ਹਰੀਸ਼ ਕਾਲੜਾ
- ਈਸਟ ਇੰਡੀਆ ਕੰਪਨੀ ਦੀ ਤਰਾਂ ਮੋਦੀ ਕੰਪਨੀ ਨੂੰ ਲਾਂਭੇ ਕਰਨਾ ਸਮੇਂ ਦੀ ਜ਼ਰੂਰਤ-ਢਿੱਲੋ
ਰੂਪਨਗਰ, 24 ਸਤੰਬਰ 2020 - ਪੰਜਾਬ ਯੂਥ ਕਾਂਗਰਸ ਕਿਸਾਨਾਂ ਦੇ ਹਰ ਤਰ੍ਹਾਂ ਦੇ ਸੰਘਰਸ਼ ਵਿੱਚ ਮੋਢੇ ਨਾਲ ਮੋਢਾ ਲਾ ਕੇ ਖੜੀ ਹੈ ਤੇ 25 ਸਤੰਬਰ ਦੇ ਪੰਜਾਬ ਬੰਦ ਦੇ ਸੱਦੇ ਵਿੱਚ ਵੀ ਕਾਂਗਰਸ ਪਾਰਟੀ ਦੇ ਨੇਤਾ ਤੇ ਵਰਕਰ ਕਿਸਾਨਾਂ ਨਾਲ ਧਰਨਿਆਂ ਵਿੱਚ ਹਿੱਸਾ ਲੈਣਗੇ। ਇਹ ਗੱਲ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋ ਨੇ ਕਹੀ।ਢਿੱਲੋ ਨੇ ਕਿਹਾ ਕਿ ਜਿਸ ਦਿਨ ਕਿਸਾਨ ਜਥੇਬੰਦੀਆਂ ਦਾ ਖੇਤੀ ਬਿਲਾ ਦੇ ਵਿਰੋਧ ਵਿੱਚ ਕੋਈ ਪ੍ਰੋਗਰਾਮ ਹੋਵੇਗਾ ਉਸ ਦਿਨ ਯੂਥ ਕਾਂਗਰਸ ਇਸ ਸੰਬੰਧੀ ਕੋਈ ਵੀ ਪ੍ਰੋਗਰਾਮ ਨਹੀਂ ਉਲੀਕੇਗੀ ਤੇ ਕਿਸਾਨ ਜਥੇਬੰਦੀਆਂ ਦਾ ਸਮਰਥਨ ਕਰੇਗੀ।
ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਕਿਸਾਨਾ ਦੇ ਮੁੱਦੇ ਸੰਜੀਦਗੀ ਨਾਲ ਹੱਲ ਕਰਵਾਉਣ ਲਈ ਹਮੇਸ਼ਾ ਕਿਸਾਨਾ ਦੇ ਹੱਕ ਵਿੱਚ ਖੜੀ ਰਹੀ ਹੈ ਤੇ ਅੱਗੋਂ ਵੀ ਕਿਸਾਨਾ ਦਾ ਸਾਥ ਦੇਣ ਤੋ ਪਿੱਛੇ ਨਹੀਂ ਹਟੇਗੀ।ਉਨਾ ਕਿਹਾ ਕਿ ਕਾਂਗਰਸ ਦੀ ਸੋਚ ਇਸ ਮੁੱਦੇ ਤੇ ਕੋਈ ਵੱਖਰੀ ਰਾਜਨੀਤੀ ਕਰਨ ਦੀ ਨਹੀਂ ਹੈ ਬਲਕਿ ਕਿਸਾਨਾ ਦਾ ਸੰਘਰਸ਼ ਹੋਰ ਮਜ਼ਬੂਤ ਕਰਨ ਦੀ ਹੈ ਇਸਦੇ ਲਈ ਯੂਥ ਕਾਂਗਰਸ ਨੇ ਕਿਸਾਨ ਜਥੇਬੰਦੀਆਂ ਦੇ ਸੱਦੇ ਵਾਲੇ ਦਿਨ ਕੋਈ ਵੱਖਰਾ ਸੰਘਰਸ਼ ਨਾ ਵਿੱਢਣ ਦਾ ਫੈਸਲਾ ਲਿਆ ਹੈ ਤਾਂ ਜੋ ਕਿਸਾਨਾ ਦੇ ਸੰਘਰਸ਼ ਵਿੱਚ ਕੋਈ ਵਿਗਨ ਨਾ ਪੈ ਸਕੇ।
ਉਨ੍ਹਾਂ 25 ਸਤੰਬਰ ਨੂੰ ਕਿਸਾਨ ਜਥੇਬੰਦੀਆਂ ਵੱਲੋਂ ਦਿੱਤੇ ਪੰਜਾਬ ਬੰਦ ਦੇ ਸੱਦੇ ਵਿੱਚ ਵੀ ਕਾਂਗਰਸ ਆਗੂਆ ਨੂੰ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ ਹੈ।ਉਨਾ ਯੂਥ ਕਾਂਗਰਸੀ ਆਗੂਆ ਨੂੰ ਕਿਹਾ ਕਿ ਕਿਸਾਨ ਜਥੇਬੰਦੀਆਂ ਜਿਸ ਥਾਂ ਤੇ ਵੀ ਪ੍ਰਦਰਸ਼ਨ ਕਰਨਗੀਆਂ ਉਹ ਉਥੇ ਪੁੱਜ ਕੇ ਉਨਾ ਦੇ ਸੰਘਰਸ਼ ਦਾ ਹਿੱਸਾ ਬਣਨ ਤੇ ਸੰਘਰਸ਼ ਨੂੰ ਹੋਰ ਮਜ਼ਬੂਤ ਕਰਨ।ਢਿੱਲੋ ਨੇ ਕਿਹਾ ਕਿ ਭਾਰਤੀਆ ਨੇ ਜਿਸ ਤਰ੍ਹਾਂ ਨਾਲ ਈਸ਼ਟ ਇੰਡੀਆ ਕੰਪਨੀ ਨੂੰ ਸੰਘਰਸ਼ ਤੇ ਕੁਰਬਾਨੀਆਂ ਨਾਲ ਬਾਹਰ ਕੱਢਿਆ ਸੀ ਉਸੇ ਤਰਾ ਨਾਲ ਵੱਡੇ ਉਦਯੋਗਪਤੀਆ ਦੇ ਹੱਥ ਦੀ ਕਠਪੁਤਲੀ ਬਣ ਚੁੱਕੀ ਮੋਦੀ ਸਰਕਾਰ ਨੂੰ ਲਾਂਭੇ ਕਰਨ ਦੀ ਜ਼ਰੂਰਤ ਹੈ।ਉਨਾ ਕਿਹਾ ਕਿ ਕੇਂਦਰ ਸਰਕਾਰ ਦੇ ਕਿਸਾਨ ਵਿਰੋਧੀ ਰਵੱਈਏ ਦਾ ਪੰਜਾਬੀ ਡਟਵਾਂ ਵਿਰੋਧ ਕਰਨ ਤੋਂ ਢਿੱਲੇ ਨਹੀਂ ਪੈਣਗੇ ਤੇ ਕੇਂਦਰ ਨੂੰ ਪੰਜਾਬੀਆ ਦੀ ਤਾਕਤ ਦਿਖਾਉਣਗੇ।
ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦੇ ਰਾਜ ਸਭਾ ਵਿਚ ਖੇਤੀ ਬਿੱਲ ਧੱਕੇ ਨਾਲ ਪਾਸ ਕਰਵਾਉਣ ਦੇ ਰਵੱਈਏ ਤੋ ਸਾਫ ਜਾਹਿਰ ਹੋ ਗਿਆ ਹੈ ਕਿ ਭਾਜਪਾ ਕਿਸ ਤਰਾ ਨਾਲ ਪੰਜਾਬ ਤੇ ਕਿਸਾਨ ਵਿਰੋਧੀ ਹੈ। ਉਨ੍ਹਾਂ ਕਿਹਾ ਕਿ ਯੂਥ ਕਾਂਗਰਸ ਨੇ ਖੇਤੀ ਬਿਲਾ ਨੂੰ ਲਾਗੂ ਨਾ ਕਰਵਾਉਣ ਲਈ ਵੱਡੇ ਸੰਘਰਸ਼ ਕੀਤੇ ਹਨ ਤੇ ਅੱਗੋਂ ਵੀ ਉਦੋਂ ਤੱਕ ਜਾਰੀ ਰਹਿਣਗੇ ਜਦੋਂ ਤੱਕ ਕੇਂਦਰ ਆਪਣੇ ਫੈਸਲੇ ਤੇ ਪੁਨਰ ਵਿਚਾਰ ਨਹੀ ਕਰਦੀ। ਢਿੱਲੋਂ ਨੇ ਕਿਹਾ ਕਿ ਕੇਂਦਰ ਸਰਕਾਰ ਹੁਣ ਪੰਜਾਬ ਦੇ ਕਿਸਾਨਾ ਨੂੰ ਗੁੰਮਰਾਹ ਕਰਨ ਦੀਆਂ ਕੋਝੀਆਂ ਚਾਲਾਂ ਚੱਲ ਰਹੀ ਹੈ ਤਾਂ ਜੋ ਕਿਸਾਨਾਂ ਦਾ ਸੰਘਰਸ਼ ਮੱਠਾ ਪੈ ਸਕੇ ਪਰ ਪੰਜਾਬ ਦੇ ਕਿਸਾਨ ਅਨਪੜ੍ਹ ਨਹੀਂ ਹਨ ਕਿਉਂ ਕਿ ਨੌਜਵਾਨ ਕਿਸਾਨ ਵੀ ਹੁਣ ਇਨ੍ਹਾਂ ਬਿਲਾਂ ਦੇ ਆਉਣ ਵਾਲੇ ਸਮੇਂ ਵਿੱਚ ਭੁਗਤਣ ਵਾਲੇ ਨਤੀਜਿਆਂ ਤੋਂ ਭਲੀ ਭਾਂਤ ਜਾਣੂ ਹਨ ਕਿ ਕਿਸ ਤਰਾ ਨਾਲ ਕੇਂਦਰ ਸਰਕਾਰ ਕਿਸਾਨਾ ਨੂੰ ਵੱਡੇ ਉਦਿਯੋਗਪਤੀਆ ਦਾ ਗੁਲਾਮ ਬਣਾਉਣ ਦੀ ਕੋਸ਼ਸ਼ਿਾਂ ਤੇ ਤੁਲੀ ਹੋਈ ਹੈ।