SFJ ਨੇ ਜਨਰਲ ਰਾਵਤ ਨੂੰ ਕਾਨੂੰਨੀ ਨਤੀਜੇ ਭੁਗਤਣ ਦੀ ਦਿੱਤੀ ਧਮਕੀ, ਸਾਬਕਾ ਜਨਰਲ ਵੈਦਿਆ ਦੇ ਕਤਲ ਦੀ ਖ਼ਬਰ ਦਾ ਦਿੱਤਾ ਹਵਾਲਾ
ਚੰਡੀਗੜ੍ਹ, 8 ਨਵੰਬਰ 2018 - ਖਾਲਸਿਤਾਨ ਦੀ ਮੰਗ ਕਰ ਰਹੇ ਅਤੇ ਰੈਫਰੈਂਡਮ 2020 ਕੰਪੇਨ ਚਲਾ ਰਹੇ ਸਿੱਖਸ ਫਾਰ ਜਸਟਿਸ ਵੱਲੋਂ ਭਾਰਤੀ ਫੌਜ ਮੁਖੀ ਜਨਰਲ ਰਾਵਤ ਨੂੰ ਕਾਨੂੰਨੀ ਨਤੀਜੇ ਭੁਗਤਣ ਦੀ ਧਮਕੀ ਦਿੱਤੀ ਹੈ। ਕਿਉਂਕਿ ਜਨਰਲ ਰਾਵਤ ਵੱਲੋਂ ਬੀਤੇ ਹਫਤੇ ਪੰਜਾਬ 'ਚ ਦਹਿਸ਼ਤਗਰਦਾਂ ਵੱਲੋਂ ਸਰਗਰਮੀਆਂ ਤੇਜ਼ ਕਰਨ ਅਤੇ ਜਲਦ ਇੰਨ੍ਹਾਂ ਸਰਗਰਮੀਆਂ ਨੂੰ ਕਾਬੂ ਕਰਨ ਬਾਰੇ ਸਲਾਹ ਦੀ ਖਬਰ ਦਾ ਖੁਲਾਸਾ ਕੀਤਾ ਗਿਆ ਸੀ, ਜਿਸ ਤੋਂ ਬਾਅਦ ੪ ਨਵੰਬਰ ਦੇ ਯੂਬਾ ਸਿਟੀ ਦੇ ਨਗਰ ਕੀਰਤਨ ਚ ਹੋਏ ਇਕੱਠ 'ਚੋਂ ਐਸ ਐਫ ਜੇ ਦੇ ਕਾਰਕੁੰਨ ਸਾਬ੍ਹੀ ਸਿੰਘ ਵੱਲੋਂ ਵੀ ਜਨਰਲ ਰਾਵਤ ਦੇ ਇਸ ਬਿਆਨ ਦਾ ਜਵਾਬ ਦਿੱਤਾ ਗਿਆ ਸੀ। ਪਰ ਹੁਣ ਐਸਐਫਜੇ ਵੱਲੋਂ ਸਿੱਧੇ ਤੌਰ 'ਤੇ ਜਨਰਲ ਰਾਵਤ ਨੂੰ ਕਾਨੂੰਨੀ ਤਰੀਕੇ ਘੇਰਾ ਪਾਉਣ ਦੀ ਧਮਕੀ ਦਿੱਤੀ ਗਈ ਹੈ।
ਐਸਐਫਜੇ ਵੱਲੋਂ ਕੀਤੇ ਟਵੀਟ ਵਿਚ ਇਕ ਤਸਵੀਰ ਸਾਂਝੀ ਕੀਤੀ ਗਈ ਹੈ ਜਿਸ 'ਚ ਜਨਰਲ ਰਾਵਤ ਦੇ ਪੰਜਾਬ 'ਚ ਦਹਿਸ਼ਤਗਰਦੀ ਸਰਗਰਮੀਆਂ ਦਾ ਤੇਜ਼ ਹੋਣ ਦੀ ਖਬਰ ਅਤੇ ਉਸਦੇ ਨਾਲ ਹੀ ਸੰਨ 1986 ਦੇ ਸਮੇਂ ਦੀ ਸਾਬਕਾ ਭਾਰਤੀ ਕਮਾਂਡਰ ਵੈਦਿਆ ਦੇ ਕਤਲ ਦੀ ਖ਼ਬਰ ਦੀ ਕਲਿਪਿੰਗ ਜੋੜੀ ਗਈ ਹੈ। ਐਸਐਫਜੇ ਵੱਲੋਂ ਇਹਨਾਂ ਦੋਨਾਂ ਤਸਵੀਰਾਂ ਨੂੰ ਜੋੜਨਾ ਸਵਾਲ ਖੜ੍ਹੇ ਕਰਦਾ ਹੈ। ਇਸ ਤੋਂ ਪਹਿਲਾਂ ਬੀਤੀ 4 ਨਵੰਬਰ ਨੂੰ ਐਸਐਫਜੇ ਵੱਲੋਂ ਇਕ ਪੋਸਟ ਸ਼ੇਅਰ ਕੀਤੀ ਗਈ ਸੀ ਜਿਸ 'ਚ ਉਨ੍ਹਾਂ ਨੇ ਸਾਬਕਾ ਜਨਰਲ ਵੈਦਿਆ ਦੇ ਕਤਲ ਦਾ ਹਵਾਲਾ ਦਿੱਤਾ ਸੀ ਕਿ ਇੱਕ ਪਾਸੇ ਜਿਥੇ ਜਨਰਲ ਰਾਵਤ ਅਜਿਹਾ ਬਿਆਨ ਦੇ ਰਹੇ ਨੇ ਉਥੇ ਹੀ ਦੂਜੇ ਪਾਸੇ ਅਮਰੀਕਾ ਦੇ ਯੂਬਾ ਸਿਟੀ ਦੇ ਨਗਰ ਕੀਰਤਨ 'ਚ ਸਾਬਕਾ ਭਾਰਤੀ ਫੌਜ ਕਮਾਂਡਰ ਵੈਦਿਆ ਦਾ ਕਤਲ ਕਰਨ ਵਾਲੇ ਜਿੰਦਾ ਸੁੱਖਾ ਦੇ ਹੱਕ 'ਚ ਨਾਅਰੇ ਲਗਾਏ ਸਨ ਜਦਕਿ ਜਨਰਲ ਰਾਵਤ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਗਈ ਸੀ।
ਐਸਐਫਜੇ ਵੱਲੋਂ ਹਾਲ ਹੀ ਵਿਚ ਦਿੱਤੀ ਕਾਨੂੰਨੀ ਨਤੀਜੇ ਭੁਗਤਣ ਦੀ ਧਮਕੀ ਦੇ ਨਾਲ ਵੈਦਿਆ ਦੇ ਕਤਲ ਦੀ ਖ਼ਬਰ ਦੀ ਕਲਿੱਪ ਸਵਾਲ ਖੜ੍ਹੇ ਕਰਦੀ ਹੈ ਕਿ ਆਖਰ ਐਸਐਫਜੇ ਦਾ ਸਿੱਧੇ ਜਾਂ ਅਸਿੱਧੇ ਤੌਰ 'ਤੇ ਇਸ਼ਾਰਾ ਕਿਸ ਵੱਲ੍ਹ ਹੈ।