ਅਸ਼ੋਕ ਵਰਮਾ
ਮਾਨਸਾ, 24 ਸਤੰਬਰ 2020 - ਭਾਜਪਾ ਬਾਈਕਾਟ ਮੁਹਿੰਮ ਦੀ ਅਗਲੀ ਕੜੀ ਵਿੱਚ ਪੰਜਾਬ ਦੀਆਂ 31 ਕਿਸਾਨ ਜਥੇਬੰਦੀਆਂ ਵੱਲੋਂ ਸਾਂਝੇ ਤੌਰ ’ਤੇ ਪੰਜਾਬ ਬੰਦ ਦਾ ਜੋ ਸੱਦਾ ਦਿੱਤਾ ਗਿਆ ਹੈ ਉਸ ਦੀ ਵਪਾਰ ਮੰਡਲ ਮਾਨਸਾ, ਸ਼ਹਿਰ ਦੀਆਂ ਹੋਰ ਸਾਰੀਆਂ ਵਪਾਰਕ ਜਥੇਬੰਦੀਆਂ, ਜ਼ਿਲ੍ਹੇ ਦੀਆਂ ਸਮੂਹ ਬਾਰ ਐਸੋਸੀਏਸ਼ਨਾਂ, ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ, ਟਰਾਂਸਪੋਰਟ ਅਦਾਰਿਆਂ ਅਤੇ ਸਰਕਾਰ ਖੇਤਰ ਦੇ ਬੈਂਕ ਕਰਮਚਾਰੀ ਯੂਨੀਅਨਾਂ ਅਤੇ ਹੋਰ ਮਜ਼ਦੂਰ ਮੁਲਾਜ਼ਮ ਅਤੇ ਸਮਾਜਿਕ ਸੰਸਥਾਵਾਂ ਨੇ ਪੂਰਨ ਹਮਾਇਤ ਕੀਤੀ ਹੈ।
ਇਸ ਤਹਿਤ ਮਾਨਸਾ ਵਿੱਚ ਸਵੇਰੇ 8.30 ਵਜੇ ਬਾਰਾਂ ਹੱਟਾਂ ਚੌਕ ’ਤੇ ਇਕੱਠੇ ਹੋ ਕੇ ਸ਼ਹਿਰ ਵਿੱਚ ਮਾਰਚ ਕਰਦੇ ਹੋਏ 11 ਵਜੇ ਤਿੰਨਕੋਨੀ ’ਤੇ ਪਹੁੰਚਿਆ ਜਾਵੇਗਾ। ਜਦੋਂਕਿ ਭੀਖੀ ਬੱਸ ਅੱਡੇ ਕੋਲ ਪਟਿਆਲਾ ਰੋਡ ’ਤੇ, ਬੁਢਲਾਡਾ ਆਈ.ਟੀ.ਆਈ. ਚੌਕ,ਬੋਹਾ ਵਿੱਚ ਰਤੀਆ ਰੋਡ ਬੱਸ ਅੱਡੇ ਕੋਲ,ਬਰੇਟਾ ’ਚਜਾਖਲ ਰੋਡ ਬਹਾਦਰਪੁਰ ਕੈਂਚੀਆਂ , ਸਰਦੂਲਗੜ ’ਚ ਸਰਸਾ - ਮਾਨਸਾ ਰੋਡ, ਘੱਗਰ (ਨਾਲੀ) ਦੇ ਪੁਲ ਕੋਲ, ਝੁਨੀਰ ਵਿੱਚ ਸਰਦੂਲਗੜ ਮਾਨਸਾ ਰੋਡ ਅਤੇ ਜੋਗਾ ’ਚ ਬਰਨਾਲਾ ਮਾਨਸਾ ਰੋਡ, ਬੱਸ ਸਟੈਂਡ ਕੋਲ ਧਰਨੇ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ। ਕਿਸਾਨ ਆਗੂ ਰੁਲਦੂ ਸਿੰਘ, ਮੁਨੀਸ਼ ਬੱਬੀ ਦਾਨੇਵਾਲੀਆ ਅਤੇ ਸੰਵਿਧਾਨ ਬਚਾਓ ਮੰਚ ਦੇ ਆਗੂ ਐਡਵੋਕੇਟ ਗੁਰਲਾਭ ਸਿੰਘ ਮਾਹਲ ਨੇ ਦੱਸਿਆ ਕਿ ਬੰਦ ਪ੍ਰਤੀ ਭਾਰੀ ਉਤਸ਼ਾਹ ਹੈ ਜਿਸ ਨੂੰ ਦੇਖਦਿਆਂ ਢੁੱਕਵੀਆਂ ਤਿਆਰੀਆਂ ਕਰ ਲਈਆਂ ਹਨ। ਇਸ ਸਮੇਂ ਬਲਕਰਨ ਸਿੰਘ ਬੱਲੀ, ਐਡਵੋਕੇਟ ਬਲਵੀਰ ਕੌਰ ਆਗੂ ਬੀਕੇਯੂ ਡਕੌਂਦਾ, ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਦੇ ਪ੍ਰਧਾਨ ਡਾ. ਧੰਨਾ ਮੱਲ ਗੋਇਲ, ਕਾ. ਕਿ੍ਰਸ਼ਨ ਚੌਹਾਨ, ਐਚ.ਆਰ.ਮੋਫਆਦਿ ਹਾਜ਼ਰ ਸਨ।