ਅਸ਼ੋਕ ਵਰਮਾ
ਬਠਿੰਡਾ, 24 ਸਤੰਬਰ 2020 - ਸਿਹਤ ਮੁਲਾਜ਼ਮ ਸੰਘਰਸ਼ ਕਮੇਟੀ ਪੰਜਾਬ ਦੇ ਸੱਦੇ ਤੇ ਅੱਜ ਵਿੱਤ ਮੰਤਰੀ ਦੇ ਦਫਤਰ ਦਾ ਘਿਰਾਓ ਕਰਨ ਜਾ ਰਹੇ ਸਿਹਤ ਮੁਲਾਜ਼ਮਾਂ ਪੁਲਿਸ ਨੇ ਖਿੱਚ ਧੂਹ ਕੀਤੀ। ਜਦੋਂ ਸਿਹਤ ਮੁਲਾਜਮਾਂ ਨੇ ਬੈਰੀਕੇਡਾਂ ਤੋਂ ਅੱਗੇ ਵਧਣਾ ਚਾਹਿਆ ਤਾਂ ਪੁਲਿਸ ਨੇ ਹਲਕਾ ਬਲ ਪ੍ਰਯੋਗ ਵੀ ਕੀਤਾ। ਸਿਹਤ ਮੁਲਾਜਮ ਆਪਣੀਆਂ ਮੰਗਾਂ ਨੂੰ ਲੈ ਕੇ ਚੌਵੀ ਜੁਲਾਈ ਤੋਂ ਲਗਾਤਾਰ ਸੰਘਰਸ਼ ਕਰ ਰਹੇ ਹਨ ਜਿਸ ਤਹਿਤ ਅੱਜ ਰੋਸ ਮੁਜਾਹਰਾ ਕਰਨ ਦਾ ਪ੍ਰੋਗਰਾਮ ਰੱਖਿਆ ਹੋਇਆ ਸੀ ਜਿਸ ਦੀ ਸ਼ੁਰੂਆਤ ਕਰੋਨਾ ਸੰਕਟ ’ਚ ਮਾਰੇ ਗਏ ਸਾਥੀਆਂ ਨੂੰ ਮੌਨ ਧਾਰ ਕੇ ਸ਼ਰਧਾਂਜਲੀ ਦੇਣ ਨਾਲ ਕੀਤੀ ਅਤੇ ਉਨਾਂ ਨੂੰ ਸ਼ਹੀਦ ਕਰਾਰ ਦਿੱਤਾ। ਇਸ ਰੋਸ ਮੁਜਾਹਰੇ ਦੀ ਅਗਵਾਈ ਕਰਨ ਵਾਲੇ ਸੰਘਰਸ਼ ਕਮੇਟੀ ਦੇ ਕਨਵੀਨਰਾਂ ਕੁਲਬੀਰ ਸਿੰਘ ਮੋਗਾ ਅਤੇ ਨਰਿੰਦਰ ਕੌਰ ਮੁਕਤਸਰ ਨੇ ਆਖਿਆ ਕਿ ਕੱਚੇ ਕਾਮਿਆਂ ਨੂੰ ਪੱਕਿਆਂ ਕਰਾਉਣ, ਨਵਨਿਯੁਕਤ ਕਾਮਿਆਂ ਦਾ ਪ੍ਰਵੇਸ਼ਨ ਪੀਰੀਅਡ ਦੋ ਸਾਲ ਅਤੇ ਕੋਵਿਡ ਉੱਨੀ ਦੌਰਾਨ ਕੰਮ ਕਰਨ ਵਾਲੇ ਮੁਲਾਜਮਾਂ ਨੂੰ ਸਪੈਸ਼ਲ ਇਨਕਰੀਮੈਂਟ ਦੇਣ ਦੀ ਮੰਗ ਨੂੰ ਲੈਕੇ ਸੰਘਰਸ਼ ਚੱਲ ਰਿਹਾ ਹੈ।
ਉਨਾਂ ਦੱਸਿਆ ਕਿ ਸਿਹਤ ਮੰਤਰੀ ਪੰਜਾਬ ਨਾਲ ਦੋ ਮੀਟਿੰਗਾਂ ਵੀ ਕੀਤੀਆਂ ਜੋ ਬੇਸਿੱਟਾ ਰਹੀਆਂ ਹਨ। ਉਨਾਂ ਕਿਹਾ ਕਿ ਪੰਜਾਬ ਸਰਕਾਰ ਇੱਕ ਪਾਸੇ ਘਰ ਘਰ ਰੁਜਗਾਰ ਦੇ ਨਾਅਰੇ ਦੇ ਸਿਰ ਤੇ ਗੱਦੀ ਤੇ ਬੈਠੀ ਹੈ ਅਤੇ ਦੂਜੇ ਪਾਸੇ ਪਹਿਲਾਂ ਤੋਂ ਲੋਕਾਂ ਨੂੰ ਮਿਲ ਰਹੇ ਰੁਜ਼ਗਾਰ ਨੂੰ ਖੋਹਣ ਲੱਗੀ ਹੋਈ ਹੈ। ਉਨਾਂ ਕਿਹਾ ਕਿ ਕਰੋਨਾਂ ਸੰਕਟ ’ਚ ਮੋਹਰੀ ਹੋਕੇ ਲੜਾਈ ਲੜਨ ਦੌਰਾਨ ਜਾਨਾਂ ਤੱਕ ਗਵਾ ਰਹੇ ਹਨ ਜਿੰਨਾਂ ਨੂੰ ਪੱਕਿਆਂ ਕਰਨ ਦੀ ਬਜਾਏ ਸਿਹਤ ਮੰਤਰੀ ਵੱਲੋਂ ਟਾਲ ਮਟੋਲ ਦੀ ਨੀਤੀ ਅਪਣਾਈ ਜਾ ਰਹੀ ਹੈ। ਬੁਲਾਰਿਆਂ ਨੇ ਸਰਕਾਰ ਤੇ ਮੁਲਾਜ਼ਮ ਮਾਰੂ ਨੀਤੀਆਂ ਨੂੰ ਲਾਗੂ ਕਰਨ ਦਾ ਦੋਸ਼ ਲਾਉਂਦਿਆਂਕਿਹਾ ਕਿ ਪਿਛਲੇ ਲਗਭਗ ਬਾਰਾਂ ਬਾਰਾਂ ਸਾਲਾਂ ਤੋਂ ਸਿਹਤ ਵਿਭਾਗ ਵਿੱਚ ਕੰਮ ਕਰਨ ਵਾਲੇ ਮੁਲਾਜ਼ਮਾਂ ਨੂੰ ਪੱਕਾ ਕਰਨ ਦੀ ਬਜਾਏ ਮਹਿਕਮੇ ਵਿੱਚ ਨਿਗੂਣੀ ਭਰਤੀ ਕਰਕੇ ਲੋਕਾਂ ਤੇ ਮੁਲਾਜਮਾਂ ਦੇ ਨਾਲ ਕੋਝੀ ਰਾਜਨੀਤਕ ਚਾਲ ਚੱਲੀ ਜਾ ਰਹੀ ਹੈ ।
ਉਨਾਂ ਕਿਹਾ ਕਿ ਜੇਕਰ ਸਰਕਾਰ ਸੱਚਮੁੱਚ ਹੀ ਲੋਕਾਂ ਦੀ ਭਲਾਈ ਕਰਨੀ ਚਾਹੁੰਦੀ ਹੈ ਤਾਂ ਪਹਿਲਾਂ ਸਿਹਤ ਵਿਭਾਗ ਵਿੱਚ ਕੰਮ ਕਰਨ ਵਾਲੇ ਕੱਚੇ ਕਾਮਿਆਂ ਨੂੰ ਪੱਕਾ ਕਰੇ ਤੇ ਫਿਰ ਖਾਲੀ ਪਈਆਂ ਅਸਾਮੀਆਂ ਤੇ ਨਵੀਂ ਭਰਤੀ ਕੀਤੀ ਜਾਏ। ਮੁਲਾਜਮ ਆਗੂਆਂ ਨੇ ਆਖਿਆ ਕਿ ਜਦੋਂ ਸਰਕਾਰ ਨੂੰ ਲੋਕਾਂ ਦੇ ਇਲਾਜ ਲਈ ਵੱਧ ਤੋਂ ਵੱਧ ਮੈਡੀਕਲ ਤੇ ਪੈਰਾ ਮੈਡੀਕਲ ਕਾਮਿਆਂ ਦੀ ਲੋੜ ਹੈ ਤਾਂ ਉਸ ਵਕਤ ਨਵੇਂ ਕਾਮੇ ਪੈਦਾ ਕਰਨ ਦੀ ਥਾਂ ਪੰਜਾਬ ਸਰਕਾਰ ਨੇ ਪਹਿਲਾਂ ਮੈਡੀਕਲ ਵਿਦਿਆਰਥੀਆਂ ਦੀਆਂ ਫੀਸਾਂ ਵਿੱਚ ਸੱਤਰ ਫੀਸਦੀ ਵਾਧਾ ਕਰਕੇ ਤੇ ਹੁਣ ਪੈਰਾ ਮੈਡੀਕਲ ਵਿਦਿਆਰਥੀਆਂ ਦੀਆਂ ਫੀਸਾਂ ਵਿੱਚ ਚਾਲੀ ਫੀਸਦੀ ਵਧਾਉਣ ਨਾਲ ਆਪਣਾ ਲੋਕ ਵਿਰੋਧੀ ਚਿਹਰਾ ਲੋਕਾਂ ਦੇ ਸਾਹਮਣੇ ਨੰਗਾ ਕਰ ਲਿਆ ਹੈ ।
ਸੰਘਰਸ਼ ਕਮੇਟੀ ਨੇ 25 ਸਤੰਬਰ ਦੇ ਪੰਜਾਬ ਬੰਦ ’ਚ ਭਰਵੀਂ ਸ਼ਮੂਲੀਅਤ ਦਾ ਐਲਾਨ ਵੀ ਕੀਤਾ। ਅੱਜ ਦੇ ਇਸ ਰੋਸ ਮੁਜ਼ਾਹਰੇ ਨੂੰ ਗਗਨਦੀਪ ਸਿੰਘ ਬਠਿੰਡਾ, ਗੁਲਜਾਰ ਖਾਂ ਸੰਗਰੂਰ, ਗੁਰਮੀਤ ਕੌਰ ਬਠਿੰਡਾ, ਸੁਖਵਿੰਦਰ ਸਿੰਘ ਮੁਕਤਸਰ, ਟਹਿਲ ਸਿੰਘ ਫਾਜਲਿਕਾ ,ਕੇਵਲ ਸਿੰਘ ਮਾਨਸਾ ,ਓਮ ਪ੍ਰਕਾਸ਼ ਸੰਗਤ,ਬਲਦੇਵ ਸਿੰਘ ਰੋਮਾਣਾ,ਦਰਸ਼ਨ ਸਿੰਘ ਮੌੜ,ਮਹਿੰਦਰਪਾਲ ਲੂੰਬਾ,ਸਿਕੰਦਰ ਸਿੰਘ,ਰਾਜਵੀਰ ਕੌਰ ਮਾਨਸਾ, ਰਜਿੰਦਰ ਸਿੰਘ ਮੁਕਤਸਰ, ਜਸਵਿੰਦਰ ਸਿੰਘ ਤਰਨਤਾਰਨ, ਸੱਤਪਾਲ ਸਿੰਘ ਫਿਰੋਜ਼ਪੁਰ,ਇੰਦਵੀਰ ਕੌਰ ਅਮਿ੍ਰਤਸਰ, ਪਰਮਜੀਤ ਕੌਰ ਸੰਗਰੂਰ, ਗੁਰਮੀਤ ਕੌਰ ਫਰੀਦਕੋਟ, ਰੇਖਾ ਰਾਣੀ ਬਠਿੰਡਾ, ਪ੍ਰਵੀਨ ਕੌਰ ਫਾਜਿਲਕਾ,ਸੱਤਪਾਲ ਲੁਧਿਆਣਾ, ਹਰਮੰਦਰਪਾਲ ਫਤਹਿਗੜ, ਟਹਿਲ ਸਿੰਘ ਫਾਜਿਲਕਾ, ਨਿੰਦਰ ਕੌਰ ਮੁਕਤਸਰ ,ਕੁਲਪ੍ਰੀਤ ਲੁਧਿਆਣਾ, ਰਣਜੀਤ ਕੌਰ ਗੁਰਦਾਸਪੁਰ,ਰਣਧੀਰ ਸਿੰਘ ਸੰਗਰੂਰ,ਨਰਿੰਦਰ ਕੁਮਾਰ ਅਤੇ ਰਵਿੰਦਰ ਕੁਮਾਰ ਲੂਥਰਾ ਨੇ ਸਬੋਧਨ ਕੀਤਾ।