ਅਮਰੀਕੀ ਏਜੰਸੀ ਦੇ ਦਾਅਵਾ - ਸਾਊਦੀ ਪ੍ਰਿੰਸ ਸਲਮਾਨ ਨੇ ਕਰਾਈ ਖਸ਼ੋਗੀ ਦੀ ਹੱਤਿਆ
ਨਿਊਯਾਰਕ, 17 ਨਵੰਬਰ 2018 - ਅਮਰੀਕੀ ਖੁਫੀਆ ਏਜੰਸੀ (ਸੀ.ਆਈ.ਏ.) ਨੇ ਦਾਅਵਾ ਕੀਤਾ ਹੈ ਕਿ ਪੱਤਰਕਾਰ ਜਮਾਲ ਖਸ਼ੋਗੀ ਦੀ ਹੱਤਿਆ ਪਿੱਛੇ ਸਾਊਦੀ ਕ੍ਰਾਊਨ ਪ੍ਰਿੰਸ ਨੇ ਆਦੇਸ਼ ਦਿੱਤਾ ਸੀ। ਇਸ ਸਬੰਧੀ ਸੀ.ਆਈ.ਏ. ਨੇ ਆਪਣੀ ਜਾਂਚ ਰਿਪੋਰਟ ਸੌਂਪੀ ਹੈ। ਸਾਉਦੀ ਸਰਕਾਰ ਨੇ ਪਹਿਲਾਂ ਕਿਹਾ ਸੀ ਕਿ ਸਲਮਾਨ ਦਾ ਇਸ ਘਟਨਾ ਨਾਲ ਕੋਈ ਤੁਅੱਲਕ ਨਹੀਂ ਹੈ।
ਸੀ.ਆਈ.ਏ. ਦੀ ਰਿਪੋਰਟ ਨੂੰ ਕਿਸੇ ਅਗਿਆਤ ਸੂਤਰਾਂ ਦਾ ਹਵਾਲਾ ਦਿੰਦਿਆਂ ਵਾਸ਼ਿੰਗਟਨ ਪੋਸਟ ਨੇ ਪ੍ਰਕਾਸ਼ਿਤ ਕੀਤਾ ਹੈ। ਜਿਸ ਮੁਤਾਬਕ ਖੁਫੀਆ ਏਜੰਸੀ ਸਬੂਤਾਂ ਤੇ ਗਵਾਹਾਂ ਦੇ ਬਿਆਨਾਂ ਤੋਂ ਬਾਅਦ ਇਸ ਨਤੀਜੇ 'ਤੇ ਪਹੁੰਚੀ ਹੈ। ਸਲਮਾਨ ਦੇ ਭਾਈ ਖਾਲਿਦ ਬਿਨ ਸਲਮਾਨ (ਜੋ ਅਮਰੀਕਾ 'ਚ ਸਾਊਦੀ ਰਾਜਦੂਤ ਹੈ) ਤੇ ਖਸ਼ੋਗੀ ਵਿਚਕਾਰ ਫੋਨ 'ਤੇ ਹੋਈ ਗੱਲਬਾਤ ਦੀ ਵੀ ਜਾਂਚ ਕੀਤੀ ਗਈ ਹੈ।
ਰਿਪੋਰਟ ਮੁਤਾਬਕ ਖਾਲਿਦ ਨੇ ਖਸ਼ੋਗੀ ਨੂੰ ਫੋਨ 'ਤੇ ਕਿਹਾ ਸੀ ਕਿ ਉਹ ਇਸਤਾਂਬੁਲ ਸਥਿਤ ਸਾਊਦੀ ਅੰਬੈਸੀ ਜਾਵੇ ਅਤੇ ਕਾਗਜ਼ੀ ਕਾਰਵਾਈ ਪੂਰੀ ਕਰ ਲਵੇ। ਖਾਲਿਦ ਨੇ ਉਸਨੂੰ ਸੁਰੱਖਿਆ ਦਾ ਵਾਅਦਾ ਵੀ ਕੀਤਾ ਸੀ। ਸੂਤਰਾਂ ਮੁਤਾਬਕ, ਖਾਲਿਦ ਨੇ ਕ੍ਰਾਊਨ ਪ੍ਰਿੰਸ ਦੇ ਨਿਰਦੇਸ਼ 'ਤੇ ਖਸ਼ੋਗੀ ਨੂੰ ਫੋਨ ਕੀਤਾ ਸੀ।