ਹਰਜਿੰਦਰ ਸਿੰਘ ਭੱਟੀ
- ਸਿਵਲ ਹਸਪਤਾਲ ਅਤੇ ਫਲੂ ਸੈਂਟਰ ਦਾ ਵੀ ਕੀਤਾ ਦੌਰਾ
- ਮਰੀਜ਼ਾਂ ਨਾਲ ਕੀਤੀ ਗੱਲਬਾਤ
- ਘਰੇਲੂ ਇਕਾਂਤਵਾਸ ਅਧੀਨ ਮਰੀਜ਼ਾਂ ਨਾਲ ਵੀ ਫੋਨ 'ਤੇ ਕੀਤੀ ਗੱਲਬਾਤ
ਐਸ.ਏ.ਐਸ.ਨਗਰ, 24 ਸਤੰਬਰ 2020 - ਮਰੀਜ਼ਾਂ ਨੂੰ ਦਿੱਤੀਆਂ ਜਾ ਰਹੀਆਂ ਕੋਵਿਡ ਦੇਖਭਾਲ ਸੇਵਾਵਾਂ ਦੀ ਜ਼ਮੀਨੀ ਹਕੀਕਤ ਦਾ ਜਾਇਜ਼ਾ ਲੈਣ ਲਈ, ਕਮਿਸ਼ਨਰ ਰੂਪਨਗਰ ਡਵੀਜ਼ਨ, ਸ੍ਰੀ ਰਾਹੁਲ ਤਿਵਾੜੀ ਵਲੋਂ ਐਸ.ਏ.ਐਸ.ਨਗਰ ਦੇ ਖਰੜ ਸਬ-ਡਵੀਜ਼ਨ ਦੇ ਸਿਵਲ ਹਸਪਤਾਲ ਦਾ ਅਚਨਚੇਤ ਦੌਰਾ ਕੀਤਾ ਗਿਆ।
ਉਹਨਾਂ ਹਸਪਤਾਲ ਦੇ ਵਾਰਡ ਦਾ ਨਿਰੀਖਣ ਕੀਤਾ ਅਤੇ ਮਰੀਜ਼ਾਂ ਨੂੰ ਦਿੱਤੀਆਂ ਜਾ ਰਹੀਆਂ ਦੇਖਭਾਲ ਅਤੇ ਡਾਕਟਰੀ ਸਹੂਲਤਾਂ ਬਾਰੇ ਫੀਡਬੈਕ ਲੈਣ ਲਈ ਮਰੀਜ਼ਾਂ ਨਾਲ ਗੱਲਬਾਤ ਕੀਤੀ। ਡਾਕਟਰਾਂ ਦੀਆਂ ਸੇਵਾਵਾਂ ਦੀ ਜਾਂਚ ਕਰਦਿਆਂ, ਉਹਨਾਂ ਘਰੇਲੂ ਇਕਾਂਤਵਾਸ ਅਧੀਨ ਮਰੀਜ਼ਾਂ ਦਾ ਦਾਖਲਾ ਰਜਿਸਟਰ ਦੇਖਿਆ ਅਤੇ ਉਹਨਾਂ ਵਿਚੋਂ ਕੁਝ ਮਰੀਜ਼ਾਂ ਨਾਲ ਫੋਨ 'ਤੇ ਗੱਲਬਾਤ ਕੀਤੀ। ਉਹਨਾਂ ਡਾਕਟਰਾਂ ਦੁਆਰਾ ਕੀਤੀਆਂ ਕਾਲਾਂ ਬਾਰੇ ਪੁੱਛਗਿੱਛ ਕੀਤੀ ਅਤੇ ਘਰੇਲੂ ਇਕਾਂਤਵਾਸ ਵਾਲੇ ਮਰੀਜ਼ਾਂ ਨੂੰ ਦਿੱਤੀਆਂ ਜਾਣ ਵਾਲੀਆਂ ਡਾਕਟਰੀ ਦੇਖਭਾਲ ਸਹੂਲਤਾਂ ਵਿੱਚ ਹੋਰ ਸੁਧਾਰ ਲਿਆਉਣ ਲਈ ਉਨ੍ਹਾਂ ਦੇ ਸੁਝਾਅ ਵੀ ਮੰਗੇ।
ਕੋਵਿਡ-19 ਮਰੀਜ਼ਾਂ ਨੂੰ ਦਿੱਤੀਆਂ ਦੇਖਭਾਲ ਸਹੂਲਤਾਂ ਅਤੇ ਇਲਾਜ ਦੀ ਸਥਿਤੀ ਦੀ ਸਮੀਖਿਆ ਕਰਨ ਤੋਂ ਇਲਾਵਾ ਡਵੀਜ਼ਨਲ ਕਮਿਸ਼ਨਰ ਨੇ ਹਸਪਤਾਲ ਵਿਚ ਉਪਲਬਧ ਦਵਾਈ ਅਤੇ ਆਕਸੀਜਨ ਦੀ ਸਪਲਾਈ ਦਾ ਜਾਇਜ਼ਾ ਵੀ ਲਿਆ।
ਇਸ ਦੌਰੇ ਦਾ ਸਭ ਤੋਂ ਦਿਲਚਸਪ ਹਿੱਸਾ ਇਹ ਸੀ ਜਦੋਂ ਇਕ ਸੀਨੀਅਰ ਅਫਸਰ ਦੇ ਅਚਨਚੇਤ ਦੌਰੇ ਤੋਂ ਸਟਾਫ ਘਬਰਾ ਗਿਆ ਪਰ ਜਦੋਂ ਉਹਨਾਂ ਨੇ ਸਟਾਫ ਨਾਲ ਸਹਿਯੋਗੀ ਅਤੇ ਮਿਲਣਸਾਰ ਰਵੱਈਏ ਨਾਲ ਗੱਲਬਾਤ ਕੀਤੀ ਤੇ ਸਟਾਫ ਦੀਆਂ ਚਿੰਤਾਵਾਂ ਨੂੰ ਦੂਰ ਕੀਤਾ ਅਤੇ ਉਹਨਾਂ ਨਾਲ ਸੈਲਫੀਆਂ ਵੀ ਲਈਆਂ। ਸ੍ਰੀ ਤਿਵਾੜੀ ਨੇ ਕਿਹਾ, “ਪਿਛਲੇ ਛੇ ਮਹੀਨਿਆਂ ਤੋਂ ਮੁਸ਼ਕਲ ਭਰੇ ਸਮੇਂ ਦੌਰਾਨ ਕੰਮ ਕਰ ਰਹੇ ਡਾਕਟਰਾਂ ਅਤੇ ਪੈਰਾ ਮੈਡੀਕਲ ਡਾਕਟਰਾਂ ਦੇ ਮਨੋਬਲ ਨੂੰ ਉਤਸ਼ਾਹਤ ਕਰਨ ਲਈ ਮੈਂ ਘੱਟੋ-ਘੱਟ ਇੰਨਾਂ ਤਾਂ ਕਰ ਹੀ ਸਕਦਾ ਹਾਂ।”
ਬਾਅਦ ਵਿਚ, ਉਹਨਾਂ ਸਥਾਨਕ ਤਹਿਸੀਲ ਦਫ਼ਤਰ ਦਾ ਦੌਰਾ ਕੀਤਾ ਅਤੇ ਸਟੈਂਪ ਡਿਊਟੀ ਉਗਰਾਹੀ, ਵਸੂਲੀ, ਲੰਬਿਤ ਪਏ ਅਦਾਲਤੀ ਕੇਸਾਂ ਅਤੇ ਫਰਦ ਕੇਂਦਰ ਦੇ ਕੰਮ-ਕਾਜ ਦਾ ਜਾਇਜ਼ਾ ਲਿਆ। ਉਹਨਾਂ ਨੇ ਫਾਈਲ ਦੇ ਅਸੰਗਠਿਤ ਰੱਖ-ਰਖਾਵ ਅਤੇ ਜਮ੍ਹਾਂਬੰਦੀ ਰਿਕਾਰਡ ਦੇ ਆਟੋ ਅਪਡੇਸ਼ਨ ਵਿਚ ਖਾਮੀਆਂ ਕਾਰਨ ਸਟਾਫ ਨੂੰ ਤਾੜਿਆ। ਸ੍ਰੀਮਤੀ ਮਨੀਸ਼ਾ ਰਾਣਾ ਆਈ.ਏ.ਐੱਸ. (ਸਿਖਲਾਈ ਅਧੀਨ) ਜਿਹਨਾਂ ਕੋਲ ਐਸ.ਡੀ.ਐਮ ਖਰੜ ਦਾ ਚਾਰਜ ਹੈ, ਨੇ ਡਵੀਜਨਲ ਕਮਿਸ਼ਨਰ ਦੇ ਇਸ ਦੌਰਾ ਦੌਰਾਨ ਸਹਿਯੋਗ ਦਿੱਤਾ।