ਹੇਸਟਿੰਗਜ਼ ਗਰਲਜ਼ ਸਕੂਲ ਦੀ ਸੀਨੀਅਰ ਲੀਡਰ ਈਸ਼ਾ ਸਿੰਘ।
ਆਕਲੈਂਡ 14 ਦਸੰਬਰ 2018 (ਹਰਜਿੰਦਰ ਸਿੰਘ ਬਸਿਆਲਾ)-ਕਹਿੰਦੇ ਨੇ ਜੇਕਰ ਪਰਿਵਾਰ ਪ੍ਰੇਰਨਾ ਸਰੋਤ ਹੋਵੇ ਅਤੇ ਪਰਿਵਾਰਕ ਮੈਂਬਰ ਇਕ ਦੂਜੇ ਦੀ ਪ੍ਰੇਰਨਾ 'ਤੇ ਅਮਲ ਕਰ ਲੈਣ ਤਾਂ ਅਜਿਹੇ ਕਦਮ ਲੀਹਾਂ ਵਿਚ ਬਦਲ ਜਾਂਦੇ ਹਨ। ਹੇਸਟਿੰਗਜ਼ ਰਹਿੰਦਾ ਸ. ਕੰਵਲਜੀਤ ਸਿੰਘ ਹੇਅਰ ਦਾ ਪਰਿਵਾਰ ਇਕ ਦੂਜੇ ਦੀ ਪ੍ਰੇਰਨਾ ਲੈ ਕੇ ਹੀ ਅੱਗੇ ਵਧ ਰਿਹਾ ਹੈ ਅਤੇ ਉਹ ਵੀ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਤੋਂ ਬਗੈਰ, ਜਿਵੇਂ ਸਿਰ ਉਤੇ ਦਸਤਾਰ ਸਜਾ ਕੇ ਚੁਣੌਤੀਆਂ ਕਬੂਲ ਕਰਨਾ ਆਦਿ। ਹੁਣ ਇਸ ਪਰਿਵਾਰ ਦੀ 13ਵੇਂ ਸਾਲ ਦੀ ਪੜ੍ਹਾਈ ਕਰਦੀ ਧੀ ਈਸ਼ਾ ਕੌਰ ਨੇ ਸਮੁੱਚੇ ਹੇਅਰ ਪਰਿਵਾਰ ਅਤੇ ਭਾਰਤੀ ਭਾਈਚਾਰੇ ਦਾ ਨਾਂਅ 'ਹੇਸਟਿੰਗਜ਼ ਗਰਲਜ਼ ਹਾਈ ਸਕੂਲ' ਦੀ 'ਸੀਨੀਅਰ ਡਕਸ' (ਲੀਡਰ) ਬਣ ਕੇ ਹੋਰ ਉਚਾ ਕੀਤਾ ਹੈ। ਇਹ ਸਨਮਾਨ ਸਭ ਤੋਂ ਉਚ ਵਿਦਿਅਕ ਪ੍ਰਾਪਤੀਆਂ ਬਾਅਦ ਹੀ ਦਿੱਤਾ ਜਾਂਦਾ ਹੈ। ਈਸ਼ਾ ਕੌਰ ਨੇ ਇਹ ਸਨਮਾਨ ਫਿਜ਼ਿਕਸ, ਇੰਗਲਿਸ਼, ਕੈਲਕੂਲਸ ਤੇ ਸਟੈਟਿਕਸ ਵਿਚ ਪਹਿਲੀ ਪੁਜੀਸ਼ਨ ਹਾਸਿਲ ਕਰਕੇ ਪ੍ਰਾਪਤ ਕੀਤਾ ਹੈ। ਇਸ ਤੋਂ ਇਲਾਵਾ ਇਸ ਕੁੜੀ ਨੇ ਐਕਸਟਰਾ ਕੂਰੀਕੁਲਰ ਵਿਚ ਵੀ ਸਨਮਾਨ ਹਾਸਿਲ ਕੀਤਾ, ਡੀਬੇਟ ਕਰਨ ਵਿਚ ਇਨਾਮ ਜਿੱਤਿਆ, ਹਾਕਸਬੇਅ ਡੀਬੇਟਿੰਗ ਟੀਮ ਦੀ ਮੈਂਬਰ ਬਣੀ। ਇਥੇ ਹੀ ਬੱਸ ਨਹੀਂ ਇਸਨੂੰ ਕਮਿਊਨਿਟੀ ਸਰਵਿਸਜ਼ ਕੈਪਟਨ ਦੀ ਪੁਜੀਸ਼ਨ ਵੀ ਹਾਸਿਲ ਹੈ, ਜਿਸ ਕਰਕੇ ਉਹ ਕਮਿਊਨਿਟੀ ਨੂੰ ਦਰਪੇਸ਼ ਵੱਖ-ਵੱਖ ਸਮੱਸਿਆਵਾਂ ਬਾਰੇ ਮੀਟਿੰਗਾਂ ਵਿਚ ਹਿੱਸਾ ਵੀ ਲੈਂਦੀ ਹੈ। ਜਿਵੇਂ ਕਹਿੰਦੇ ਨੇ 'ਹੋਣਹਾਰ ਵਿਦਵਾਨ ਕੇ ਚਿਕਨੇ ਚਿਕਨੇ ਪਾਤ' ਵਾਲੀ ਗੱਲ ਈਸ਼ਾ ਕੌਰ 'ਤੇ ਪੂਰੀ ਢੁੱਕਦੀ ਹੈ। ਛੋਟੇ ਹੁੰਦਿਆ ਪ੍ਰਾਇਮਰੀ ਸਕੂਲ ਦੀ 5 ਅਤੇ 6 ਸਾਲ ਦੀ ਪੜ੍ਹਾਈ ਵਿਚ ਹੀ ਇਸਨੇ ਭਾਸ਼ਣ ਮੁਕਾਬਲਾ ਜਿੱਤਿਆ ਫਿਰ ਇੰਟਰਮੀਡੀਏਟ ਵਿਚ ਅਕੈਡਮਿਕ ਕੱਪ ਸਟੱਡੀ ਜਿਤਿਆ। ਹਾਈ ਸਕੂਲ ਦੀ 10ਵੇਂ ਸਾਲ ਦੀ ਪੜ੍ਹਾਈ ਵਿਚ ਵੀ ਜੂਨੀਅਰ 'ਡਕਸ' (ਲੀਡਰ) ਬਣੀ। ਜੁਲਾਈ 2018 ਦੇ ਵਿਚ ਉਸਨੇ ਬੁਲਗਾਰੀਆ ਵਿਖੇ ਹੋਏ 'ਇੰਟਰਨੈਸ਼ਨਲ ਕੈਂਪ ਆਫ ਮੈਥੇਮੈਟਿਕਸ ਇਨਫਰਮੇਸ਼ਨ' ਦੇ ਵਿਚ ਭਾਗ ਲਿਆ। ਪੂਰੇ ਨਿਊਜ਼ੀਲੈਂਡ ਵਿਚੋਂ ਸਿਰਫ ਦੋ ਵਿਦਿਆਰਥੀ ਹੀ ਇਥੇ ਗਏ ਸਨ। ਸਾਲ 2019 ਦੇ ਲਈ ਰੋਟਰੀ ਸਾਇੰਸ ਅਤੇ ਟੈਕਨਾਲੋਜੀ ਕੈਂਪ ਵਿਚ ਸਟੂਡੈਂਟ ਅਡਵਾਈਜ਼ਰ ਚੁਣੀ ਗਈ ਹੈ। ਇਹ ਸਿਲਸਿਲਾ ਜਾਰੀ ਹੈ ਅਤੇ ਕੁੜੀ ਦੇ ਸੁਪਨੇ ਕਾਫੀ ਉਚੇ ਹਨ ਜਿਨ੍ਹਾਂ ਨੂੰ ਉਹ ਆਪਣੀ ਮਿਹਨਤ ਅਤੇ ਪਰਿਵਾਰ ਦੀ ਹੱਲ੍ਹਾਸ਼ੇਰੀ ਨਾਲ ਪੂਰਾ ਕਰੇਗੀ। ਸ਼ਾਬਾਸ਼ ਇਸ ਕੁੜੀ ਦੇ ਜਿਸ ਨੇ ਪੂਰੇ ਪੰਜਾਬੀਆਂ ਦਾ ਨਾਂਅ ਚਮਕਾਇਆ। ਜ. ਜਰਨੈਲ ਸਿੰਘ ਜੇ.ਪੀ. ਹੋਰਾਂ ਨੇ ਕਮਿਊਨਿਟੀ ਤਰਫ ਤੋਂ ਈਸ਼ਾ ਸਿੰਘ ਨੂੰ ਵਧਾਈ ਦਿੱਤੀ ਹੈ।
ਪਰਿਵਾਰਕ ਪ੍ਰੇਰਨਾ: ਈਸ਼ਾ ਸਿੰਘ ਨੂੰ ਕੁਝ ਅਗਾਂਹਵਧੂ ਕਰਨ ਦੀ ਪ੍ਰੇਰਨਾ ਉਸਦੇ ਸਤਿਕਾਰਯੋਗ ਪਿਤਾ ਸ. ਕੰਵਲਜੀਤ ਸਿੰਘ ਹੇਅਰ ਕੋਲੋਂ ਮਿਲੀ। ਸ. ਹੇਅਰ ਨੇ 2007 ਦੇ ਵਿਚ ਈਸਟਰਨ ਇੰਸਟੀਚਿਊਟ ਆਫ ਟੈਕਨਾਲੋਜੀ ਨੇਪੀਅਰ ਤੋਂ ਆਟੋਮੋਟਿਵ ਇੰਜੀਨੀਅਰਿੰਗ ਦੀ ਪੜ੍ਹਾਈ ਕੀਤੀ। ਲਗਦੇ ਹੱਥ ਮਾਈਕ ਡੇਵਿਸ ਮੈਮੋਰੀਅਲ ਕੱਪ ਅਤੇ ਹਾਕਸਬੇਅ ਐਮ.ਟੀ.ਏ. ਸਕਾਲਰਸ਼ਿਪ ਫਾਰ ਐਕਸਲੈਂਸ ਵੀ ਆਪਣੇ ਨਾਂਅ ਕਰ ਲਈ। ਇਹ ਨਿਊਜ਼ੀਲੈਂਡ ਦੇ ਵਿਚ ਪਹਿਲੀ ਵਾਰ ਸੀ ਕਿ ਇਕ ਦਸਤਾਰਧਾਰੀ ਭਾਰਤੀ ਦਾ ਨਾਂਅ ਇਸ ਕੱਪ ਉਤੇ ਉਕਰਿਆ ਗਿਆ। ਈਸ਼ਾ ਕੌਰ ਦੀ ਮਾਤਾ ਬੀਬੀ ਰਜਵੰਤ ਕੌਰ ਨਿਊਜ਼ੀਲੈਂਡ ਦੀ ਪਹਿਲੀ ਭਾਰਤੀ ਔਰਤ ਹੈ ਜਿਸ ਨੇ ਵਹੀਕਲ ਇੰਸਪੈਕਟਰ (ਮਕੈਨਿਕ) ਦਾ ਲਾਇਸੰਸ ਪ੍ਰਾਪਤ ਕੀਤਾ ਅਤੇ ਅੱਜਕਲ੍ਹ ਗੱਡੀਆਂ ਦਾ ਪਾਸਿੰਗ ਕਰਦੀ ਹੈ। ਪੰਜਾਬੀ ਮੀਡੀਆ ਅਤੇ ਇੰਗਲਿਸ਼ ਮੀਡੀਆ ਨੇ ਵੀ ਇਹ ਸਟੋਰੀ ਕਵਰ ਕੀਤੀ ਸੀ। ਈਸ਼ਾ ਕੌਰ ਦਾ ਭਰਾ ਮਨਮੀਤ ਸਿੰਘ ਵੀ ਘੱਟ ਨਹੀਂ ਉਹ ਵੀ 2009 'ਚ ਹੇਸਟਿੰਗ਼ ਬੁਆਏ ਹਾਈ ਸਕੂਲ ਦੇ ਇਤਿਹਾਸ ਵਿਚ ਪਹਿਲਾ ਦਸਤਾਰਧਾਰੀ ਡਕਸ (ਲੀਡਰ) ਬਣਿਆ। ਸਾਂਸਦ ਸ. ਕੰਵਲਜੀਤ ਸਿੰਘ ਬਖਸ਼ੀ ਨੇ ਸ. ਮਨਮੀਤ ਸਿੰਘ ਨੂੰ ਗੁਰਦੁਆਰਾ ਸਾਹਿਬ ਵਿਖੇ ਸਿੱਖ ਕਮਿਊਨਿਟੀ ਹੇਸਟਿੰਗਜ਼ ਦੀ ਤਰਫ ਤੋਂ ਸਨਮਾਨਿਤ ਕੀਤਾ ਸੀ। ਸੋ ਪਰਿਵਾਰ ਦੀ ਮਿਲਦੀ ਪ੍ਰੇਰਨਾ ਨੇ ਹੀ ਇਸ ਸਮੁੱਚੇ ਪਰਿਵਾਰ ਨੂੰ ਵੱਖ-ਵੱਖ ਖੇਤਰਾਂ ਵਿਚ ਮੋਹਰੀ ਬਣਾਇਆ ਹੋਇਆ ਹੈ। ਸ਼ਾਲਾ! ਇਹ ਪਰਿਵਾਰ ਹੋਰ ਬੁਲੰਦੀਆਂ ਨੂੰ ਛੂਹੇ, ਪੰਜਾਬੀ ਮੀਡੀਆ ਵੱਲੋਂ ਵੀ ਇਸ ਪਰਿਵਾਰ ਨੂੰ ਵਧਾਈ।