ਅਸ਼ੋਕ ਵਰਮਾ
ਮਾਨਸਾ, 24 ਸਤੰਬਰ 2020 - ਮੈਡੀਕਲ ਪ੍ਰੈਕਟੀਸ਼ਨਰਜ ਐਸੋਸੀਏਸ਼ਨ ਪੰਜਾਬ ਜ਼ਿਲ੍ਹਾ ਮਾਨਸਾ ਨੇ ਅਠੱਜ ਸੰਕੇਤਕ ਰੋਸ ਮਾਰਚ ਕਰਕੇ ਐਲਾਨ ਕੀਤਾ ਹੈ ਕਿ ਹੁਣ ਡਾਕਟਰ ਕਿਸਾਨ ਸੰਘਰਸ਼ ਦੇ ਮੋਢੇ ਨਾਲ ਮੋਢਾ ਜੋੜ ਕੇ ਲੜਾਈ ਦੇ ਮੈਦਾਨ ’ਚ ਉੱਤਰਨਗੇ ਜਿਸ ਦੀ ਪਹਿਲਕਦਮੀ ਵਜੋਂ 25 ਸਤੰਬਰ ਦੇ ਬੰਦ ’ਚ ਪੂਰੇ ਜੋਰਾਂ ਸ਼ੋਰਾਂ ਨਾਲ ਹਿੱਸਾ ਲਿਆ ਜਾਏਗਾ। ਸੂਬਾ ਪ੍ਰਧਾਨ ਧੰਨਾ ਮੱਲ ਗੋਇਲ, ਜਿਲ੍ਹਾ ਪ੍ਰਧਾਨ ਰਘਵੀਰ ਚੰਦ ਸ਼ਰਮਾ, ਚੇਅਰਮੈਨ ਤਾਰਾ ਚੰਦ ਭਾਵਾ, ਸਕੱਤਰ ਹਰਚੰਦ ਸਿੰਘ ਮੱਤੀ, ਕੈਸ਼ੀਅਰ ਗਮਦੂਰ ਸਿੰਘ ਰੱਲੀ ਅਤੇ ਅਸ਼ੋਕ ਕਮਾਰ ਗਾਮੀਵਾਲਾ ਆਦਿ ਨੇ ਕਿਹਾ ਜੇਕਰ ਲੋਕ ਵਿਰੋਧੀ ਖੇਤੀ ਬਿੱਲ ਅਤੇ ਬਿਜਲੀ ਸੋਧ ਬਿੱਲ 2020 ਲਾਗੂ ਹੁੰਦੇ ਹਨ ਤਾਂ ਕਿਸਾਨ, ਮਜਦੂਰ, ਛੋਟਾ ਵਪਾਰੀ ਅਤੇ ਮੱਧਵਰਗ ਦਾ ਜੀਣਾ ਦੁੱਭਰ ਹੋ ਜਾਏਗਾ।
ਉਨ੍ਹਾਂ ਦੱਸਿਆ ਕਿ ਆਮ ਲੋਕ ਤਾਂ ਮੋਦੀ ਸਰਕਾਰ ਵੱਲੋਂ ਕੀਤੀ ਨੋਟਬੰਦੀ ਦੇ ਝੰਬੇ ਹੀ ਠੀਕ ਨਹੀਂ ਹੋਏ ਸਨ ਪਰ ਪਹਿਲਾਂ ਜੀਐਸਟੀ ਨੇ ਡੁੱਬਣ ਵਰਗੇ ਹਾਲਾਤ ਪੈਦਾ ਕਰ ਦਿੱਤੇ ਤੇ ਫਿਰ ਕਰੋਨਾਂ ਸੰਕਟ ਆਗਿਆ ਜਦੋਂਕਿ ਹੁਣ ਕੇਂਦਰ ਸਰਕਾਰ ਕਾਲੇ ਕਾਨੂੰਨਾਂ ਰਾਹੀਂ ਲੋਕਾਂ ਦੀ ਸੰਘੀ ਘੁੱਟ ਰਹੀ ਹੈ। ਸੂਬਾ ਪ੍ਰਧਾਨ ਧੰਨਾ ਮੱਲ ਗੋਇਲ ਨੇ ਕਿਹਾ ਕਿ ਲੋਕ ਵਿਰੋਧੀ ਖੇਤੀ ਆਰਡੀਨੈਂਸਾਂ ਦੀ ਹਮਾਇਤ ਕਰਨ ਵਾਲੇ ਆਗੂਆਂ ਦਾ ਸਮਾਜਿਕ ਬਾਈਕਾਟ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਸਮੂਹ ਪੰਜਾਬੀਆਂ ਸ਼ਾਮਲ ਹੋਣ ਦਾ ਸੱਦਾ ਦਿੱਤਾ। ਇਸ ਮੌਕੇ ਅਮਰੀਕਾ ਸਿੰਘ, ਪ੍ਰੇਮ ਸਿੰਘ, ਗੁਲਾਬ ਸਿੰਘ, ਅਜੈਬ ਸਿੰਘ, ਗੋਰਾ ਸਿੰਘ ,ਹਰਜਿੰਦਰ ਸਿੰਘ, ਮੇਜਰ ਸਿੰਘ ਅਤੇ ਜਗਤਾਰ ਸਿੰਘ ਵੀ ਮੌਜੂਦ ਸਨ।