ ਪੰਜਗਰਾਈ, ਮੇਜਰ ਸਿੰਘ ਗਜਨੀਵਾਲਾ, ਹਰਬੰਸ ਸਿੰਘ ਮੋਗਾ, ਅੰਗਰੇਜ਼ ਸਿੰਘ ਬੂਟੇਵਾਲਾ, ਗੁਰਮੇਲ ਸਿੰਘ ਫੱਤੇਵਾਲਾ, ਲਖਵਿੰਦਰ ਸਿੰਘ ਬਸਤੀ ਨਾਮਦੇਵ, ਗੁਰਭੇਜ ਸਿੰਘ ਫੇਮੀਵਾਲਾ, ਹਰਫੂਲ ਸਿੰਘ, ਬਚਿੱਤਰ ਸਿੰਘ ਮੱਲਾਂਵਾਲਾ, ਨਿਰਮਲ ਸਿੰਘ ਭੂਪੇਵਾਲਾ ਆਦਿ ਆਗੂਆਂ ਨੇ ਸੰਬੋਧਨ ਕੀਤਾ।