ਅਸ਼ੋਕ ਵਰਮਾ
ਬਠਿੰਡਾ, 30 ਸਤੰਬਰ 2020 - ਸਿੱਖਣ ਦੇ ਦ੍ਰਿਸ਼ਟੀ ਕੋਣ ਲਈ ਬਾਬਾ ਫ਼ਰੀਦ ਕਾਲਜ ਅਕਸਰ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਵੱਖ-ਵੱਖ ਗਤੀਵਿਧੀਆਂ ਕਰਵਾਉਂਦਾ ਰਹਿੰਦਾ ਹੈ । ਇਸ ਲਾਕਡਾਊਨ ਦੇ ਸਮੇਂ ਦੌਰਾਨ ਵੀ ਕਾਲਜ ਦੀ ਅਲੂਮਨੀ ਐਸੋਸੀਏਸ਼ਨ ਦੇ ਤਹਿਤ ਕਾਲਜ ਦੇ ਡਿਪਾਰਟਮੈਂਟ ਆਫ਼ ਮੈਥੇਮੈਟਿਕਸ ਨੇ ਮਾਈਕਰੋਸਾਫ਼ਟ ਟੀਮਜ਼ ਰਾਹੀਂ ‘ਆਈ. ਟੀ. ਸੈਕਟਰ ਵਿੱਚ ਪਲੇਸਮੈਂਟ ਅਤੇ ਕੈਰੀਅਰ ਦੇ ਮੌਕਿਆਂ’ ਬਾਰੇ ਇੱਕ ਅਲੂਮਨੀ ਇੰਟਰੈਕਸ਼ਨ ਪ੍ਰੋਗਰਾਮ ਕਰਵਾਇਆ। ਇਸ ਪ੍ਰੋਗਰਾਮ ਵਿੱਚ ਇਨਫੋਸਿਸ ਕੰਪਨੀ ਦੇ ਸਾਫ਼ਟ ਇੰਜੀਨੀਅਰ ਅਤੇ ਬਾਬਾ ਫ਼ਰੀਦ ਕਾਲਜ ਦੇ ਬੀ.ਐਸ.ਸੀ. (ਸੀ.ਐਸ.ਐਮ) ਦੇ ਪੁਰਾਣੇ ਵਿਦਿਆਰਥੀ (ਅਲੂਮਨੀ) ਪ੍ਰਭਜੋਤ ਸਿੰਘ ਨੇ ਬੀ.ਐਸ.ਸੀ. (ਨਾਨ ਮੈਡੀਕਲ/ ਕੰਪਿਊਟਰ ਸਾਇੰਸ), ਬੀ.ਐਸ.ਸੀ. ਆਨਰਜ਼ ਇਨ ਮੈਥੇਮੈਟਿਕਸ ਅਤੇ ਐਮ.ਐਸ.ਸੀ.(ਮੈਥੇਮੈਟਿਕਸ) ਦੇ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ।
ਇਸ ਪ੍ਰੋਗਰਾਮ ਦੀ ਕੋਆਰਡੀਨੇਟਰ ਮੈਡਮ ਰਮਨਦੀਪ ਕੌਰ ਅਤੇ ਵਿਭਾਗ ਮੁਖੀ ਮੈਡਮ ਮੋਨਿਕਾ ਗੋਇਲ ਨੇ ਮਹਿਮਾਨ ਅਲੂਮਨੀ ਲਈ ਧੰਨਵਾਦੀ ਸ਼ਬਦ ਕਹੇ। ਇਸ ਪ੍ਰੋਗਰਾਮ ਦਾ ਉਦੇਸ਼ ਆਈ.ਟੀ. ਸੈਕਟਰ ’ਚ ਪਲੇਸਮੈਂਟ ਬਾਰੇ ਵਿਦਿਆਰਥੀਆਂ ਦਾ ਮਾਰਗ ਦਰਸ਼ਨ ਕਰਨਾ ਅਤੇ ਇਸ ਖੇਤਰ ਵਿੱਚ ਉਪਲਬਧ ਕੈਰੀਅਰ ਦੇ ਮੌਕਿਆਂ ਬਾਰੇ ਗਿਆਨ ਪ੍ਰਦਾਨ ਕਰਨਾ ਸੀ। ਅਲੂਮਨੀ ਪ੍ਰਭਜੋਤ ਸਿੰਘ ਨੇ ਬਾਬਾ ਫ਼ਰੀਦ ਕਾਲਜ ਤੋਂ ਲੈ ਕੇ ਇਨਫੋਸਿਸ ਕੰਪਨੀ ਵਿੱਚ ਚੁਣੇ ਜਾਣ ਤੱਕ ਦੇ ਆਪਣੇ ਸਫ਼ਰ ਬਾਰੇ ਚਾਨਣਾ ਪਾਇਆ।
ਉਸ ਨੇ ਦੱਸਿਆ ਕਿ ਵਿਭਾਗ ਮੁਖੀ ਅਤੇ ਫੈਕਲਟੀ ਆਫ਼ ਸਾਇੰਸਜ਼ ਵਿਦਿਆਰਥੀਆਂ ਦੇ ਕਿੰਨੇ ਸਹਿਯੋਗੀ ਹਨ ਅਤੇ ਹਰ ਕੰਮ ਵਿਚ ਹਿੱਸਾ ਲੈਣ ਲਈ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦੇ ਹਨ। ਉਸ ਨੇ ਦੱਸਿਆ ਕਿ ਇਨਫੋਸਿਸ ਕੰਪਨੀ ਵਿੱਚ ਉਸ ਦੀ ਕਿਸ ਤਰਾਂ ਚੋਣ ਹੋਈ। ਉਸ ਨੇ ਕੰਪਨੀ ਅਤੇ ਕਾਲਜ ਬਾਰੇ ਆਪਣੇ ਅਨੁਭਵ ਸਾਂਝੇ ਕੀਤੇ। ਵਿਦਿਆਰਥੀਆਂ ਅਤੇ ਫੈਕਲਟੀ ਮੈਂਬਰਾਂ ਨੇ ਬਹੁਤ ਸਾਰੇ ਪ੍ਰਸ਼ਨ ਅਲੂਮਨੀ ਨੂੰ ਪੁੱਛੇ। ਉਸ ਨੇ ਸਾਰੇ ਹੀ ਸਵਾਲਾਂ ਦੇ ਜਵਾਬ ਬਹੁਤ ਹੀ ਖ਼ੂਬਸੂਰਤ ਅਤੇ ਗਿਆਨ ਵਰਧਕ ਢੰਗ ਨਾਲ ਦਿੱਤੇ। ਉਸ ਨੇ ਦੱਸਿਆ ਕਿ ਟਰੇਨਿੰਗ ਦੌਰਾਨ ਉਸ ਦਾ ਅਨੁਭਵ ਬਹੁਤ ਹੀ ਚੰਗਾ ਰਿਹਾ। ਉਸ ਨੇ ਨੌਕਰੀ ਦੇ ਮੌਕਿਆਂ ਖ਼ਾਸ ਕਰ ਕੇ ਆਈ.ਟੀ. ਸੈਕਟਰ ਵਿੱਚ ਹੋਰ ਵਿਕਲਪਾਂ ਬਾਰੇ ਵੀ ਦੱਸਿਆ। ਵਿਦਿਆਰਥੀਆਂ ਨੇ ਇਸ ਅਲੂਮਨੀ ਪ੍ਰੋਗਰਾਮ ਦਾ ਭਰਪੂਰ ਅਨੰਦ ਲਿਆ। ਬੀ.ਐਫ.ਜੀ.ਆਈ. ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਕਾਲਜ ਦੇ ਡਿਪਾਰਟਮੈਂਟ ਆਫ਼ ਮੈਥੇਮੈਟਿਕਸ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ।