ਅਸ਼ੋਕ ਵਰਮਾ
ਬਠਿੰਡਾ, 17 ਅਕਤੂਬਰ 2020 - ਬਾਬਾ ਫ਼ਰੀਦ ਕਾਲਜ ਦੇ ਪੁਲੀਟੀਕਲ ਸਾਇੰਸ ਵਿਭਾਗ ਨੇ ਸਵੱਛ ਭਾਰਤ ਅਭਿਆਨ ਲਈ ਭਾਸ਼ਣ ਮੁਕਾਬਲਾ ਕਰਵਾਇਆ ਜਿਸ ਦਾ ਮੰਤਵ ਵਿਦਿਆਰਥੀਆਂ ਨੂੰ ਦੇਸ਼ ਦੀ ਸਵੱਛਤਾ ਲਈ ਹੱਥ ਮਿਲਾਉਣ ਅਤੇ ਮਹਾਤਮਾ ਗਾਂਧੀ ਜੀ ਨੂੰ ਸੱਚੀ ਸ਼ਰਧਾਂਜਲੀ ਦੇਣ ਲਈ ਪੇ੍ਰਰਿਤ ਕਰਨਾ ਸੀ। ਇਸ ਗਤੀਵਿਧੀ ਵਿੱਚ ਵੱਖ-ਵੱਖ ਕਲਾਸਾਂ ਦੇ 19 ਵਿਦਿਆਰਥੀਆਂ ਨੇ ਮਾਈਕਰੋਸਾਫ਼ਟ ਟੀਮਜ਼ ਰਾਹੀਂ ਆਨਲਾਈਨ ਭਾਗ ਲਿਆ ਅਤੇ ਸਵੱਛ ਭਾਰਤ ਮੁਹਿੰਮ ਬਾਰੇ ਆਪਣੇ ਨਜ਼ਰੀਏ ਨੂੰ ਪੇਸ਼ ਕੀਤਾ। ਇਸ ਭਾਸ਼ਣ ਮੁਕਾਬਲੇ ਵਿੱਚ ਬੀ.ਏ. ਪਹਿਲਾ ਸਾਲ ਦੀ ਵਿਦਿਆਰਥਣ ਸੁਨਿਧੀ , ਬੀ.ਏ ਤੀਸਰਾ ਸਾਲ ਤੋਂ ਰਮਨਪ੍ਰੀਤ , ਐਮ.ਏ. ਦੂਜਾ ਸਾਲ ਤੋਂ ਕੁਲਵਿੰਦਰ ਸਿੰਘ ਤੇ ਜਸ਼ਨਦੀਪ ਸਿੰਘ ਅਤੇ ਹੋਰ ਵਿਦਿਆਰਥੀਆਂ ਨੇ ਭਾਗ ਲਿਆ। ਇਸ ਮੌਕੇ ਡੀਨ ਸਟੂਡੈਂਟ ਵੈੱਲਫੇਅਰ ਦਪਿੰਦਰ ਬਰਾੜ ਅਤੇ ਡੀਨ ਅਕਾਦਮਿਕ ਨਵਨਿੰਦਰ ਕੌਰ ਢਿੱਲੋਂ ਮੌਜੂਦ ਸਨ ਜਦੋਂਕਿ ਸਹਾਇਕ ਪੋ੍ਰਫੈਸਰ ਸੱਜਣ ਕੁਮਾਰ ਨੇ ਇਸ ਗਤੀਵਿਧੀ ਦਾ ਸੰਚਾਲਨ ਕੀਤਾ।
ਇਸ ਮੌਕੇ ਸਹਾਇਕ ਪੋ੍ਰਫੈਸਰ ਮਿਸ ਅੰਮਿ੍ਰਤਾ ਨੇ ਵੀ ਸਵੱਛ ਭਾਰਤ ਮਿਸ਼ਨ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਵਿਭਾਗ ਮੁਖੀ ਸੁਖਦਰਸ਼ਨ ਸਿੰਘ ਦੀ ਅਗਵਾਈ ਵਿੱਚ ਇਸ ਗਤੀਵਿਧੀ ਨੂੰ ਚੰਗੇ ਢੰਗ ਨਾਲ ਆਯੋਜਿਤ ਕੀਤਾ ਗਿਆ । ਇਸ ਮੌਕੇ ਵਿਦਿਆਰਥੀਆਂ ਨੂੰ ਪੇ੍ਰਰਿਤ ਕਰਦਿਆਂ ਉਨਾਂ ਕਿਹਾ ਕਿ ਭਾਰਤ ਦੀ ਤਰੱਕੀ ਲਈ ਸਾਰਿਆਂ ਨੂੰ ਸਿਹਤਮੰਦ ਰਹਿਣ ਦੀ ਜ਼ਰੂਰਤ ਹੈ ਅਤੇ ਚੰਗੀ ਸਿਹਤ ਤਾਂ ਹੀ ਬਣੇਗੀ ਅਗਰ ਸਫ਼ਾਈ ਹੋਵੇਗੀ । ਉਨਾਂ ਕਿਹਾ ਕਿ ਸਵੱਛ ਭਾਰਤ ਮਿਸ਼ਨ ਦਾ ਮੁੱਖ ਮੰਤਵ ਪੇਂਡੂ ਅਤੇ ਸ਼ਹਿਰੀ ਦੋਵਾਂ ਖੇਤਰਾਂ ਵਿੱਚ ਨਾਗਰਿਕਾਂ ਨੂੰ ਸਵੱਛਤਾ ਪ੍ਰਤੀ ਜਾਗਰੂਕ ਕਰਨਾ ਤੋਂ ਇਲਾਵਾ ਗਲੀਆਂ ਅਤੇ ਸੜਕਾਂ ਦੀ ਸਫ਼ਾਈ, ਪੇਂਡੂ ਖੇਤਰਾਂ ਵਿੱਚ ਪਖਾਨੇ ਬਣਾਉਣ ਅਤੇ ਸਫ਼ਾਈ ਪੋ੍ਰਗਰਾਮਾਂ ਨੂੰ ਉਤਸ਼ਾਹਿਤ ਕਰਨਾ ਹੈ। ਬੀ.ਐਫ.ਜੀ.ਆਈ. ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਬਾਬਾ ਫ਼ਰੀਦ ਕਾਲਜ ਦੇ ਪੁਲੀਟੀਕਲ ਸਾਇੰਸ ਵਿਭਾਗ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ।