ਸਨਾ ਮੁਹੰਮਦ ਫੇਸਬੁਕ ਤਸਵੀਰ
ਲੰਡਨ 'ਚ ਭਾਰਤੀ ਮੂਲ ਦੀ ਗਰਭਵਤੀ ਔਰਤ ਦੇ ਪੇਟ 'ਚ ਤੀਰ ਮਾਰ ਕੀਤਾ ਕਤਲ, ਬੱਚਾ ਸਲਾਮਤ
ਲੰਡਨ, 14 ਨਵੰਬਰ 2018 - ਲੰਡਨ 'ਚ ਇਕ ਭਾਰਤੀ ਮੂਲ ਦੀ 35 ਸਾਲਾ ਗਰਭਵਤੀ ਔਰਤ ਦੀ ਕਰਾਸਬੋਅ ਹਮਲੇ 'ਚ ਮੌਤ ਹੋ ਗਈ, ਜਦਕਿ ਉਸਦੇ ਬੱਚੇ ਨੂੰ ਬਚਾ ਲਿਆ ਗਿਆ। ਸਨਾ ਮੁਹੰਮਦ ਨਾਮੀ ਭਾਰਤੀ ਮੂਲ ਦੀ ਔਰਤ ਆਪਣੇ ਘਰ 'ਚ ਸੀ ਜਦੋਂ ਉਸ 'ਤੇ ਕਰਾਸਬੋਅ ਦੇ ਤੀਰਾਂ ਨਾਲ ਹਮਲਾ ਕੀਤਾ ਗਿਆ ਤੇ ਤੀਰ ਸਿੱਧਾ ਉਸਦੇ ਪੇਟ ਦੇ ਉੱਪਰ ਦਿਲ 'ਚ ਜਾ ਲੱਗਾ। ਜਿਸ ਨਾਲ ਉਸਦੀ ਹਸਪਤਾਲ ਪਹੁੰਚਦਿਆਂ ਮੌਤ ਹੋ ਗਈ ਪਰ ਉਸਦੇ ਗਰਭ 'ਚ ਪਲ ਰਹੇ 8 ਮਹੀਨਿਆਂ ਦੇ ਬੱਚੇ ਨੂੰ ਕੋਈ ਨੁਕਸਾਨ ਨਹੀਂ ਹੋਇਆ।
ਹਮਲੇ ਦੌਰਾਨ ਉਸਦਾ ਪਤੀ ਘਰ ਹੀ ਸੀ, ਜਿਸ ਅਨੁਸਾਰ ਉਸ ਨੇ ਹਮਲਾਵਰ ਨੂੰ ਦੇਖ ਲਿਆ ਸੀ, ਪਰ ਜਦੋਂ ਤੱਕ ਉਹ ਭੱਜ ਕੇ ਆਪਣੀ ਪਤਨੀ ਤੇ ਬੱਚਿਆਂ ਨੂੰ ਆਗਾਹ ਕਰਦਾ, ਉਦੋਂ ਤੱਕ ਉਸਦੀ ਪਤਨੀ ਦੇ ਤੀਰ ਵੱਜ ਚੁੱਕਾ ਸੀ। ਇਸ ਉਪਰੰਤ ਉਸ ਨੇ ਆਪਣੀ ਪਤਨੀ ਨੂੰ ਤੁਰੰਤ ਹਸਪਤਾਲ ਲਿਜਾ ਐਮਰਜੈਂਸੀ 'ਚ ਦਾਖਲ ਕਰਾਇਆ ਜਿਥੇ ਡਾਕਟਰਾਂ ਨੇ ਸਿਜ਼ੇਰੀਅਨ ਕਰਕੇ ਬੱਚੇ ਨੂੰ ਸਹੀ ਸਲਾਮਤ ਬਚਾ ਲਿਆ ਗਿਆ। ਮ੍ਰਿਤਕ ਔਰਤ ਨੇ ਪੁੱਤਰ ਨੂੰ ਜਨਮ ਦਿੱਤਾ।
ਸਥਾਨਕ ਪੁਲਿਸ ਨੇ ਔਰਤ ਦੇ 50 ਸਾਲਾ ਸਾਬਕਾ ਪਤੀ ਨੂੰ ਇਸ ਹੱਤਿਆ 'ਚ ਚਾਰਜ ਕੀਤਾ ਹੈ।