ਰਾਜਵੰਤ ਸਿੰਘ
ਸ੍ਰੀ ਮੁਕਤਸਰ ਸਾਹਿਬ, 24 ਸਤੰਬਰ 2020 - ਮਜ਼ਦੂਰਾਂ ਨੂੰ ਰੋਜੀ-ਰੋਟੀ ਕਮਾਉਣ ਲਈ ਲੱਕ ਤੋੜਵੀਂ ਮਿਹਨਤ ਹਮੇਸ਼ਾ ਹੀ ਕਰਨੀ ਪੈਂਦੀ ਹੈ ਤੇ ਜਿੱਥੇ-ਕਿਤੇ ਵੀ ਕੰਮ ਮਿਲਦਾ ਹੈ, ਉਹ ਜਾ ਕੇ ਕਰਦੇ ਹਨ ਅਤੇ ਕਈ ਵਾਰ ਤਾਂ ਉਨ੍ਹਾਂ ਨੂੰ ਆਪਣੇ ਘਰ ਛੱਡਣ ਲਈ ਵੀ ਮਜਬੂਰ ਹੋਣਾ ਪੈ ਜਾਂਦਾ ਹੈ। ਇਸ ਦੀ ਮਿਸਾਲ ਇਹਨਾਂ ਦਿਨਾਂ ਵਿਚ ਉਹਨਾਂ ਮਜਦੂਰ ਲੋਕਾਂ ਤੋਂ ਮਿਲਦੀ ਹੈ, ਜੋ ਇਸ ਵੇਲੇ ਨਰਮਾ ਚੁੱਗਣ ਲਈ ਗੁਆਂਢੀ ਸੂਬੇ ਰਾਜਸਥਾਨ ਵੱਲ ਕਾਫਲੇ ਬਣਾ ਕੇ ਵਹੀਰਾਂ ਘੱਤੀ ਜਾਂਦੇ ਹਨ। ਮਾਲਵਾ ਖੇਤਰ ਦੇ ਚਰਚਿਤ ਜ਼ਿਲ੍ਹੇ ਸ੍ਰੀ ਮੁਕਤਸਰ ਸਾਹਿਬ ਦੀ ਜੇਕਰ ਗੱਲ ਕਰੀਏ ਤਾਂ ਹੁਣ ਤੱਕ ਉਕਤ ਜ਼ਿਲ੍ਹੇ ਵਿੱਚੋਂ ਰਾਜਸਥਾਨ ਵਿੱਚ ਨਰਮਾ ਚੁੱਗਣ ਲਈ ਸੈਂਕੜੇ ਮਜ਼ਦੂਰ ਜਾ ਚੁੱਕੇ ਹਨ ਤੇ ਅਨੇਕਾਂ ਅਜੇ ਜਾ ਰਹੇ ਹਨ। ਮਜਦੂਰ ਜਿੱਥੇ ਟਰੈਕਟਰ-ਟਰਾਲੀਆਂ ’ਤੇ ਰਾਜਸਥਾਨ ਨੂੰ ਜਾ ਰਹੇ ਹਨ, ਉਥੇ ਟੈਪੂਆਂ ਅਤੇ ਹੋਰ ਸਾਧਨਾਂ ਰਾਹੀਂ ਵੀ ਉਹਨਾਂ ਨੂੰ ਲਿਜਾਇਆ ਜਾ ਰਿਹਾ ਹੈ। ਕਈ ਮਜ਼ਦੂਰ ਲੋਕ ਤਾਂ ਆਪਣੇ ਪਸ਼ੂ-ਡੰਗਰ ਨੂੰ ਵੀ ਟਰਾਲੀਆਂ ’ਤੇ ਚੜ੍ਹਾ ਕੇ ਨਾਲ ਹੀ ਲਿਜਾ ਰਹੇ ਹਨ।
ਕਈ ਪਿੰਡ ਹੋਣ ਲੱਗੇ ਖਾਲੀ
ਇਕੱਤਰ ਕੀਤੇ ਗਏ ਵੇਰਵਿਆਂ ਅਨੁਸਾਰ ਇਕ-ਇਕ ਪਿੰਡ ਵਿਚੋਂ ਹੀ 50-50 ਜਾਂ 100-100 ਮਜਦੂਰ ਨਰਮਾ ਚੁੱਗਣ ਲਈ ਚਲੇ ਗਏ ਹਨ ਤੇ ਕਈ ਪਿੰਡ ਖਾਲੀ ਹੋਣ ਲੱਗੇ ਹਨ। ਕਈ ਘਰਾਂ ਵਿਚ ਤਾਂ ਇਕ-ਅੱਧਾ ਬਜੁਰਗ ਹੀ ਰਹਿ ਗਿਆ ਹੈ, ਜੋ ਜਾ ਨਹੀ ਸਕਦਾ ਸੀ ਤੇ ਬਿਮਾਰੀ ਦੀ ਹਾਲਤ ਵਿਚ ਹੈ। ਜਦ ਕਿ ਅਨੇਕਾਂ ਮਜ਼ਦੂਰਾਂ ਦਾ ਤਾਂ ਸਾਰਾ ਪਰਿਵਾਰ ਹੀ ਆਪਣੇ ਨਾਲ ਲੈ ਗਏ ਹਨ ਤੇ ਉਹ ਆਪਣੇ ਘਰਾਂ ਨੂੰ ਜਿੰਦਰੇ ਲਾ ਗਏ ਹਨ। ਤ੍ਰਾਸਦੀ ਤਾਂ ਇਹ ਵੀ ਹੈ ਕਿ ਕਈ ਮਜ਼ਦੂਰ ਜੋ ਆਰਥਿਕ ਪੱਖ ਤੋਂ ਪਹਿਲਾਂ ਹੀ ਨਪੀੜੇ ਪਏ ਹਨ ਦੇ ਘਰਾਂ ਨੂੰ ਬੂਹੇ ਵੀ ਨਹੀ ਲੱਗੇ ਤੇ ਆਪਣੇ ਬੂਹਿਆਂ ਅੱਗੇ ਕੰਢੇ ਆਦਿ ਹੀ ਲਗਾ ਗਏ ਹਨ। ਜੇਕਰ ਵੇਖਿਆ ਜਾਵੇ ਤਾਂ ਰੱਬ ਆਸਰੇ ਘਰਾਂ ਨੂੰ ਸੁੰਨੇ ਛੱਡ ਕੇ ਇਹ ਲੋਕ ਰੋਜੀ-ਰੋਟੀ ਕਮਾਉਣ ਲਈ ਗੁਆਂਢੀ ਸੂਬੇ ਨੂੰ ਤੁਰ ਗਏ ਹਨ। ਅੱਜ ਕੱਲ ਚੋਰੀਆਂ ਬਹੁਤ ਵੱਧ ਚੁੱਕੀਆਂ ਹਨ ਤੇ ਮਜਦੂਰਾਂ ਦੇ ਵਾਪਸ ਆਉਣ ਤੱਕ ਪਤਾ ਨਹੀ ਘਰ ਸੁਰੱਖਿਅਤ ਰਹਿਣਗੇ ਵੀ ਜਾਂ ਨਹੀਂ।
ਮਜਦੂਰਾਂ ਦੇ ਬੱਚਿਆਂ ਦੀ ਪੜ੍ਹਈ ’ਤੇ ਪਵੇਗਾ ਅਸਰ
ਬਹੁਤ ਸਾਰੇ ਮਜਦੂਰਾਂ ਦੇ ਬੱਚੇ ਸਰਕਾਰੀ ਸਕੂਲਾਂ ਵਿਚ ਪੜ੍ਹਦੇ ਹਨ। ਭਾਵੇਂ ਕੋਰੋਨਾ ਵਾਇਰਸ ਦੀ ਮਹਾਂਮਾਰੀ ਕਰਕੇ ਸਕੂਲ ਇਸ ਸਮੇਂ ਬੰਦ ਪਏ ਹਨ ਪਰ ਫਿਰ ਵੀ ਅਧਿਆਪਕਾਂ ਵੱਲੋਂ ਬੱਚਿਆਂ ਆਨਲਾਇਨ ਪੜਾਈ ਕਰਵਾਈ ਜਾ ਰਹੀ ਹੈ ਤੇ ਹੁਣ ਤਾਂ 21 ਸਤੰਬਰ ਤੋਂ ਪਹਿਲੀ ਕਲਾਸ ਤੋਂ ਲੈ ਕੇ 12ਵੀਂ ਕਲਾਸ ਤੱਕ ਸਾਰਿਆਂ ਬੱਚਿਆਂ ਦੇ ਆਨਲਾਇਨ ਪੇਪਰ ਵੀ ਲਏ ਜਾ ਰਹੇ ਹਨ। ਪਰ ਜਿਹੜੇ ਮਜ਼ਦੂਰ ਨਰਮਾ ਚੁੱਗਣ ਲਈ ਰਾਜਸਥਾਨ ਤੁਰ ਗਏ ਹਨ ਤੇ ਆਪਣੇ ਬੱਚਿਆਂ ਨੂੰ ਨਾਲ ਹੀ ਲੈ ਗਏ ਹਨ, ਉਹਨਾਂ ਦੀ ਪੜਾਈ ’ਤੇ ਅਸਰ ਜ਼ਰੂਰ ਪਵੇਗਾ। ਕਿਉਕਿ ਭਾਵੇਂ ਬੱਚੇ ਮੋਬਾਇਲਾਂ ਤੋਂ ਉਥੋ ਵੀ ਪੜ ਸਕਦੇ ਹਨ ਪਰ ਗਰੀਬ ਪਰਿਵਾਰ ਨਰਮਾ ਚੁੱਗਣ ਨੂੰ ਪਹਿਲ ਜ਼ਿਆਦਾ ਦੇਣਗੇ ਤੇ ਆਪਣੇ ਬੱਚਿਆਂ ਨੂੰ ਵੀ ਨਰਮਾ ਚੁੱਗਣ ਨਾਲ ਹੀ ਲਾ ਲੈਣਗੇ। ਨਵੇਂ ਥਾਵਾਂ ’ਤੇ ਜਾ ਕੇ ਘਰ ਵਸਾਉਣਾ ਭਾਵੇਂ ਬਹੁਤ ਔਖਾ ਹੁੰਦਾ ਹੈ, ਪਰ ਪੇਟ ਦੀ ਖਾਤਰ ਮਜਦੂਰ ਵਰਗ ਨੂੰ ਇਹ ਸਭ ਕੁਝ ਸਹਿਣਾ ਪੈਂਦਾ ਹੈ।
ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਮਜ਼ਦੂਰਾਂ ਨੂੰ
ਰੋਜੀ-ਰੋਟੀ ਖਾਤਰ ਤੇ ਆਪਣੇ ਟੱਬਰ ਨੂੰ ਪਾਲਣ ਲਈ ਮਜਦੂਰ ਵਰਗ ਨੂੰ ਕਈ ਘਾਲਣਾ ਘਾਲਣੀਆਂ ਪੈਂਦੀਆਂ ਹਨ। ਕਿਉਂਕਿ ਰਾਜਸਥਾਨ ਜਾਣ ਅਤੇ ਆਉਣ ਸਮੇਂ ਮਜਦੂਰਾਂ ਨੂੰ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਰਸਤੇ ਵਿਚ ਕਈ ਵਾਰ ਸੜਕੀ ਹਾਦਸੇ ਵਾਪਰ ਜਾਂਦੇ ਹਨ। ਉਥੇ ਜਾ ਕੇ ਵੀ ਇਕੋ ਦਮ ਆਪਣੇ ਖਾਣ ਪੀਣ ਦਾ ਇੰਤਜਾਮ ਕਰਨਾ ਔਖਾ ਹੋ ਜਾਂਦਾ ਹੈ ਅਤੇ ਰਹਿਣ ਲਈ ਥਾਂ ਵੀ ਕਈ ਵਾਰ ਚੰਗੀ ਨਹੀ ਮਿਲਦੀ। ਅੱਜ ਕੱਲ ਹਰੇਕ ਮਨੁੱਖ ਬਹੁਤ ਸਾਰੀਆਂ ਭਿਆਨਕ ਬਿਮਾਰੀਆਂ ਨਾਲ ਵਿੰਨਿਆ ਪਿਆ ਹੈ ਤੇ ਲਗਭਗ ਸਾਰੇ ਹੀ ਕੋਈ ਨਾ ਕੋਈ ਦਵਾਈ ਖਾਂਦੇ ਹਨ। ਪਰ ਰਾਜਸਥਾਨ ਜਾ ਕੇ ਮਜ਼ਦੂਰਾਂ ਨੂੰ ਉਹ ਅੰਗਰੇਜੀ ਦਵਾਈਆਂ ਨਹੀ ਮਿਲਦੀਆਂ ਜੋ ਉਹ ਪੰਜਾਬ ਵਿਚੋਂ ਲੈਂਦੇ ਸਨ।
ਕਿਉਂ ਰੁਖ ਕਰਦੇ ਹਨ ਰਾਜਸਥਾਨ ਵੱਲ ਮਜਦੂਰ-
ਪੰਜਾਬ ਨੂੰ ਛੱਡ ਕੇ ਆਖਰ ਗੁਆਂਢੀ ਰਾਜ ਰਾਜਸਥਾਨ ਵੱਲ ਪੰਜਾਬ ਦੇ ਮਜ਼ਦੂਰ ਆਪਣਾ ਰੁਖ ਕਿਉਂ ਕਰਦੇ ਹਨ, ਇਸ ਬਾਰੇ ਜਦ ਜਾਨਣਾ ਚਾਹਿਆ ਤਾਂ ਪਤਾ ਲੱਗਾ ਕਿ ਰਾਜਸਥਾਨ ਵਿਚ ਨਰਮੇ ਦੀ ਚੁਗਾਈ ਮਜਦੂਰਾਂ ਨੂੰ 7 ਰੁਪਏ ਪ੍ਰਤੀ ਕਿਲੋ ਮਿਲਦੀ ਹੈ। ਇਸ ਦੇ ਨਾਲ ਹੀ ਦਿਨ ਵਿਚ ਦੋ ਵਾਰ ਚਾਹ ਤਾਂ ਜ਼ਮੀਨਾਂ ਦੇ ਮਾਲਕ ਦਿੰਦੇ ਹੀ ਹਨ, ਪਰ ਇਹ ਵੀ ਪਤਾ ਲੱਗਾ ਹੈ ਕਿ ਰੋਟੀ ਬਣਾਉਣ ਲਈ ਆਟਾ ਵੀ ਮਜਦੂਰਾਂ ਨੂੰ ਦਿੱਤਾ ਜਾਂਦਾ ਹੈ। ਮਜਦੂਰਾਂ ਦਾ ਇਹ ਵੀ ਕਹਿਣਾ ਹੈ ਕਿ ਇਕ ਤਾਂ ਪੰਜਾਬ ਵਿਚ ਅਜੇ ਨਰਮੇ ਪੂਰੀ ਤਰ੍ਹਾਂ ਖਿੜੇ ਨਹੀ ਅਤੇ ਦੂਜਾ ਰਾਜਸਥਾਨ ਦੇ ਕਿਸਾਨਾਂ ਨੇ ਕਈ ਮਜਦੂਰਾਂ ਨੂੰ ਅਡਵਾਂਸ ਵਿਚ ਹੀ ਪਹਿਲਾਂ ਪੈਸੇ ਦੇ ਕੇ ਬੁੱਕ ਕੀਤਾ ਹੋਇਆ ਸੀ। ਕੁੱਲ ਮਿਲਾ ਕੇ ਇਹੋ ਹੀ ਸਿੱਟਾ ਨਿਕਲਦਾ ਹੈ ਕਿ ਰਾਜਸਥਾਨ ਵਿਚ ਨਰਮਾ ਚੁੱਗਣ ਲਈ ਗਏ ਮਜਦੂਰ ਚੰਗੀ ਕਮਾਈ ਕਰਕੇ ਮੁੜਦੇ ਹਨ। ਪਰ ਇਸ ਦੇ ਨਾਲ ਹੀ ਮਜਦੂਰ ਘਰੋਂ ਬੇਘਰ ਵੀ ਹੋਇਆ ਰਹਿੰਦਾ ਹੈ ਅਤੇ ਛੇਤੀ ਕੀਤਿਆਂ ਵਾਪਸ ਆ ਕੇ ਗਮੀ-ਖੁਸ਼ੀ ਵਿਚ ਹਿੱਸਾ ਘੱਟ ਹੀ ਲੈ ਸਕਦਾ ਹੈ।
ਪੰਜਾਬ ਦੇ ਨਰਮਾ ਉਤਪਾਦਕ ਕਿਸਾਨ ਕੀ ਦਿੰਦੇ ਹਨ ਮਜਦੂਰਾਂ ਨੂੰ ਨਰਮੇ ਦੀ ਚੁਗਾਈ
ਪਤਾ ਲੱਗਾ ਹੈ ਕਿ ਪੰਜਾਬ ਵਿਚ ਨਰਮਾ ਪੱਟੀ ਵਾਲੇ ਜਿੰਨਾਂ ਜ਼ਿਲ੍ਹਿਆਂ ਵਿਚ ਕਿਸਾਨ ਨਰਮਾ ਬੀਜਦੇ ਹਨ, ਉਥੋਂ ਦੇ ਕਿਸਾਨ ਮਜਦੂਰਾਂ ਨੂੰ ਨਰਮੇ ਦੀ ਚੁਗਾਈ ਪਿਛਲੇ ਸਾਲ 2019 ਦੌਰਾਨ ਪ੍ਰਤੀ ਕਿਲੋ ਨਰਮਾ 5 ਰੁਪਏ ਅਤੇ ਪ੍ਰਤੀ ਕੁਇੰਟਲ ਨਰਮਾ 500 ਰੁਪਏ ਦਿੰਦੇ ਰਹੇ ਹਨ। ਐਂਤਕੀ ਅਜੇ ਚਾਰ-ਪੰਜ ਪ੍ਰਤੀਸ਼ਤ ਕਿਸਾਨਾਂ ਨੇ ਹੀ ਨਰਮੇ ਦੀ ਚੁਗਾਈ ਸ਼ੁਰੂ ਕਰਵਾਈ ਹੈ। ਪਰ ਰੇਟ ਪਿਛਲੇ ਸਾਲ ਵਾਲਾ ਹੀ ਪੰਜ ਰੁਪਏ ਪ੍ਰਤੀ ਕਿਲੋ ਚੱਲ ਰਿਹਾ ਹੈ। ਜੇਕਰ ਵੇਖਿਆ ਜਾਵੇ ਤਾਂ ਪੰਜਾਬ ਵਿਚ ਮਜ਼ਦੂਰਾਂ ਨੂੰ ਇਕ ਕੁਇੰਟਲ ਨਰਮੇ ਦੀ ਚੁਗਾਈ ਦਾ 500 ਰੁਪਏ ਮਿਲਦਾ ਹੈ, ਜਦ ਕਿ ਰਾਜਸਥਾਨ ਇਕ ਕੁਇੰਟਲ ਨਰਮੇ ਦੀ ਚੁਗਾਈ 700 ਰੁਪਏ ਹੈ।
ਸਰਕਾਰ ਦੀ ਨਲਾਇਕੀ ਦਾ ਸਿੱਟਾ
ਜੇਕਰ ਪੰਜਾਬ ਸਰਕਾਰ ਖੇਤੀ ਧੰਦੇ ਨੂੰ ਲਾਹੇਵੰਦ ਬਣਾਉਣ ਵਾਲੇ ਪਾਸੇ ਥੋੜਾ ਖਿਆਲ ਕਰੇ ਤੇ ਕਿਸਾਨਾਂ ਨੂੰ ਉਹਨਾਂ ਦੀਆਂ ਫਸਲਾਂ ਦਾ ਪੂਰਾ ਮੁੱਲ ਦਿੱਤਾ ਜਾਵੇ ਤਾਂ ਮਜਦੂਰ ਵਰਗ ਨੂੰ ਬੇਗਾਨੇ ਸੂਬਿਆਂ ਵਿਚ ਮਿਹਨਤ ਮਜਦੂਰੀ ਕਰਨ ਲਈ ਨਾ ਜਾਣਾ ਪਵੇ ਤੇ ਉਹ ਇਧਰ ਰਹਿ ਕੇ ਹੀ ਆਪਣੀ ਕਮਾਈ ਕਰ ਸਕਦੇ ਹਨ। ਸਰਕਾਰਾਂ ਦੀ ਨਲਾਇਕੀ ਦਾ ਸਿੱਟਾ ਹੀ ਹੈ ਕਿ ਪੰਜਾਬ ਦੇ ਮਜਦੂਰ ਆਪਣੇ ਘਰ ਛੱਡ ਕੇ ਟਰੈਕਟਰ-ਟਰਾਲੀਆਂ ਅਤੇ ਟੈਪੂਆਂ ਆਦਿ ’ਤੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਲੱਦ ਕੇ ਰਾਜਸਥਾਨ ਵੱਲ ਮਜਦੂਰੀ ਕਰਨ ਲਈ ਜਾ ਰਹੇ ਹਨ। ਨਰਮੇ ਦਾ ਰੇਟ ਪ੍ਰਤੀ ਕੁਇੰਟਲ 4300 ਰੁਪਏ ਤੋਂ 4600 ਰੁਪਏ ਤੱਕ ਹੈ, ਜੋ ਬਹੁਤ ਥੋੜਾ ਹੈ। ਕਿਸਾਨਾਂ ਦੀ ਮੰਗ ਮੁਤਾਬਿਕ ਨਰਮੇ ਦਾ ਰੇਟ ਪ੍ਰਤੀ ਕੁਇੰਟਲ 10 ਹਜ਼ਾਰ ਰੁਪਏ ਕੀਤਾ ਜਾਵੇ ਤਾਂ ਕਿਸਾਨ ਮਜ਼ਦੂਰ ਵਰਗ ਨੂੰ ਨਰਮੇ ਦੀ ਚੁਗਾਈ ਵੀ ਰਾਜਸਥਾਨ ਨਾਲੋਂ ਵੱਧ ਦੇ ਸਕਦੇ ਹਨ। ਪਰ ਸਰਕਾਰਾਂ ਦੀ ਨੀਤੀ ਹੀ ਕਿਸਾਨ ਅਤੇ ਮਜਦੂਰ ਵਰਗ ਨੂੰ ਮਾਰਨ ਵਾਲੀ ਹੈ।