ਜਗਮੀਤ ਸਿੰਘ
- ਕੋਵਿਡ 19 ਨੂੰ ਮੁੱਖ ਰੱਖਦਿਆਂ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਨ ਦੀ ਕੀਤੀ ਅਪੀਲ
ਭਿੱਖੀਵਿੰਡ, 23 ਸਤੰਬਰ 2020 - ਅਮਰ ਸ਼ਹੀਦ ਭਾਈ ਤਾਰੂ ਸਿੰਘ ਪੂਹਲਾ ਜੀ ਦੇ 300 ਸਾਲਾ ਜਨਮ ਸ਼ਤਾਬਦੀ ਮਨਾਉਣ ਮੌਕੇ ਮੇਲੇ ਵਿਚ ਹਾਜਰੀ ਭਰਨ ਵਾਲੀਆਂ ਸੰਗਤਾਂ ਦੀਆਂ ਕਾਰਾਂ, ਜੀਪਾਂ, ਟਰੈਕਟਰ-ਟਰਾਲੀਆਂ, ਟਰੱਕਾਂ, ਮੋਟਰਸਾਈਕਲ, ਸਾਈਕਲ ਆਦਿ ਵਾਹਨਾਂ ਲਈ ਪਾਰਕਿੰਗ, ਜੋੜਾ ਘਰ, ਦੀਵਾਨ ਹਾਲ ਲਈ ਸਟੇਜ, ਲੰਗਰਾਂ ਦਾ ਯੋਗ ਪ੍ਰਬੰਧ ਕਰਨ ਲਈ ਇਕ ਵਿਸ਼ੇਸ਼ ਮੀਟਿੰਗ ਗੁਰਦੁਆਰਾ ਜਨਮ ਅਸਥਾਨ ਸ਼ਹੀਦ ਭਾਈ ਤਾਰੂ ਸਿੰਘ ਪਿੰਡ ਪੂਹਲਾ ਵਿਖੇ ਹੋਈ। ਮੀਟਿੰਗ ਦੌਰਾਨ ਐਸਜੀਪੀਸੀ ਦੇ ਅੰਤਰਿੰਗ ਕਮੇਟੀ ਮੈਂਬਰ ਭਾਈ ਮੁਖਵਿੰਦਰ ਸਿੰਘ, ਭਾਈ ਮਨਜੀਤ ਸਿੰਘ, ਭਾਈ ਅਜੈਬ ਸਿੰਘ ਅਭਿਆਸੀ, ਬਾਬਾ ਨਿਰਮਲ ਸਿੰਘ ਨੋਸ਼ਹਿਰਾ ਢਾਲਾ, ਧਰਮ ਪ੍ਰਚਾਰ ਕਮੇਟੀ ਮੈਂਬਰ ਸੁਖਵਰਸ਼ ਸਿੰਘ, ਬੀੜ ਬਾਬਾ ਬੁੱਢਾ ਸਾਹਿਬ ਦੇ ਮੈਨੇਜਰ ਸਤਨਾਮ ਸਿੰਘ, ਸੁਖਦੇਵ ਸਿੰਘ ਭੂਰਾ ਸਹਾਇਕ ਸਕੱਤਰ, ਲੋਕਲ ਗੁਰਦੁਆਰਾ ਸਾਹਿਬ ਦੇ ਮੈਨੇਜਰ ਜਗੀਰ ਸਿੰਘ ਸਿੰਘਪੁਰਾ, ਮੈਨੇਜਰ ਹਰਦੀਪ ਸਿੰਘ ਪੂਹਲਾ, ਜਥੇਦਾਰ ਪਿਆਰਾ ਸਿੰਘ, ਬੀਬੀ ਕੌਲ਼ਾ ਜੀ ਭਲਾਈ ਕੇਂਦਰ ਟਰੱਸਟ ਦੇ ਸੇਵਾਦਾਰ ਭਾਈ ਹਰਮਿੰਦਰ ਸਿੰਘ, ਸੁਪਰਵਾਈਜਰ ਬੂਟਾ ਸਿੰਘ, ਮੀਤ ਸਕੱਤਰ ਹਰਜੀਤ ਸਿੰਘ ਲਾਲੂਘੁੰਮਣ, ਸਰਪੰਚ ਸੁਖਵੰਤ ਸਿੰਘ ਪੂਹਲਾ, ਪ੍ਰਿਥੀਪਾਲ ਸਿੰਘ, ਸੁਖਵਿੰਦਰ ਸਿੰਘ ਪੰਡੋਰੀ, ਗੁਰਮੀਤ ਸਿੰਘ ਸੁਪਰਵਾਈਜਰ, ਸੁਖਦੀਪ ਸਿੰਘ ਸੋਹਲ, ਰੰਗਾ ਸਿੰਘ ਬਿਜਲੀ ਵਾਲੇ, ਪੰਚ ਹਰਜੀਤ ਸਿੰਘ ਪੂਹਲਾ, ਡਾ.ਹਰਪਾਲ ਸਿੰਘ ਸਮੇਤ ਵੱਡੀ ਤਾਦਾਤ ਵਿਚ ਇਲਾਕੇ ਦੇ ਮੋਹਤਬਾਰ ਵਿਅਕਤੀ ਹਾਜਰ
ਹੋਏ। ਮੇਲੇ ਸੰਬੰਧੀ ਜਾਣਕਾਰੀ ਦਿੰਦਿਆਂ ਮੈਨੇਜਰ ਜਗੀਰ ਸਿੰਘ ਸਿੰਘਪੁਰਾ ਨੇ ਕਿਹਾ ਕਿ 8 ਅਕਤੂਬਰ ਨੂੰ ਸਵੇਰੇ ਸਮੇਂ ਅੰਮ੍ਰਿਤ ਸੰਚਾਰ ਸਮਾਗਮ ਹੋਵੇਗਾ ਅਤੇ ਰਾਤ ਸਮੇਂ ਧਾਰਮਿਕ ਦੀਵਾਨ ਸੱਜਣਗੇ, ਜਿਸ ਵਿਚ ਪੰਥ ਪ੍ਰਸਿੱਧ ਧਾਰਮਿਕ ਸ਼ਖਸੀਅਤਾਂ, ਰਾਗੀ ਜਥੇ, ਕਵੀਸ਼ਰੀ ਤੇ ਢਾਡੀ ਜਥੇ, ਪ੍ਰਚਾਰਕ ਪਹੁੰਚ ਕੇ ਗੁਰੂ ਇਤਿਹਾਸ ਨਾਲ ਸੰਗਤਾਂ ਨੂੰ ਨਿਹਾਲ ਕਰਨਗੇ।
ਮੀਟਿੰਗ ਦੌਰਾਨ ਮੇਲਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੇ ਰਹਿਣ ਦਾ ਯੋਗ ਪ੍ਰਬੰਧ, ਲੰਗਰ ਦਾ ਪ੍ਰਬੰਧ, ਵਾਹਨਾਂ ਲਈ ਪਾਰਕਿੰਗ ਆਦਿ ਦਾ ਪ੍ਰਬੰਧ ਕਰਨ ਲਈ ਸੰਗਤਾਂ ਦੀਆਂ ਡਿਊਟੀ ਲਗਾਈਆਂ ਗਈਆਂ। ਇਸ ਤੋਂ ਇਲਾਵਾ ਕੋਵਿਡ 19 ਨੂੰ ਮੁੱਖ ਰੱਖਦਿਆਂ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਨ ਦੇ ਵੀ ਨਿਰਦੇਸ਼ ਦਿੱਤੇ ਗਏ ਤਾਂ ਜੋ ਮੇਲੇ ਨੂੰ ਸ਼ਰਧਾ-ਭਾਵਨਾ ਨਾਲ ਮਨਾਉਣ ਦੇ ਨਾਲ-ਨਾਲ ਕੋਰੋਨਾ ਮਹਾਂਮਾਰੀ ਨੂੰ ਰੋਕਣ ਲਈ ਯੋਗ ਪ੍ਰਬੰਧ ਕੀਤੇ ਜਾ ਸਕਣ।