- ਭਾਸ਼ਣ, ਕਵੀ ਦਰਬਾਰ, ਗੀਤ-ਸੰਗੀਤ ਅਤੇ 1 ਨਵੰਬਰ ਮੇਲੇ ਦੀ ਸ਼ਾਮ : ਨਾਟਕਾਂ ਦੇ ਨਾਮ
ਜਲੰਧਰ, 23 ਸਤੰਬਰ 2020 - ਦੇਸ਼ ਭਗਤ ਯਾਦਗਾਰ ਕਮੇਟੀ ਦੇ ਸੱਭਿਆਚਾਰਕ ਵਿੰਗ ਦੀ ਮੀਟਿੰਗ ਨੇ ਅੱਜ ਫੈਸਲਾ ਕੀਤਾ ਹੈ ਕਿ 1 ਨਵੰਬਰ ਨੂੰ ਗ਼ਦਰ ਪਾਰਟੀ ਦੇ ਬਾਨੀ ਪ੍ਰਧਾਨ ਬਾਬਾ ਸੋਹਨ ਸਿੰਘ ਭਕਨਾ ਨੂੰ ਸਮਰਪਿਤ ਇੱਕ ਰੋਜ਼ਾ ਮੇਲਾ ਗੰਭੀਰ ਅਤੇ ਮੁੱਲਵਾਨ ਭਾਸ਼ਣਾਂ, ਗੀਤ-ਸੰਗੀਤ, ਕਵੀ ਦਰਬਾਰ, ਪੁਸਤਕ ਪ੍ਰਦਰਸ਼ਨੀ ਅਤੇ ਪ੍ਰਭਾਵਸ਼ਾਲੀ ਨਾਟਕਾਂ ਦੇ ਵੰਨ-ਸੁਵੰਨੇ ਨਾਟਕਾਂ ਦਾ ਗੁਲਦਸਤਾ ਹੋਵੇਗਾ 29ਵਾਂ ਮੇਲਾ ਗ਼ਦਰੀ ਬਾਬਿਆਂ ਦਾ।
ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ ਦੀ ਪ੍ਰਧਾਨਗੀ 'ਚ ਹੋਈ ਸੱਭਿਆਚਾਰਕ ਵਿੰਗ ਦੀ ਮੀਟਿੰਗ ਦੇ ਫੈਸਲੇ ਪ੍ਰੈਸ ਨਾਲ ਸਾਂਝੇ ਕਰਦਿਆਂ ਕਮੇਟੀ ਦੇ ਜਨਰਲ ਸਕੱਤਰ ਗੁਰਮੀਤ ਅਤੇ ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਦੱਸਿਆ ਕਿ ਮੇਲੇ 'ਚ ਕਮੇਟੀ ਮੈਂਬਰ ਸੁਰਿੰਦਰ ਜਲਾਲਦੀਵਾਲ, ਗ਼ਦਰ ਪਾਰਟੀ ਦਾ ਝੰਡਾ ਲਹਿਰਾਉਣਗੇ। ਇਸ ਉਪਰੰਤ ਅਮੋਲਕ ਸਿੰਘ ਦਾ ਲਿਖਿਆ ਝੰਡੇ ਦਾ ਗੀਤ, ਸੰਗੀਤ-ਨਾਟ ਵਿਧਾ 'ਚ ਪੇਸ਼ ਹੋਵੇਗਾ।
ਡਾ. ਸਵਰਾਜਬੀਰ ਅਤੇ ਡਾ. ਦਵਿੰਦਰ ਸ਼ਰਮਾ, ਮੇਲੇ 'ਚ ਮੁੱਖ ਵਕਤਾ ਹੋਣਗੇ। ਉਹਨਾਂ ਦੀਆਂ ਸਾਰਥਕ ਤਕਰੀਰਾਂ ਸਮੇਂ ਦੀਆਂ ਤਿੱਖੀਆਂ ਚੁਣੌਤੀਆਂ, ਗ਼ਦਰ ਪਾਰਟੀ ਦੀ ਵਿਰਾਸਤ ਅਤੇ ਸਾਡੇ ਫ਼ਰਜ਼ਾਂ ਦੀ ਗੱਲ ਛੇੜਨਗੀਆਂ।
ਇਨਕਲਾਬੀ ਕਵੀਸ਼ਰੀ ਜੱਥਾ ਰਸੂਲਪੁਰ, ਲੋਕ ਸੰਗੀਤ ਮੰਡਲੀ ਭਦੌੜ, ਸੋਲੋ ਗੀਤ, ਕਵੀ ਦਰਬਾਰ, ਸੋਵੀਨਾਰ ਅਤੇ ਪੁਸਤਕਾਂ ਲੋਕ ਅਰਪਣ ਕਰਨ ਤੋਂ ਇਲਾਵਾ ਕੋਰਿਓਗ੍ਰਾਫੀਆਂ ਪੇਸ਼ ਕੀਤੀਆਂ ਜਾਣਗੀਆਂ।
ਮੇਲੇ ਦਾ ਆਕਰਸ਼ਣ ਚੰਡੀਗੜ੍ਹ ਸਕੂਲ ਆਫ਼ ਡਰਾਮਾ, ਏਕੱਤਰ (ਗੁਰਸ਼ਰਨ ਸਿੰਘ), ਨਾਟਿਯਮ ਅਭਿਨੇਤਾ ਦਾ ਰੰਗ-ਮੰਚ ਬਠਿੰਡਾ, ਕੀਰਤੀ ਕਿਰਪਾਲ (ਗੁਰਮੀਤ ਕੜਿਆਲਵੀ), ਅਦਾਕਾਰ ਮੰਚ ਮੁਹਾਲੀ (ਨਿਰਦੇਸ਼ਕ-ਨਾਟਕਕਾਰ; ਡਾ. ਸਾਹਿਬ ਸਿੰਘ), ਸੁਚੇਤਕ ਰੰਗ ਮੰਚ ਮੁਹਾਲੀ, ਅਨੀਤਾ ਸ਼ਬਦੀਸ਼ (ਸ਼ਬਦੀਸ਼), ਮੰਚ ਰੰਗ ਮੰਚ ਅੰਮ੍ਰਿਤਸਰ (ਨਿਰਦੇਸ਼ਕ, ਨਾਟਕਕਾਰ : ਕੇਵਲ ਧਾਲੀਵਾਲ) ਦੀ ਕਲਮ ਤੋਂ ਲਿਖੇ ਅਤੇ ਨਿਰਦੇਸ਼ਤ ਮੇਲੇ ਦੀ ਭਾਵਨਾ ਅਤੇ ਵਕਤ ਦੇ ਹਾਣੀ ਨਾਟਕ ਹੋਣਗੇ।
ਜਿਕਰਯੋਗ ਹੈ ਕਿ ਮੇਲੇ ਦੀ ਪੂਰਵ ਸੰਧਿਆ 'ਤੇ 31 ਅਕਤੂਬਰ ਸ਼ਾਮ ਨੂੰ ਪੀਪਲਜ਼ ਵਾਇਸ ਵੱਲੋਂ ਫ਼ਿਲਮ ਸ਼ੋਅ ਹੋਏਗਾ।
ਸੱਭਿਆਚਾਰਕ ਵਿੰਗ ਦੀ ਮੀਟਿੰਗ ਪਾਸ ਮਤਿਆਂ ਰਾਹੀਂ ਖੇਤੀ ਬਿੱਲਾਂ (ਆਰਡੀਨੈਂਸਾਂ) ਖ਼ਿਲਾਫ਼ ਚੱਲ ਰਹੇ ਕਿਸਾਨ ਘੋਲ ਅਤੇ ਪੰਜਾਬ ਬੰਦ ਦੀ ਹਮਾਇਤ ਕੀਤੀ ਗਈ। ਮਜ਼ਦੂਰਾਂ ਅਤੇ ਲੇਬਰ ਕੋਰਟਾਂ ਉੱਪਰ ਕਾਲੇ ਕਾਨੂੰਨਾਂ ਰਾਹੀਂ ਬੋਲੇ ਹੱਲੇ ਦੀ ਆਲੋਚਨਾ ਕਰਦਿਆਂ ਇਹ ਕਾਨੂੰਨ ਅਤੇ ਖੇਤੀ ਬਿੱਲ (ਆਰਡੀਨੈਂਸ) ਵਾਪਸ ਲੈਣ ਦੀ ਮੰਗ ਕੀਤੀ ਗਈ।
ਮੇਲੇ ਵਾਲੇ ਦਿਨ ਦੇਸ਼ ਭਗਤ ਯਾਦਗਾਰ ਹਾਲ ਦੇ ਸਮੁੱਚੇ ਵਿਹੜੇ ਨੂੰ 'ਗ਼ਦਰੀ ਬਾਬਾ ਸੋਹਨ ਸਿੰਘ ਭਕਨਾ ਨਗਰ' ਦਾ ਨਾਮ ਦਿੱਤਾ ਜਾਵੇਗਾ।