ਗੁਰਪ੍ਰੀਤ ਸਿੰਘ ਮੰਡਿਆਣੀ
ਮੋਗਾ,30 ਸਤੰਬਰ,2020: ਜ਼ਿਲ੍ਹਾ ਮੋਗਾ ਨੇ ਭਾਰਤ ਸਰਕਾਰ ਦੁਆਰਾ ਸ਼ੁਰੂ ਕੀਤੇ ਸਵੱਛ ਭਾਰਤ ਮਿਸ਼ਨ ਪ੍ਰਤੀ ਲੋਕਾਂ ਵਿਚ ਜਾਗਰੂਕਤਾ ਪੈਦਾ ਕਰਨ ਦੇ ਖੇਤਰ ਵਿਚ ਦੇਸ਼ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਇਸ ਦੇ ਲਈ 2 ਅਕਤੂਬਰ ਨੂੰ ਸਵੱਛ ਭਾਰਤ ਮਿਸ਼ਨ ਦਿਵਸ ਦੇ ਮੌਕੇ 'ਤੇ ਮੋਗਾ ਦੇ ਡਿਪਟੀ ਕਮਿਸ਼ਨਰ ਸੰਦੀਪ ਹੰਸ ਨੂੰ ਰਾਸ਼ਟਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ। ਇਸ ਜਾਣਕਾਰੀ ਨੂੰ ਸਾਂਝਾ ਕਰਦਿਆਂ ਡਿਪਟੀ ਕਮਿਸ਼ਨਰ ਸੰਦੀਪ ਹੰਸ ਨੇ ਕਿਹਾ ਕਿ ਇਸ ਮਿਸ਼ਨ ਤਹਿਤ ਦੇਸ਼, ਖਾਸ ਕਰਕੇ ਪੇਂਡੂ ਖੇਤਰਾਂ ਵਿੱਚ ਲੋਕਾਂ ਨੂੰ ਆਪਣੇ ਆਲੇ ਦੁਆਲੇ ਨੂੰ ਸਾਫ ਰੱਖਣ, ਪਖਾਨਿਆਂ ਦੀ ਵਰਤੋਂ ਕਰਨ ਅਤੇ ਪਾਣੀ ਦੀ ਸੰਭਾਲ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ।
ਇਸ ਮੰਤਵ ਲਈ, ਜਲ ਸ਼ਕਤੀ ਮੰਤਰਾਲੇ ਨੇ ਤਿੰਨ ਸ਼੍ਰੇਣੀਆਂ ਵਿੱਚ ਨਾਮਜ਼ਦਗੀ ਮੰਗੀ ਸੀ। ਜ਼ਿਲ੍ਹਾ ਮੋਗਾ ਨੇ ਗੰਦਗੀ ਮੁਕਤ ਭਾਰਤ ਮੁਹਿੰਮ ’ਚ ਪਹਿਲਾ ਸਥਾਨ ਪ੍ਰਾਪਤ ਕੀਤਾ। ਡੀਸੀ ਨੇ ਕਿਹਾ ਕਿ ਇਸ ਮੁਹਿੰਮ ਤਹਿਤ ਜ਼ਿਲ੍ਹਾ ਮੋਗਾ ਵਿਖੇ ਕੰਧ ਪੇਂਟਿੰਗ ਅਤੇ ਹੋਰ ਸਾਧਨਾਂ ਰਾਹੀਂ ਜਾਗਰੂਕਤਾ ਮੁਹਿੰਮ ਫੈਲਾਈ ਗਈ ਸੀ, ਜਿਸ ਦੀ ਭਾਰਤ ਸਰਕਾਰ ਦੇ ਜਲ ਸ਼ਕਤੀ ਮੰਤਰਾਲੇ ਵੱਲੋਂ ਬਹੁਤ ਪ੍ਰਸ਼ੰਸਾ ਕੀਤੀ ਗਈ। ਇਸ ਪੁਰਸਕਾਰ ਲਈ ਉਨ੍ਹਾਂ ਜ਼ਿਲ੍ਹਾ ਮੋਗਾ 'ਚ ਤਾਇਨਾਤ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਜਸਵਿੰਦਰ ਸਿੰਘ ਚਾਹਲ ਅਤੇ ਉਨ੍ਹਾਂ ਦੀ ਪੂਰੀ ਟੀਮ ਨੂੰ ਪੁਰਸਕਾਰ ਲਈ ਵਧਾਈ ਵੀ ਦਿੱਤੀ। ਸ੍ਰੀ ਹੰਸ ਨੇ ਅਧਿਕਾਰੀਆਂ ਅਤੇ ਲੋਕਾਂ ਨੂੰ ਜ਼ਿਲ੍ਹਾ ਮੋਗਾ ਦੀ ਕੌਮੀ ਪੱਧਰ ‘ਤੇ ਇਹੋ ਜਿਹੀ ਸਥਿਤੀ ਬਣਾਈ ਰੱਖਣ ਦੀ ਅਪੀਲ ਕੀਤੀ।