- ਕਾਲਜਾਂ ਦੀਆਂ ਫੀਸਾਂ ਵਿੱਚ ਕੀਤੇ ਵਾਧੇ ਕਾਰਨ ਕਾਲਜਾਂ ਨੂੰ ਮਿਲੀ ਰਾਹਤ
ਐਸ.ਏ.ਐਸ. ਨਗਰ, 24 ਸਤੰਬਰ 2020 - ਪੰਜਾਬ ਵਿਚ ਕੋਰੋਨਾ ਮਹਾਮਾਰੀ ਦੇ ਕਾਰਨ ਮੰਦੀ ਦੀ ਮਾਰ ਝੱਲ ਰਹੇ ਨਰਸਿੰਗ ਕਾਲਜਾਂ ਵਿਚ ਫੀਸਾਂ ਵਿਚ ਕੀਤੇ ਵਾਧੇ ਦਾ ਕਾਲਜਾਂ ਦੇ ਮਾਲਕਾਂ ਨੇ ਸਵਾਗਤ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਮੈਡੀਕਲ ਸਿੱਖਿਆ ਮੰਤਰੀ ਓ.ਪੀ. ਸੋਨੀ ਦਾ ਧੰਨਵਾਦ ਕੀਤਾ ਹੈ।
ਨਰਸਿੰਗ ਟ੍ਰੇਨਿੰਗ ਇੰਸਟੀਚਿਊਟਸ ਐਸੋਸੀਏਸ਼ਨ ਪੰਜਾਬ (ਰਜਿ.) ਦੇ ਪ੍ਰਧਾਨ ਚਰਨਜੀਤ ਸਿੰਘ ਵਾਲੀਆ ਨੇ ਕਿਹਾ ਕੋਵਿਡ-19 ਦੀ ਮਹਾਮਾਰੀ ਦੇ ਕਾਰਨ ਅਤੇ ਖਾਸ ਤੌਰ ਤੇ ਪੰਜਾਬ ਦੇ ਨੌਜਵਾਨਾਂ ਵਲੋਂ ਪੜ੍ਹਾਈ ਲਈ ਵਿਦੇਸ਼ਾਂ ਵੱਲ ਰੁੱਖ ਕੀਤੇ ਜਾਣ ਕਾਰਨ ਪੰਜਾਬ ਦੇ ਨਰਸਿੰਗ ਕਾਲਜ ਅਤਿ ਮੰਦੀ ਦੀ ਹਾਲਤ ਵਿਚ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਨਰਸਿੰਗ ਵਿਸ਼ੇ ਦੇ ਕੋਰਸਾਂ ਸਬੰਧੀ ਕਾਲਜ ਫੀਸਾਂ ਵਿਚ ਕੀਤੇ ਵਾਧੇ ਦੀ ਨੋਟੀਫਿਕੇਸ਼ਨ ਨਾਲ ਇਨ੍ਹਾਂ ਕਾਲਜਾਂ ਨੂੰ ਆਰਥਿਕ ਰਾਹਤ ਮਿਲਣ ਦੀ ਸੰਭਾਵਨਾ ਬਣੀ ਹੈ।
ਉਨ੍ਹਾਂ ਕਿਹਾ ਕਿ ਭਾਵੇਂ ਸਮੇਂ ਸਮੇਂ 'ਤੇ ਪੰਜਾਬ ਸਰਕਾਰ ਨੇ ਐਮ.ਬੀ.ਬੀ.ਐਸ., ਬੀ.ਡੀ.ਐਸ. ਅਤੇ ਬੀ.ਏ.ਐਮ.ਐਸ. ਤੋਂ ਇਲਾਵਾ ਹੋਰ ਮੈਡੀਕਲ ਕੋਰਸਾਂ ਲਈ ਕਾਲਜਾਂ ਦੀਆਂ ਦਾਖਲਾ ਫੀਸਾਂ ਵਿੱਚ ਲਗਾਤਾਰ ਵਾਧਾ ਕੀਤਾ ਪਰ ਨਰਸਿੰਗ ਕਾਲਜਾਂ ਵਿੱਚ ਪਿਛਲੇ 12 ਸਾਲਾਂ ਤੋਂ ਦਾਖਲਾ ਫੀਸਾਂ ਵਿਚ ਵਾਧੇ ਲਈ ਸਰਕਾਰ ਨੇ ਕੋਈ ਵੀ ਨੋਟੀਫਿਕੇਸ਼ਨ ਜਾਰੀ ਨਹੀਂ ਸੀ ਕੀਤੀ ਜਿਸ ਨਾਲ ਨਰਸਿੰਗ ਕਾਲਜਾਂ ਦੇ ਪ੍ਰਬੰਧਕ ਆਰਥਿਕ ਤੋਰ 'ਤੇ ਪਰੇਸ਼ਾਨ ਸਨ। ਉਨ੍ਹਾਂ ਕਿਹਾ ਕਿ ਵਧੀਆ ਕੁਆਲੀਫਾਈਡ ਸਟਾਫ, ਟਰਾਂਸਪੋਰਟ, ਏ.ਸੀ. ਹਾਲ ਤੇ ਕਮਰਿਆਂ ਸਮੇਤ ਬਾਕੀ ਬੁਨਿਆਦੀ ਢਾਂਚੇ 'ਤੇ ਨਰਸਿੰਗ ਕਾਲਜਾਂ ਦੇ ਮਾਲਕ ਵੱਡੇ ਖਰਚੇ ਅਦਾ ਕਰ ਰਹੇ ਹਨ।
ਪ੍ਰਧਾਨ ਚਰਨਜੀਤ ਸਿੰਘ ਵਾਲੀਆ ਨੇ ਕਿਹਾ ਕਿ ਸਰਕਾਰੀ ਨੋਟੀਫਿਕੇਸ਼ਨ ਮੁਤਾਬਕ ਨਰਸਿੰਗ ਕਾਲਜ ਪਹਿਲਾਂ ਜਿਥੇ ਨਰਸਿੰਗ ਵਿਦਿਆਰਥੀਆਂ ਤੋਂ 40000 ਰੁਪਏ ਦਾਖਲਾ ਫੀਸ ਵਸੂਲਦੇ ਸਨ, ਹੁਣ ਇਸ ਵਿਚ 25% ਦਾ ਵਾਧਾ ਕਰਕੇ ਸਰਕਾਰ ਨੇ ਹਰ ਸਾਲ 5% ਦਾ ਵਾਧਾ ਕਰਨ ਦਾ ਐਲਾਨ ਵੀ ਕੀਤਾ ਹੈ।
ਉਨ੍ਹਾਂ ਕਿਹਾ ਕਿ ਸਰਕਾਰ ਦੀ ਇਸ ਨੋਟੀਫਿਕੇਸ਼ਨ ਨਾਲ ਨਰਸਿੰਗ ਕਾਲਜਾਂ ਨੂੰ ਰਾਹਤ ਮਿਲੀ ਹੈ ਅਤੇ ਇਨ੍ਹਾਂ ਦੇ ਪ੍ਰਬੰਧਕਾਂ ਵਿਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਇਹ ਮਹਿਸੂਸ ਕੀਤਾ ਹੈ ਕਿ ਕੋਵਿਡ-19 ਨਾਲ ਲੜੀ ਜਾ ਰਹੀ ਲੜਾਈ ਵਿੱਚ ਸਭ ਤੋਂ ਵੱਧ ਯੋਗਦਾਨ ਹਸਪਤਾਲਾਂ ਵਿੱਚ ਕੰਮ ਕਰ ਰਹੀਆਂ ਨਰਸਾਂ ਜਾਂ ਕਾਲਜਾਂ ਵਿੱਚ ਪੜ੍ਹਾਈ ਕਰ ਰਹੀਆਂ ਨਰਸਿੰਗ ਦੀਆਂ ਵਿਦਿਆਰਥਣਾਂ ਦਾ ਹੈ ਜਿਨ੍ਹਾਂ ਨੇ ਆਪਣੀ ਜਾਨ ਦੀ ਪਰਵਾਹ ਨਾ ਕਰਦਿਆਂ ਲੋਕਾਂ ਦੀਆਂ ਜਾਨਾਂ ਬਚਾਈਆਂ ਹਨ ਅਤੇ ਕੋਰੋਨਾ ਵਾਰੀਅਰਸ ਬਣ ਕੇ ਲੜ ਰਹੀਆਂ ਹਨ। ਇਸ ਤੋਂ ਪਤਾ ਲੱਗਦਾ ਹੈ ਕਿ ਨਰਸਿੰਗ ਦਾ ਕਿੱਤਾ ਸਮਾਜ ਲਈ ਕਿੰਨਾ ਮਹੱਤਵਪੂਰਨ ਹੈ ਅਤੇ ਨਰਸਾਂ ਨੂੰ ਟ੍ਰੇਨਿੰਗ ਦੇਣ ਵਾਲੇ ਕਾਲਜਾਂ ਨੂੰ ਰਾਹਤ ਦੇਣੀ ਕਿੰਨੀ ਜ਼ਰੂਰੀ ਹੈ।
ਪ੍ਰਧਾਨ ਚਰਨਜੀਤ ਸਿੰਘ ਵਾਲੀਆ ਨੇ ਕਿਹਾ ਕਿ ਪੰਜਾਬ ਭਰ ਦੇ ਨਰਸਿੰਗ ਕਾਲਜਾਂ ਨੂੰ ਆਰਥਿਕ ਮੰਦੀ ਕਰਕੇ ਸਟਾਫ ਨੂੰ ਤਨਖਾਹਾਂ ਦੇ ਨਾਲ ਨਾਲ ਹੋਰ ਖਰਚੇ ਚੁੱਕਣੇ ਮੁਸ਼ਕਲ ਹੋਏ ਪਏ ਸਨ ਉਥੇ ਬੁਨਿਆਦੀ ਢਾਂਚੇ ਨੂੰ ਮੇਨਟੇਨ ਕਰਕੇ ਰੱਖਣਾ ਔਖਾ ਹੋਇਆਅ ਪਿਆ ਸੀ ਪਰ ਹੁਣ ਇਸ ਵਾਧੇ ਨਾਲ ਇਹ ਕਾਲਜ ਵਧੀਆ ਸਟਾਫ ਰੱਖਕੇ ਕੋਵਿਡ-19 ਨੂੰ ਨਜਿੱਠਣ ਵਾਸਤੇ ਵਧੀਆ ਨਰਸਾਂ ਤਿਆਰ ਕਰਨਗੇ।
ਇਸ ਮੌਕੇ ਡਾ : ਐਮ.ਐਮ. ਆਨੰਦ ਚੇਅਰਮੈਨ, ਸੀਨੀਅਰ ਮੀਤ ਪ੍ਰਧਾਨ ਡਾ. ਮਨਜੀਤ ਸਿੰਘ ਢਿੱਲੋਂ ਕਰਨਲ ਬੀ.ਐਸ. ਗਰਚਾ ਮੀਤ ਪ੍ਰਧਾਨ, ਜਨਰਲ ਸਕੱਤਰ ਜੋਗਿੰਦਰ ਸਿੰਘ ਅਤੇ ਸ਼ਿਵ ਆਰੀਆ, ਮੀਤ ਪ੍ਰਧਾਨ ਸੁਖਜਿੰਦਰ ਸਿੰਘ ਰੰਧਾਵਾ ਸਕੱਤਰ ਸਾਹਿਲ ਮਿੱਤਲ, ਜਾਇੰਟ ਸਕੱਤਰ ਪੁਨੀਤ ਬਾਵਾ ਆਦਿ ਹਾਜਰ ਸਨ।