ਹਰੀਸ਼ ਕਾਲੜਾ
ਰੂਪਨਗਰ, 24 ਸਤੰਬਰ 2020 - ਸ੍ਰੀਮਤੀ ਸੋਨਾਲੀ ਗਿਰੀ ਜ਼ਿਲ੍ਹਾ ਮੈਜਿਸਟਰੇਟ ਰੂਪਨਗਰ ਵੱਲੋਂ ਧਾਰਾ 144 ਅਧੀਨ ਜ਼ਿਲ੍ਹਾ ਰੂਪਨਗਰ ਦੀ ਹੱਦ ਅੰਦਰ ਝੋਨੇ ਦੀ ਰਹਿੰਦ ਖ਼ੂੰਹਦ, ਪਰਾਲੀ, ਨਾੜ ਨੂੰ ਅੱਗ ਲਗਾਉਣ ਤੇ ਪੂਰਨ ਪਾਬੰਦੀ ਲਗਾ ਦਿੱਤੀ ਹੈ । ਇਹ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਆਮ ਤੌਰ ਤੇ ਜ਼ਿਮੀਂਦਾਰ ਝੋਨੇ ਦੀ ਕਟਾਈ ਤੋਂ ਬਾਅਦ ਬਚ ਗਈ ਰਹਿੰਦ ਖ਼ੂੰਹਦ, ਪਰਾਲੀ, ਨਾੜ ਨੂੰ ਖੇਤਾਂ ਵਿਚ ਅੱਗ ਲਗਾ ਦਿੰਦੇ ਹਨ ਜਿਸ ਨਾਲ ਵਾਤਾਵਰਨ ਜੀਵ ਜੰਤੂਆਂ ਤੇ ਲਾਗੇ ਖੜ੍ਹੀ ਫਸਲ ,ਸੜਕ ਦੇ ਕਿਨਾਰੇ ਲਗਾਏ ਬੂਟੇ ਦਰੱਖਤਾਂ ਨੂੰ ਨੁਕਸਾਨ ਹੋਣ ਦਾ ਡਰ ਰਹਿੰਦਾ ਹੈ । ਉਨ੍ਹਾਂ ਦੱਸਿਆ ਕਿ ਇਸ ਸਥਿਤੀ ਦੇ ਮੱਦੇਨਜ਼ਰ ਉਨ੍ਹਾਂ ਨੇ ਫ਼ੌਜਦਾਰੀ ਜ਼ਾਬਤਾ ਸੰਘਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜਿਲ੍ਹਾ ਰੂਪਨਗਰ ਦੀ ਹੱਦ ਅੰਦਰ ਝੋਨੇ ਦੀ ਰਹਿੰਦ ਖ਼ੂੰਹਦ, ਪਰਾਲੀ, ਨਾੜ ਨੂੰ ਅੱਗ ਲਗਾਉਣ ਤੋਂ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਕੀਤੇ ਹਨ ।