ਅਸ਼ੋਕ ਵਰਮਾ
ਚੰਡੀਗੜ੍ਹ, 24 ਸਤੰਬਰ 2020 - ਕਿਸਾਨ ਮਜਦੂਰ ਸੰਘਰਸ਼ ਕਮੇਟੀ ਵੱਲੋਂ ਦਿੱਤੇ 48 ਘੰਟਿਆਂ ਦੇ ਰੇਲ ਰੋਕੋ ਅੰਦੋਲਨ ਦੇ ਸੱਦੇ ਦੀ ਹਮਾਇਤ ’ਚ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੀ ਅਗਵਾਈ ਹੇਠ ਮਾਲਵੇ ’ਚ ਹਜਾਰਾਂ ਦੀ ਤਾਦਾਦ ’ਚ ਮਾਨਸਾ ,ਬਰਨਾਲਾ ,ਨਾਭਾ(ਪਟਿਆਲਾ) ਤੇ ਛਾਜਲੀ (ਸੰਗਰੂਰ) ’ਚ ਚਾਰ ਥਾਵਾਂ ਤੇ ਰੇਲਵੇ ਲਾਈਨਾਂ ਉੱਪਰ ਧਰਨੇ ਸ਼ੁਰੂ ਕਰ ਕੀਤੇ। ਇਸ ਤੋਂ ਇਲਾਵਾ ਦੇਵੀਦਾਸਪੁਰਾ (ਜਲੰਧਰ) ਅਤੇ ਫਿਰੋਜਪੁਰ ਵਿਖੇ ਵੀ ਰੇਲ ਜਾਮ ਧਰਨਿਆਂ ਵਿੱਚ ਹਮਾਇਤੀ ਜੱਥਿਆਂ ਨੇ ਵੀ ਹਾਜਰੀ ਭਰੀ।ਕਿਸਾਨਾਂ ਨੇ ਕਰੋਨਾ ਦੀ ਆੜ ਹੇਠ ਕਿਸਾਨ ਮਾਰੂ ਆਰਡੀਨੈਂਸਾਂ ਨੂੰ ਪਾਰਲੀਮੈਂਟ ਵਿੱਚ ਵੀ ਧੱਕੇ ਨਾਲ ਪਾਸ ਕਰ ਕੇ ਖੇਤੀ ਉੱਤੇ ਸਾਮਰਾਜੀ ਕਾਰਪੋਰੇਟਾਂ ਦਾ ਮੁਕੰਮਲ ਕਬਜਾ ਕਰਾਉਣ ‘ਤੇ ਉਤਾਰੂ ਮੋਦੀ ਭਾਜਪਾ ਹਕੂਮਤ ਵਿਰੁੱਧ ਜਬਰਦਸਤ ਨਾਅਰੇਬਾਜੀ ਕੀਤੀ।
ਜਥੇਬੰਦੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਪ੍ਰੈਸ ਬਿਆਨ ਰਾਹੀਂ ਇਹ ਜਾਣਕਾਰੀ ਦਿੰਦੇ ਹੋਏ ਕਿ ਪੂਰੇ ਪੰਜਾਬ ‘ਚ ਮੋਦੀ ਭਾਜਪਾ ਹਕੂਮਤ ਵਿਰੁੱਧ ਦਿਨੋਂ ਦਿਨ ਪ੍ਰਚੰਡ ਹੋ ਰਹੇ ਰੋਹ ਦਾ ਪ੍ਰਗਟਾਵਾ ਉਦੋਂ ਦੇਖਣ ਨੂੰ ਮਿਲਿਆ ਜਦੋਂ ਜਥੇਬੰਦੀ ਦੇ ਦਾਇਰੇ ਤੋਂ ਬਾਹਰਲੇ ਕਿਸਾਨ ਮਜਦੂਰ ਤੇ ਹੋਰ ਕਿਰਤੀ ਵੀ ਜੱਥੇ ਲੈ ਕੇ ਧਰਨਿਆਂ ਵਿੱਚ ਸ਼ਾਮਿਲ ਹੋਏ। ਭਾਰੀ ਗਿਣਤੀ ‘ਚ ਨੌਜਵਾਨਾਂ ਤੇ ਔਰਤਾਂ ਸਮੇਤ ਥਾਂ ਥਾਂ ਸੈਂਕੜਿਆਂ ਦੀ ਗਿਣਤੀ ‘ਚ ਪੁੱਜੇ ਇਕੱਠਾਂ ਨੂੰ ਸੰਬੋਧਨ ਕਰਨ ਵਾਲੇ ਜਥੇਬੰਦੀ ਦੇ ਮੁੱਖ ਬੁਲਾਰਿਆਂ ਵਿੱਚ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ,ਜਸਵਿੰਦਰ ਸਿੰਘ ਲੌਂਗੋਵਾਲ, ਰਾਮ ਸਿੰਘ ਭੈਣੀਬਾਘਾ, ਰਾਜਵਿੰਦਰ ਸਿੰਘ ਰਾਮਨਗਰ, ਕਮਲਜੀਤ ਕੌਰ, ਹਰਪ੍ਰੀਤ ਕੌਰ ਜੇਠੂਕੇ, ਚਮਕੌਰ ਸਿੰਘ ਨੈਣੇਵਾਲ, ਸਤਵਿੰਦਰ ਕੌਰ ਸ਼ਾਦੀਹਰੀਕੇ, ਸਨੇਹਦੀਪ, ਅਮਰੀਕ ਸਿੰਘ ਗੰਢੂਆਂ, ਮਨਜੀਤ ਸਿੰਘ ਨਿਆਲ ਸ਼ਾਮਲ ਸਨ।
ਮੋਦੀ ਦੁਆਰਾ ਭਾਜਪਾ ਕਾਰਕੁਨਾਂ ਨੂੰ ਕਾਲੇ ਖੇਤੀ ਕਾਨੂੰਨਾਂ ਦੇ ਪੱਖ ‘ਚ ਪ੍ਰਚਾਰ ਕਰਨ ਦੇ ਸੱਦੇ ਦਾ ਚੈਲੰਜ ਕਬੂਲ ਕਰਦਿਆਂ ਬੁਲਾਰਿਆਂ ਨੇ ਕਿਸਾਨਾਂ ਨੂੰ ਸੱਦਾ ਦਿੱਤਾ ਕਿ ਅਜਿਹੇ ਅੰਨੇ ਮੋਦੀ-ਭਗਤਾਂ ਨੂੰ ਥਾਂ ਥਾਂ ਘੇਰ ਕੇ ਲਾ-ਜਵਾਬ ਕੀਤਾ ਜਾਵੇ। ਬੁਲਾਰਿਆਂ ਨੇ ਦੋਸ਼ ਲਾਇਆ ਕਿ ਇਹ ਕਾਨੂੰਨ ਪੂਰੀ ਖੇਤੀ ਮੰਡੀ ਨੂੰ ਦੇਸੀ ਵਿਦੇਸ਼ੀ ਸਾਮਰਾਜੀ ਕਾਰਪੋਰੇਟਾਂ ਦੀ ਮੁੱਠੀ ਵਿੱਚ ਦੇਣ ਅਤੇ ਵਾਹੀਯੋਗ ਜ਼ਮੀਨਾਂ ਹਥਿਆ ਕੇ ਵੱਡੇ ਕਾਰਪੋਰੇਟ ਖੇਤੀ ਫਾਰਮ ਉਸਾਰਨ ਵਾਲੇ ਹਨ ਜਿੰਨਾਂ ਰਾਹੀਂ ਛੋਟੀ ਦਰਮਿਆਨੀ ਕਿਸਾਨੀ ਦੀ ਮੌਤ ਦੇ ਵਰੰਟਾਂ ਤੇ ਸਹੀ ਪਾਈ ਗਈ ਹੈ। ਉਹਨਾਂ ਨੇ ਦਾਅਵਾ ਕੀਤਾ ਕਿ ਅਣਖੀਲੇ ਜੁਝਾਰੂ ਕਿਸਾਨ ਮਜਦੂਰ ਤੇ ਸੰਘਰਸ਼ਸ਼ੀਲ ਲੋਕ ਹਰ ਤਰਾਂ ਦੀ ਕੁਰਬਾਨੀ ਦੇਕੇ ਇਹਨਾਂ ਕਾਨੂੰਨਾਂ ਵਿਰੁੱਧ ਲੰਬੇ ਜਾਨਹੂਲਵੇਂ ਸੰਘਰਸ਼ਾਂ ਦੀ ਝੜੀ ਨਾਲ ਸਰਕਾਰ ਨੂੰ ਝੁਕਣ ਲਈ ਮਜਬੂਰ ਕਰ ਦੇਣਗੇ।
ਉਹਨਾਂ ਨੇ ਤਿੰਨੇ ਕਾਲੇ ਖੇਤੀ ਕਾਨੂੰਨ ਅਤੇ ਬਿਜਲੀ ਸੋਧ ਬਿੱਲ 2020 ਸਣੇ ਭੂਮੀ ਗ੍ਰਹਿਣ ਬਿੱਲ ਦੀਆਂ ਸੋਧਾਂ ਰੱਦ ਕਰਨ, ਲਗਾਤਾਰ ਵਧ ਰਹੇ ਖੇਤੀ ਘਾਟਿਆਂ ਕਾਰਨ ਚੜੇ ਜਾਨਲੇਵਾ ਕਰਜੇ ਮੋੜਨੋਂ ਅਸਮਰੱਥ ਕਿਸਾਨਾਂ ਮਜ਼ਦੂਰਾਂ ਦੇ ਹਰ ਕਿਸਮ ਦੇ ਕਰਜੇ ਖਤਮ ਤੇ ਸੂਦਖੋਰੀ ਕਰਜਾ ਕਾਨੂੰਨ ਕਿਸਾਨ ਮਜ਼ਦੂਰ ਪੱਖੀ ਬਨਾਉਣ। ਕਰਜਿਆਂ ਦੁੱਖੋਂ ਖੁਦਕੁਸ਼ੀਆਂ ਦਾ ਸ਼ਿਕਾਰ ਹੋਏ ਕਿਸਾਨਾਂ ਮਜਦੂਰਾਂ ਦੇ ਵਾਰਸਾਂ ਨੂੰ 5-5 ਲੱਖ ਦੀ ਫੌਰੀ ਰਾਹਤ ਅਤੇ 1-1 ਪੱਕੀ ਨੌਕਰੀ ਦੇਣ। ਕਰੋਨਾ ਦੀ ਆੜ ਹੇਠ ਬੇਇਨਸਾਫੀਆਂ ਤੇ ਧੱਕੇਸਾਹੀਆਂ ਖਿਲਾਫ ਲਿਖਣ ਬੋਲਣ ਵਾਲੇ ਕਵੀਆਂ, ਬੁੱਧੀਜੀਵੀਆਂ,ਵਕੀਲਾਂ, ਕਲਾਕਾਰਾਂ, ਲੇਖਕਾਂ ਉੱਤੇ ਝੂਠੇ ਕੇਸ ਮੜ ਮੜ ਕੇ ਜੇਲੀਂ ਡੱਕੇ ਬਜ਼ੁਰਗ ਕਵੀ ਵਰਵਰਾ ਰਾਓ, 90% ਅੰਗਹੀਣ ਪ੍ਰੋ: ਜੀ ਐਨ ਸਾਂਈਂਬਾਬਾ ਸਮੇਤ ਸ਼ਾਹੀਨ ਬਾਗ ਤੇ ਜਾਮੀਆ ਯੂਨੀਵਰਸਿਟੀ ਦੇ ਜਨਤਕ ਜਮਹੂਰੀ ਆਗੂਆਂ ਸਭਨਾਂ ਨੂੰ ਬਿਨਾਂ ਸ਼ਰਤ ਰਿਹਾਅ ਕਰਨ ਸਮੇਤ ਹੋਰ ਵੀ ਮੰਗਾਂ ਪ੍ਰਵਾਨ ਕਰਨ ਦੀ ਮੰਗ ਕੀਤੀ।
ਉਹਨਾਂ ਦੱਸਿਆ ਕਿ 31 ਕਿਸਾਨ ਜਥੇਬੰਦੀਆਂ ਦੇ ਸੱਦੇ ‘ਤੇ ਭਲਕੇ ਕੀਤੇ ਜਾ ਰਹੇ ਮੁਕੰਮਲ ਪੰਜਾਬ ਬੰਦ ਦੀ ਤਿਆਰੀ ਲਈ ਜਥੇਬੰਦੀ ਦੇ ਹਜ਼ਾਰਾਂ ਵਲੰਟੀਅਰ ਮੋਟਰਸਾਈਕਲ ਕਾਫਲਿਆਂ ਰਾਹੀਂ ਪਿੰਡ ਪਿੰਡ ਸ਼ਹਿਰ ਸ਼ਹਿਰ ਸਪੀਕਰਾਂ ਤੇ ਹੋਕੇ ਅੱਜ ਵੀ ਲਾ ਰਹੇ ਹਨ। ਬੰਦ ਨੂੰ ਦੁਕਾਨਦਾਰਾਂ ਸਮੇਤ ਹਰ ਵਰਗ ਦੇ ਕਿਰਤੀਆਂ,ਕਲਾਕਾਰਾਂ, ਵਪਾਰੀਆਂ ਤੇ ਸਮਾਜਿਕ/ਧਾਰਮਿਕ/ਸੰਸਥਾਵਾਂ/ਕਲੱਬਾਂ ਤੋਂ ਇਲਾਵਾ ਪਾਰਟੀ ਹਿੱਤਾਂ ਤੋਂ ਉੱਪਰ ਉੱਠੇ ਪੰਚਾਂ ਸਰਪੰਚਾਂ ਤੇ ਹੋਰ ਮੁਹਤਬਰਾਂ ਵੱਲੋਂ ਵੀ ਜ਼ਬਰਦਸਤ ਹੁੰਗਾਰਾ ਮਿਲ ਰਿਹਾ ਹੈ। ਬੰਦ ਦੀ ਕਾਮਯਾਬੀ ਲਈ ਦੁਕਾਨਦਾਰਾਂ ਦੇ ਨਾਂ ਅਪੀਲ ਵਾਲਾ ਹੱਥ ਪਰਚਾ ਵੀ ਹਜ਼ਾਰਾਂ ਦੀ ਗਿਣਤੀ ‘ਚ ਵੰਡਿਆ ਗਿਆ ਹੈ। ਉਨਾਂ ਆਖਿਆ ਕਿ ਪੰਜਾਬ ਭਰ ’ਚ ਬੰਦ ਅਤੇ ਸੰਘਰਸ਼ ਨੂੰ ਲੈਕੇ ਭਾਰੀ ਉਤਸ਼ਾਹ ਹੈ।
ਉਹਨਾਂ ਖਬਰਦਾਰ ਕੀਤਾ ਕਿ ਕਿਸੇ ਵੀ ਸਿਆਸੀ ਪਾਰਟੀ ਦਾ ਕੋਈ ਆਗੂ ਜਥੇਬੰਦੀ ਦੇ ਧਰਨਿਆਂ ਵਿੱਚ ਆਉਣ ਦੀ ਖੇਚਲ ਨਾ ਕਰੇ। ਕੋਈ ਆਮ ਪਾਰਟੀ ਕਾਰਕੁੰਨ ਵੀ ਪਾਰਟੀ ਝੰਡਾ ਨਾ ਲੈ ਕੇ ਆਵੇ। ਉਹਨਾਂ ਨੇ ਐਲਾਨ ਕੀਤਾ ਕਿ ਅੱਜ ਵਾਲੇ ਰੇਲ ਜਾਮ ਤਾਂ 48 ਘੰਟੇ ਜਾਰੀ ਰਹਿਣਗੇ ਸਗੋਂ ਬੰਦ ਤੋਂ ਅਗਲੇ ਦਿਨ ਹੋਰ ਵੀ ਕਈ ਜਿਲਿਆਂ ਵਿੱਚ ਲਾਏ ਜਾਣਗੇ। ਉਸ ਤੋਂ ਅਗਲੇ ਪੜਾਅ ‘ਤੇ ਪਹਿਲੀ ਅਕਤੂਬਰ ਤੋਂ 31 ਜਥੇਬੰਦੀਆਂ ਦੇ ਸੱਦੇ ‘ਤੇ ਅਣਮਿਥੇ ਸਮੇਂ ਲਈ ਲਾਏ ਜਾਣ ਵਾਲੇ ਰੇਲ ਜਾਮ ਵੀ ਪੂਰੀ ਤਰਾਂ ਕਾਮਯਾਬ ਕੀਤੇ ਜਾਣਗੇ। ਸ਼ਹੀਦੇਆਜ਼ਮ ਭਗਤ ਸਿੰਘ ਦੇ ਜਨਮ ਦਿਨ ਮੌਕੇ 28 ਸਤੰਬਰ ਨੂੰ ਪਿੰਡ ਪਿੰਡ ਭਰਵੀਆਂ ਨੌਜਵਾਨ ਮੀਟਿੰਗਾਂ ਕਰਕੇ ਸ਼ਹੀਦ ਦੀ ਇਨਕਲਾਬੀ ਵਿਚਾਰਧਾਰਾ ਤੋਂ ਜਾਣੂ ਕਰਵਾਇਆ ਜਾਵੇਗਾ।