ਓਂਟਾਰੀੳ, 11ਜਨਵਰੀ2019 - ਕੈਨੇਡਾ 'ਚ ਪੰਜਾਬੀ ਕਿਸੇ ਨਾ ਕਿਸੇ ਕਾਰਨਾਂ ਕਰਕੇ ਹਮੇਸ਼ਾ ਚਰਚਾ ਵਿਚ ਰਹਿੰਦੇ ਹੀ ਨੇ, ਭਾਵੇਂ ਉਹ ਸਿਆਸਤ ਹੋਵੇ, ਸਟੂਡੈਂਟ ਮਸਲੇ ਹੋਣ ਜਾਂ ਫਿਰ ਸੜਕਾਂ 'ਤੇ ਪੌਰਸ਼ ਗੱਡੀਆਂ ਲੈ ਕੇ ਘੁੰਮ ਰਹੇ ਪੰਜਾਬੀ ਹੋਣ। ਹਾਲ ਹੀ 'ਚ ਇੱਕ ਪੰਜਾਬੀ ਮੂਲ ਦੇ ਬਰੈਂਪਟਨ ਨਿਵਾਸੀ ਨੇ ਪੰਜਾਬੀਆਂ ਦੀਆਂ ਕਾਰਾਂ 'ਤੇ ਲੱਗੀਆਂ ਨੰਬਰ ਪਲੇਟਾਂ ਦੀ ਸ਼ਿਕਾਇਤ ਟ੍ਰਾਂਸਪੋਰਟ ਮਹਿਕਮੇ ਕੋਲ ਕੀਤੀ। ਕੈਨੇਡਾ 'ਚ ਇੱਕ ਲੋਕਲ ਹਿੰਦੀ ਅਖਬਾਰ ਦੇ ਪੱਤਰਕਾਰ ਗਗਨਦੀਪ ਕੰਵਲ ਨੇ ਮਹਿਕਮੇ ਨੂੰ ਇਹੋ ਜਿਹੀਆਂ ਨੰਬਰ ਪਲੇਟਾਂ ਦੀਆਂ ਤਸਵੀਰਾਂ ਘੱਲੀਆਂ ਜੋ ਕਿ ਬੱਚਿਆਂ 'ਤੇ ਮਾੜਾ ਪ੍ਰਭਾਵ ਪਾਉਂਦੀਆਂ ਹਨ।
ਗਗਨਦੀਪ ਅਨੁਸਾਰ ਜਦੋਂ ਉਹ ਆਪਣੇ ਬੱਚਿਆਂ ਨਾਲ ਮਾਰਕਿਟ ਜਾਂ ਕਿਤੇ ਘੁੰਮਣ ਜਾਂਦੇ ਹਨ ਤਾਂ ਰਸਤੇ 'ਚ ਪੰਜਾਬੀਆਂ ਦੀਆਂ ਕਾਰਾਂ 'ਤੇ ਲੱਗੇ ਨੰਬਰ ਪਲੇਟਾਂ ਨੂੰ ਦੇਖ ਉਸਦੇ ਬੱਚੇ ਉਸਨੂੰ ਪੁੱਛਦੇ ਹਨ ਕਿ ਇਸਦਾ ਕੀ ਮਤਲਬ ਹੈ ਤੇ ਉਸ ਕੋਲ ਕੋਈ ਜਵਾਬ ਨਹੀਂ ਹੁੰਦਾ ਤੇ ਸ਼ਰਮ ਨਾਲ ਸਿਰ ਝੁਕਾ ਲੈਂਦਾ ਹੈ। ਇੰਨ੍ਹਾਂ ਪਲੇਟਾਂ 'ਤੇ ਪੰਜਾਬੀਆਂ ਵੱਲੋਂ 'ਅਫੀਮ', 'ਪੈੱਗ-ਸ਼ੈੱਗ', ਅਤੇ ਗੰਦੀਆਂ ਗਾਲ਼ਾਂ ਤੱਕ ਵੀ ਵਰਤੀਆਂ ਗਈਆਂ ਹਨ।
ਟ੍ਰਾਂਸਪੋਰਟ ਮਿਨਿਸਟਰੀ ਨੇ 52 ਨੰਬਰ ਪਲੇਟਾਂ ਦੀ ਜਾਂਚ ਕੀਤੀ ਸੀ ਜਿਸ 'ਚੋਂ ਕੁੱਲ 33 ਨੂੰ ਦੁਬਾਰਾ ਨੰਬਰ ਲੈਣ ਲਈ ਕਿਹਾ ਸੀ, ਕਿਉਂਕਿ ਇਹ ਨੰਬਰ ਨਿਯਮਾਂ ਦੀ ਉਲੰਘਣਾ ਕਰਦੇ ਸਨ, ਜੋ ਕਿ ਸ਼ਰਾਬ, ਸੈਕਸ, ਆਦਿ ਗਲਤ ਚੀਜ਼ਾਂ ਨੂੰ ਪ੍ਰਮੋਟ ਕਰਦੇ ਸਨ। ਗਗਨਦੀਪ ਕੰਵਲ ਨੇ ਕਿਹਾ ਕਿ ਹਾਲੇ ਵੀ ਬਹੁਤ ਅਜਿਹੀਆਂ ਗੱਡੀਆਂ ਸੜਕਾਂ 'ਤੇ ਘੁੰਮਦੀਆਂ ਦਿਸ ਜਾਣਗੀਆਂ ਜਿੰਨ੍ਹਾਂ ਦੇ ਨੰਬਰ ਪੜ੍ਹ ਕੇ ਸ਼ਰਮ ਆਉਂਦੀ ਹੈ।
ਗਗਨਦੀਪ ਦੀ ਇਸ ਗੱਲ ਨਾਲ ਵਰਲਡ ਸਿੱਖ ਸੰਸਥਾ ਦੇ ਬੁਲਾਰੇ ਬਲਪ੍ਰੀਤ ਸਿੰਘ ਨੇ ਵੀ ਆਪਣੀ ਸਹਿਮਤੀ ਜਤਾਈ ਹੈ। ਉਨ੍ਹਾਂ ਅਨੁਸਾਰ ਓਂਟਾਰੀੳ , ਹੋਰਨਾਂ ਸ਼ਹਿਰਾਂ ਵਾਂਗ ਕੈਨੇਡਾ 'ਚ ਸਭ ਤੋਂ ਵੱਧ ਪੰਜਾਬੀ ਬੋਲਣ ਵਾਲਾ ਸ਼ਹਿਰ ਹੈ। ਵਿਭਾਗ ਅਨੁਸਾਰ ਸਾਲ 2018 'ਚ 31,650 ਲਾਈਸੰਸ ਵਾਲੀਆਂ ਨੰਬਰ ਪਲੇਟਾਂ ਦੇ ਆਰਡਰ ਹੋਏ ਸਨ ਤੇ ਜਿਸ 'ਚੋਂ 3350 ਅਰਜ਼ੀਆਂ ਰਿਜੈਕਟ ਹੋਈਆਂ ਸਨ।