ਹਰੀਸ਼ ਕਾਲੜਾ
ਰੂਪਨਗਰ, 24 ਸਤੰਬਰ 2020 - ਪੰਜਾਬ ਅਤੇ ਯੂ.ਟੀ. ਮੁਲਾਜ਼ਮ ਸਾਂਝਾ ਮੰਚ ਅਤੇ ਪੈਨਸ਼ਨਰ, ਪੰਜਾਬ ਦੇ ਸੱਦੇ ਤੇ ਜ਼ਿਲ੍ਹਾ ਰੂਪਨਗਰ ਵੱਲੋਂ ਡਿਪਟੀ ਕਮਿਸ਼ਨਰ ਰੂਪਨਗਰ ਦੇ ਗੇਟ ਸਾਹਮਣੇ ਲੜੀਵਾਰ ਸੱਤਵੇਂ ਦਿਨ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਪੈਨਸ਼ਨਰਜ਼ ਐਸੋਸੀਏਸ਼ਨ ਦੇ 21 ਕਰਮਚਾਰੀ ਸਾਥੀ ਰਾਮ ਕੁਮਾਰ ਦੀ ਪ੍ਰਧਾਨਗੀ ਹੇਠ ਭੁੱਖ ਹੜਤਾਲ ਤੇ ਬਿਠਾਏ ਗਏ। ਜਿਨ੍ਹਾਂ ਵਿੱਚ ਹੇਮਰਾਜ, ਆਤਮਾ ਰਾਮ, ਸੁਰਿੰਦਰ ਬੇਲਾ, ਹੁਸਨ ਚੰਦ, ਮੁਰਲੀ ਮਨੋਹਰ, ਹਰਪਾਲ ਸਿੰਘ, ਪਵਨ ਕੁਮਾਰ, ਮੱਘਰ ਸਿੰਘ, ਕਰਮਚੰਦ, ਕਰਨੈਲ ਸਿੰਘ, ਸੇਵਾ ਸਿੰਘ, ਹਰਿੰਦਰ ਸਿੰਘ ਬਾਲਾ, ਹਰਦੇਵ ਸਿੰਘ, ਹਰਭਜਨ ਸਿੰਘ, ਪ੍ਰੇਮ ਚੰਦ, ਦਵਿੰਦਰ ਸਿੰਘ, ਹਿੰਮਤ ਸਿੰਘ ਆਦਿ ਭੁੱਖ ਹੜਤਾਲ ਤੇ ਬੈਠੇ। ਅੱਜ ਦੀ ਭੁੱਖ ਹੜਤਾਲ ਨੂੰ ਸੰਬੋਧਨ ਕਰਦਿਆਂ ਸਾਥੀ ਰਾਧੇ ਸ਼ਾਮ ਨੇ ਕਿਹਾ ਕਿ ਕੇਂਦਰ ਦੀ ਸਰਕਾਰ ਸਰਕਾਰੀ ਅਦਾਰਿਆਂ ਦਾ ਨਿੱਜੀਕਰਨ ਕਰ ਰਹੀ ਹੈ ਤੇ ਕਾਲੇ ਕਿਰਤ ਕਾਨੂੰਨ ਬਣਾ ਕੇ ਸਰਮਾਏਦਾਰਾਂ ਦੇ ਹੱਥ ਮਜ਼ਬੂਤ ਕਰ ਰਹੀ ਹੈ। ਕੁਦਰਤੀ ਸੋਮੇ, ਨੌਕਰੀਆਂ ਖ਼ਤਮ ਕਰਨਾ, ਜ਼ਬਰੀ ਰਿਟਾਇਰਮੈਂਟ, ਡਿਫੈਂਸ ਸੈਕਟਰ, ਰੇਲਵੇ, ਕੋਲ, ਬੀਮਾ ਖੇਤਰ, ਟੈਲੀਕਾਮ, ਹਵਾਈ ਅੱਡੇ ਨੂੰ ਨਿੱਜੀ ਹੱਥਾਂ ਵਿੱਚ ਦੇ ਕੇ ਬੇਰੁਜ਼ਗਾਰੀ ਵਿੱਚ ਵਾਧਾ ਕਰ ਰਹੀ ਹੈ ਤੇ ਕਾਲੇ ਕਾਨੂੰਨ ਵਾਪਸ ਲਏ ਜਾਣ ਦੀ ਮੰਗ ਕੀਤੀ। ਸੁਖਦੇਵ ਸਿੰਘ ਸੁਰਤਾਪੁਰੀ ਨੇ ਕਿਹਾ ਕਿ ਪੰਜਾਬ ਸਰਕਾਰ ਜ਼ਬਰੀ ਕੇਂਦਰ ਦਾ ਸੱਤਵਾਂ ਪੇਅ-ਕਮਿਸ਼ਨ ਪੰਜਾਬ ਦੇ ਮੁਲਾਜ਼ਮਾਂ ਅਤੇ ਜ਼ਬਰੀ ਲਾਗੂ ਕਰਨ ਦੀ ਤਿਆਰੀ ਕਰ ਰਹੀ ਹੈ ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਕਿਸਾਨਾਂ ਦੇ ਵਿਰੁੱਧ ਕੇਂਦਰ ਸਰਕਾਰ ਵੱਲੋਂ ਤਿੰਨ ਜਾਰੀ ਕੀਤੇ ਆਰਡੀਨੈਂਸ ਵਾਪਸ ਕੀਤੇ ਜਾਣ। ਸਾਥੀ ਰਾਮ ਕੁਮਾਰ ਨੇ ਕਿਹਾ ਕਿ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਕਿਰਤ ਕਾਨੂੰਨਾਂ ਦੀਆਂ ਧੱਜੀਆਂ ਉੱਡਾ ਰਹੀ ਹੈ। ਕੇਂਦਰ ਵੱਲੋਂ ਮਿਤੀ 23 ਸਤੰਬਰ 2020 ਨੂੰ ਬਣਾਏ ਗਏ ਮਜ਼ਦੂਰ ਵਿਰੋਧੀ ਕਾਨੂੰਨ ਵਾਪਸ ਲਏ ਜਾਣ ਅਤੇ ਪੰਜਾਬ ਸਰਕਾਰ ਵੱਲੋਂ 50 ਸਾਲ ਪੂਰੇ ਕਰਨ ਵਾਲੇ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢਣ ਦੇ ਫ਼ੈਸਲੇ ਵਾਪਸ ਲਏ ਜਾਣ। ਅੱਜ ਭੁੱਖ ਹੜਤਾਲ ਸਮੇਂ ਯਾਦਵ ਰਾਏ ਸਿੰਘ ਜਸਵੀਰ ਸਿੰਘ, ਗੁਰਪ੍ਰੀਤ ਸਿੰਘ, ਭੁਪਿੰਦਰ ਸਿੰਘ, ਪਰਮਜੀਤ ਸਿੰਘ ਆਦਿ ਹਾਜ਼ਰ ਸਨ।