- ਕਿਸਾਨਾਂ ਦੇ ਅੰਦੋਲਨ ਵਿਚ ਕੀਤੀ ਜਾਵੇਗੀ ਭਰਵੀਂ ਸ਼ਮੂਲੀਅਤ
ਫਿਰੋਜ਼ਪੁਰ 24 ਸਤੰਬਰ 2020 - ਖੇਤੀ ਆਰਡੀਨੈਂਸਾਂ ਖਿਲਾਫ ਸਮੁੱਚੇ ਦੇਸ਼ ਦੇ ਕਿਸਾਨਾਂ ਦੇ ਅੰਦੋਲਨ ਦਾ ਸਮਰਥਨ ਕਰਦਿਆਂ ਅਧਿਆਪਕਾਂ ਦੀ ਜਥੇਬੰਦੀ ਗੌਰਮਿੰਟ ਟੀਚਰਜ਼ ਯੂਨੀਅਨ ਫਿਰੋਜ਼ਪੁਰ ਦੇ ਜ਼ਿਲਾ ਪ੍ਰਧਾਨ ਬਲਵਿੰਦਰ ਸਿੰਘ ਭੁੱਟੋ, ਸੀਨੀਅਰ ਮੀਤ ਪ੍ਰਧਾਨ ਰਾਜੀਵ ਹਾਂਡਾ, ਗੁਰਚਰਨ ਸਿੰਘ ਕਲਸੀ, ਜਗਸੀਰ ਸਿੰਘ ਗਿੱਲ, ਵਿੱਤ ਸਕੱਤਰ ਬਲਵਿੰਦਰ ਸਿੰਘ ਚੱਬਾ ਤੇ ਜਨਰਲ ਸਕੱਤਰ ਜਸਵਿੰਦਰ ਸਿੰਘ ਮਮਦੋਟ ਨੇ ਕਿਹਾ ਕਿ ਪੰਜਾਬ ਦੀ ਅਰਥ ਵਿਵਸਥਾ ਕਿਸਾਨੀ 'ਤੇ ਨਿਰਭਰ ਕਰਦੀ ਹੈ ਪਰ ਦੇਸ਼ ਦੀ ਕੇਂਦਰ ਸਰਕਾਰ ਵੱਲੋਂ ਲਗਾਤਾਰ ਕਿਸਾਨ ਵਿਰੋਧੀ ਬਿਲ ਲਿਆ ਕਿ ਕਿਸਾਨ ਵਿਰੋਧੀ ਫੈਸਲੇ ਕੀਤੇ ਜਾ ਰਹੇ ਹਨ। ਜਥੇਬੰਦੀ ਨੇ ਸਰਬਸੰਮਤੀ ਨਾਲ ਕਿਸਾਨ ਅੰਦੋਲਨ ਦਾ ਭਰਪੂਰ ਸਮਰਥਨ ਕਰਨ ਦਾ ਫੈਸਲਾ ਕਰਦਿਆਂ ਕਿਹਾ ਕਿ ਜਥੇਬੰਦੀ ਕਿਸਾਨ ਅੰਦੋਲਨ ਵਿੱਚ ਭਰਵੀਂ ਸਮੂਲੀਅਤ ਕਰੇਗੀ।
ਆਗੂਆਂ ਨੇ ਕਿਹਾ ਕਿ ਕਿਸਾਨ ਨੂੰ ਦੇਸ਼ ਦਾ ਅੰਨਦਾਤਾ ਕਿਹਾ ਜਾਂਦਾ ਹੈ ਪਰ ਕੇਂਦਰ ਅਤੇ ਸੂਬਾ ਸਰਕਾਰ ਦੀਆਂ ਮਾੜੀਆਂ ਨੀਤੀਆਂ ਦੀ ਬਦੌਲਤ ਪੰਜਾਬ ਦਾ ਕਿਸਾਨ ਖੁਦਕਸ਼ੀਆਂ ਦੇ ਰਾਹ ਪਿਆ ਹੋਇਆ ਹੈ। ਕੇਂਦਰ ਸਰਕਾਰ ਵੱਲੋਂ ਜਿਨਸਾਂ ਦੇ ਲਾਗਤ ਮੁੱਲ ਤੋਂ ਘੱਟ ਸਮਰਥਨ ਮੁੱਲ ਰੱਖਣ ਦੀ ਬਦੌਲਤ ਕਿਸਾਨ ਦਾ ਜੀਵਨ ਜਿਉਣ ਦਾ ਢੰਗ ਪਹਿਲਾਂ ਹੀ ਬਹੁਤ ਤਰਸਯੋਗ ਹੈ। ਇਸ ਮੌਕੇ ਗੌਰਵ ਮੁੰਜ਼ਾਲ, ਸੰਦੀਪ ਟੰਡਨ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਸਵਾਮੀਨਾਥਨ ਕਮਲਸ਼ਨ ਦੀਆਂ ਸ਼ਿਫਾਰਿਸ਼ਾਂ ਲਾਗੂ ਕਰਨ ਦਾ ਵਾਅਦਾ ਕੀਤਾ ਗਿਆ ਸੀ ਪਰ ਹੁਣ ਕੇਂਦਰ ਸਰਕਾਰ ਵੱਲੋਂ ਕਿਸਾਨ ਵਿਰੋਧੀ ਤਿੰਨ ਆਰਡੀਨੈਂਸ ਪਾਸ ਹੋਣ ਦੇ ਨਾਲ ਹੀ ਸਰਕਾਰ ਕਿਸਾਨ ਦੀ ਫਸਲ ਖਰੀਦਣ ਤੋਂ ਹੱਥ ਪਿੱਛੇ ਖਿਚ ਲਵੇਗੀ, ਕਿਸਾਨਾਂ ਦੇ ਫਸਲ਼ੀ ਖਰਚੇ ਵੱਧ ਜਾਣਗੇ ਅਤੇ ਸਮੁੱਚੀ ਕਿਸਾਨੀ ਬਰਬਾਦ ਹੋ ਜਾਵੇਗੀ।
ਮੋਦੀ ਸਰਕਾਰ ਖੇਤੀਬਾੜੀ ਵਿਰੋਧੀ ਬਿਲ ਪਾਸ ਕਰਨ ਲਈ ਬਜ਼ਿੱਦ ਹੈ। ਜਿਸ ਨਾਲ ਸਮੁੱਚੇ ਦੇਸ਼ ਦੇ ਕਿਸਾਨ, ਮਜ਼ਦੂਰ ਤੇ ਕਿਰਤੀ ਤਬਾਹ ਹੋਣਗੇ। ਸਰਕਾਰ ਐੱਮਐੱਸਪੀ ਖਤਮ ਕਰਕੇ ਮੰਡੀ ਬੋਰਡ ਨੂੰ ਤੋੜ ਕੇ,ਖੁੱਲ੍ਹੀ ਮੰਡੀ ਵਿਚ ਖਰੀਦਣ ਦਾ ਪ੍ਰਬੰਧ ਕਾਰਪੋਰੇਟ ਘਰਾਣਿਆਂ ਨੂੰ ਸੌਂਪ ਕੇ ਕਿਸਾਨ ਤੇ ਖੇਤੀਬਾੜੀ ਧੰਦਿਆਂ ਨੂੰ ਤਬਾਹ ਕਰਨਾ ਚਾਹੁੰਦੀ ਹੈ। ਆਗੂਆਂ ਕੇਂਦਰ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਹੈ ਕਿ ਕਿਸਾਨ ਵਿਰੋਧੀ ਆਰਡੀਨੈਂਸ ਵਾਪਸ ਲਏ ਜਾਣ ਅਤੇ ਸੰਘਰਸ਼ ਦੇ ਰਾਹ ਪਏ ਕਿਸਾਨਾਂ ਨਾਲ ਗੱਲਬਾਤ ਦਾ ਰਾਹ ਅਖਤਿਆਰ ਕੀਤਾ ਜਾਵੇ। ਇਸ ਮੌਕੇ ਜਨਕਰਾਜ ਚੌਪੜਾ, ਅਮੀਰ ਕੰਬੋਜ਼, ਅਸ਼ੋਕ ਕੁਮਾਰ, ਸੁਖਵਿੰਦਰ ਸਿੰਘ, ਨਰੇਸ਼ ਕੁਮਾਰ, ਇਕਬਾਲ ਚੰਦ, ਅਮਨਦੀਪ ਸਿੰਘ, ਮੈਡਮ ਸਹਿਨਾਜ਼, ਅਮਰੀਕ ਸਿੰਘ, ਜਤਿੰਦਰ ਸੋਢੀ, ਸੰਜੇ ਚੌਧਰੀ, ਤਰਲੋਕ ਭੱਟੀ, ਹਰੀ ਕ੍ਰਿਸ਼ਨ, ਸੁਨੀਲ ਕੁਮਾਰ, ਅਮਰੀਕ ਸਿੰਘ, ਸੁਰਿੰਦਰ ਪਾਲ ਸਿੰਘ, ਦੀਪਕ ਸ਼ਰਮਾ, ਸੰਜੇ ਗੁਪਤਾ ਆਦਿ ਵੀ ਹਾਜ਼ਰ ਸਨ।