ਓਟਾਵਾ, 12 ਜਨਵਰੀ 2019 - ਕੈਨੇਡਾ ਦੇ ਓਟਾਵਾ 'ਚ ਇੱਕ ਡਬਲ ਡੈੱਕਰ ਬੱਸ ਨਾਲ ਵਾਪਰੇ ਹਾਦਸੇ 'ਚ 3 ਲੋਕਾਂ ਦੀ ਮੌਤ ਅਤੇ 23 ਹੋਰ ਜ਼ਖਮੀ ਹੋ ਗਏ। ਵਿਦੇਸ਼ੀ ਮੀਡੀਆ ਮੁਤਾਬਕ ਸੜਕ ਦੇ ਇੱਕ ਪਾਸੇ ਬਣੇ ਬੱਸ ਪਲੈਟਫਾਰਮ ਦੀ ਰੇਲਿੰਗ 'ਚ ਬਨੱਸ ਟਕਰਾਅ ਗਈ ਤੇ ਬੱਸ ਦਾ ਉਤਲਾ ਹਿੱਸਾ (ਡਬਲ ਡੈੱਕ) ਪਲੇਟਫਾਰਮ 'ਤੇ ਲੱਗੀ ਰੇਲਿੰਗ 'ਚ ਜਾ ਟਕਰਾਇਆ ਤੇ ਜਿਸ ਨਾਲ ਬੱਸ ਬੁਰੀ ਤਰ੍ਹਾਂ ਨੁਕਸਾਨੀ ਗਈ। ਇਸ ਹਾਦਸੇ 'ਚ 2 ਵਿਅਕਤੀ ਬੱਸ 'ਚੋਂ ਅਤੇ ਇੱਕ ਪਲੇਟਫਾਰਮ 'ਤੇ ਖੜ੍ਹੇ ਵਿਅਕਤੀ ਦੀ ਮੌਤ ਹੋ ਗਈ।
ਘਟਨਾ ਸਥਾਨ 'ਤੇ ਮੌਜੂਦ ਲੋਕਾਂ ਦਾ ਕਹਿਣਾ ਹੈ ਕਿ, ਕਿਉਂਕਿ ਓਟਾਵਾ 'ਚ ਇਸ ਮਹੀਨੇ ਬਹੁਤ ਜ਼ਿਆਦਾ ਬਰਫਬਾਰੀ ਹੋ ਰਹੀ ਹੈ ਤੇ ਬੱਸ ਪਲੇਟਫਾਰਮ ਨੂੰ ਟਕਰਾਉਣ ਤੋਂ ਪਹਿਲਾਂ ਸੜਕ 'ਤੇ ਜੰਮੀ ਬਰਫ 'ਤੇ ਫਿਸਲ ਗਈ ਸੀ। ਸਥਾਨਕ ਪੁਲੀਸ ਵੱਲੋਂ ਬੱਸ ਡਰਾਈਵਰ ਨੂੰ ਪੁੱਛਗਿੱਛ ਲਈ ਹਿਰਾਸਤ 'ਚ ਲਿਆ ਗਿਆ ਹੈ।
ਇਸ ਭਿਆਨਕ ਹਾਦਸੇ 'ਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਗਹਿਰਾ ਸੋਗ ਪ੍ਰਗਟ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਬੜਾ ਦੁੱਖ ਹੈ ਜਿੰਨ੍ਹਾਂ ਪਰਿਵਾਰਾਂ ਨੇ ਆਪਣਿਆਂ ਨੂੰ ਖੋਇਆ ਹੈ। ਉਨ੍ਹਾਂ ਕਿਹਾ ਕਿ ਉਹ ਇਸ ਹਾਦਸੇ ਨੂੰ ਬਹੁਤ ਹੀ ਬਰੀਕੀ ਨਾਲ ਜਾਂਚ ਰਹੇ ਹਨ।
ਜਾਣਕਾਰੀ ਲਈ ਦੱਸਦੇਈਏ ਕਿ ਅੱਜ ਤੋਂ ਠੀਕ 6 ਸਾਲ ਪਹਿਲਾਂ ਸਾਲ 2013 'ਚ ਓਟਾਵਾ 'ਚ ਅਜਿਹਾ ਹੀ ਬੱਸ ਹਾਦਸਾ ਵਾਪਰਿਆ ਸੀ। ਜਿਸ 'ਚ 6 ਲੋਕਾਂ ਦੀ ਮੌਤ ਅਤੇ 35 ਲੋਕ ਜ਼ਖਮੀ ਹੋ ਗਏ ਸਨ। ਇਹ ਹਾਦਸਾ ਵੀ ਡਬਲ ਡੈੱਕਰ ਬੱਸ ਨਾਲ ਹੀ ਵਾਪਰਿਆ ਸੀ ਤੇ ਉਸ ਵਕਤ ਡਬਲ ਡੈੱਕਰ ਬੱਸ ਦੀ ਰੇਲ ਨਾਲ ਟੱਕਰ ਹੋਈ ਸੀ।