ਫਿਰੋਜ਼ਪੁਰ, 24 ਸਤੰਬਰ 2020 - ਜ਼ਿਲਾ ਮੈਜਿਸਟ੍ਰੇਟ ਗੁਰਪਾਲ ਸਿੰਘ ਚਾਹਲ ਵੱਲੋਂ ਫੌਜਦਾਰੀ ਜਾਬਤਾ ਸੰਘਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲ੍ਹਾ ਫਿਰੋਜ਼ਪੁਰ ਦੀ ਹਦੂਦ ਅੰਦਰ ਆਮ ਲੋਕਾਂ ਲਈ ਹਥਿਆਰ ਲੈ ਕੇ ਚੱਲਣ ਅਤੇ ਉਸ ਦੇ ਪ੍ਰਦਰਸ਼ਨ `ਤੇ ਪੂਰਨ ਤੌਰ `ਤੇ ਰੋਕ ਲਗਾਈ ਗਈ ਹੈ।
ਜਾਰੀ ਹੁਕਮਾਂ ਵਿਚ ਉਨ੍ਹਾਂ ਕਿਹਾ ਕਿ ਜ਼ਿਲ੍ਹਾ ਫਿਰੋਜ਼ਪੁਰ ਵਿੱਚ ਆਮ ਜਨਤਾ ਆਪਣੇ ਲਾਇਸੰਸੀ ਹਥਿਆਰ ਨਾਲ ਲੈ ਕੇ ਚਲਦੀ ਹੈ ਜਦੋ ਕਿ ਜ਼ਿਲ੍ਹੇ ਵਿਚ ਚਲ ਰਹੇ ਮੌਜੂਦਾ ਹਾਲਾਤਾਂ ਦੌਰਾਨ ਅਜਿਹਾ ਕਰਨ ਨਾਲ ਜ਼ਿਲ੍ਹੇ ਵਿਚ ਅਮਨ ਸ਼ਾਂਤੀ ਭੰਗ ਹੋਣ ਦਾ ਅੰਦੇਸ਼ਾ ਰਹਿੰਦਾ ਹੈ ਜਿਸ ਨਾਲ ਕਾਨੂੰਨ ਦੀ ਪਾਲਣਾ ਕਰਨ ਲਈ ਤਾਇਨਾਤ ਕੀਤੇ ਵਿਅਕਤੀਆਂ ਦੇ ਕੰਮ ਵਿਚ ਵਿਘਨ ਪੈਦਾ ਹੋ ਸਕਦਾ ਹੈ। ਇਸ ਲਈ ਜ਼ਿਲ੍ਹਾ ਫਿਰੋਜ਼ਪੁਰ ਵਿਚ ਆਮ ਜਨਤਾ ਲਈ ਲਾਇਸੰਸੀ ਹਥਿਆਰ ਚੁੱਕਣ ਤੇ ਪੂਰਨ ਪਾਬੰਦੀ ਲਗਾਈ ਗਈ ਹੈ। ਉਨ੍ਹਾਂ ਕਿਹਾ ਕਿ ਕੋਈ ਵੀ ਵਿਅਕਤੀ ਅਸਲਾ ਚੱਕ ਕੇ ਤੁਰਦਾ ਹੈ ਤਾਂ ਉਸ ਵਿਰੁੱਧ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਇਹ ਹੁਕਮ ਜ਼ਿਲੇ ਭਰ ’ਚ 24 ਤੋਂ 26 ਸਤੰਬਰ 2020 ਤੱਕ ਲਾਗੂ ਰਹਿਣਗੇ।