ਜਨੇਵਾ, 17 ਮਾਰਚ 2019- ਪੰਜਾਬ ਅੰਦਰ ਨਵਾਂਸ਼ਹਿਰ ਦੀ ਅਦਾਲਤ ਵੱਲੋਂ 3 ਨੌਜਵਾਨਾਂ ਅਰਵਿੰਦਰ ਸਿੰਘ, ਰਣਜੀਤ ਸਿੰਘ ਅਤੇ ਸੁਰਜੀਤ ਸਿੰਘ ਨੂੰ ਸਿੱਖ ਲਿਟਰੇਚਰ ਰੱਖਣ ਅਤੇ ਸ਼ਹੀਦਾਂ ਦੀਆਂ ਫੋਟੋਆਂ ਫੇਸਬੁੱਕ ਉੱਤੇ ਸ਼ੇਅਰ ਕਰਨ ਕਰਕੇ ਦੇਸ਼ ਧ੍ਰੋਹ ਦਾ ਕੇਸ ਪਾ ਕੇ ਉਮਰ ਕੈਦ ਦੀ ਦਿੱਤੀ ਸਜ਼ਾ ਦੇ ਮੁੱਦੇ ਨੂੰ ਲੈ ਕੇ ਵਰਲਡ ਸਿੱਖ ਪਾਰਲੀਮੈਂਟ ਵੱਲੋਂ ਜਨੇਵਾ ਵਿੱਚ ਪਹੁੰਚ ਕੇ ਅੰਤਰਰਾਸ਼ਟਰੀ ਭਾਈਚਾਰੇ ਨੂੰ ਇਸ ਮਸਲੇ ਬਾਰੇ ਜਾਣਕਾਰੀ ਦਿੱਤੀ ਗਈ।
ਇੰਗਲੈਂਡ, ਜਰਮਨੀ, ਫਰਾਂਸ, ਇਟਲੀ ਅਤੇ ਹੋਰ ਯੂਰਪੀਅਨ ਦੇਸ਼ਾਂ ਤੋਂ ਪਹੁੰਚੇ ਵਰਲਡ ਸਿੱਖ ਪਾਰਲੀਮੈਂਟ ਦੇ ਨੁੰਮਾਇੰਦਿਆਂ ਨੇ ਪੰਜਾਬ ਅੰਦਰ ਤਿੰਨ ਨੌਜਵਾਨਾਂ ਨੂੰ ਅਦਾਲਤ ਵੱਲੋਂ ਲਿਟਰੇਚਰ ਰੱਖਣ ਕਰਕੇ ਦਿੱਤੀ ਉਮਰ ਕੈਦ ਦੀ ਸਜ਼ਾ ਦਾ ਵਿਰੋਧ ਕੀਤਾ।
ਵਰਲਡ ਸਿੱਖ ਪਾਰਲੀਮੈਂਟ ਵੱਲੋਂ ਯੂ.ਐਨ.ਓ ਦੇ ਜਨੇਵਾ ਸਥਿਤ ਮਨੁੱਖੀ ਹੱਕਾਂ ਦੇ ਕਮਿਸ਼ਨਰ ਨੂੰ ਇੱਕ ਮੈਮੋਰੰਡਮ ਵੀ ਦਿੱਤਾ ਜਿਸ ਵਿੱਚ ਉਨ੍ਹਾਂ ਲਿਖਿਆ ਕਿ, ''ਭਾਰਤ ਅੰਦਰ ਘੱਟਗਿਣਤੀਆਂ 'ਤੇ ਖਾਸ ਕਰਕੇ ਸਿੱਖਾਂ, ਕਸ਼ਮੀਰੀਆਂ ਅਤੇ ਨੂੰ ਸਵੈ ਨਿਰਣੈ ਦਾ ਹੱਕ ਤੇ ਆਪਣੇ ਵਿਚਾਰਾਂ ਨੂੰ ਪ੍ਰਗਟਾਉਣ ਦਾ ਹੱਕ ਨਹੀਂ ਦਿੱਤਾ ਜਾ ਰਿਹਾ।''
ਇਸ ਮੌਕੇ ਸਵਿਸ ਪ੍ਰੈਸ ਕਲੱਬ ਜਨੇਵਾ ਵਿੱਚ ਇੱਕ ਸੈਮਨੀਨਾਰ ਆਯੋਜਿਤ ਕੀਤਾ ਗਿਆ ਜਿਸ ਵਿੱਚ ਭਾਰਤ ਅੰਦਰ ਵਸਦੀਆਂ ਘਟਗਿਣਤੀਆਂ ਦੇ ਨੁੰਮਾਇੰਦੇ ਸ਼ਾਮਲ ਹੋਏ । ਤ੍ਰਿਪੁਰਾ ਤੋਂ ਪਤਲ ਕੰਨਿਆ ਜਮਾਤੀਆ, ਮਨੀਪੁਰ ਤੋਂ ਰੇਣੂਬਾਲਾ ਦੇਵੀ ਤਖੀਲਾਬਮ, ਨੇਪਾਲ ਤੋਂ ਫਨਿੰਦਰਾ ਨੇਪਾਲ, ਬੰਬੇ ਹਾਈਕੋਰਟ ਦੇ ਐਡਵੋਕੇਟ ਆਸਿਮ ਸਰੋਦੇ, ਕਨੇਡਾ ਤੋਂ ਅਵਤਾਰ ਸਿੰਘ ਸੇਖੋਂ, ਵਰਲਡ ਸਿੱਖ ਪਾਰਲੀਮੈਂਟ ਦੇ ਮਨਪ੍ਰੀਤ ਸਿੰਘ ਅਤੇ ਰਣਜੀਤ ਸਿੰਘ ਸਰਾਏ ਨੇ ਆਪਣੇ ਵਿਚਾਰ ਰੱਖੇ । ਸਾਰੇ ਬੁਲਾਰਿਆਂ ਨੇ ਭਾਰਤ ਸਰਕਾਰ ਦੀਆਂ ਮਨੁੱਖੀ ਅਧਿਕਾਰਾਂ ਦੀਆਂ ਉਲੰਘਣਾਵਾਂ ਬਾਰੇ ਜਾਣਕਾਰੀ ਦਿੱਤੀ ਅਤੇ ਅੰਤਰਰਾਸ਼ਟਰੀ ਭਾਈਚਾਰੇ ਨੂੰ ਅੰਤਰਰਾਸ਼ਟਰੀ ਕਾਨੂੰਨਾਂ ਅਨੁਸਾਰ ਚੱਲਣ ਲਈ ਮਜਬੂਰ ਕਰਨ ਲਈ ਕਿਹਾ ।
ਮੁਜ਼ਾਹਰੇ ਵਿੱਚ ਵਰਲਡ ਸਿੱਖ ਪਾਰਲੀਮੈਂਟ ਦੇ ਇੰਗਲੈਂਡ ਤੋਂ ਭਾਈ ਜੋਗਾ ਸਿੰਘ, ਭਾਈ ਮਨਪ੍ਰੀਤ ਸਿੰਘ, ਭਾਈ ਰਣਜੀਤ ਸਿੰਘ ਸਰਾਏ, ਭਾਈ ਬਲਬੀਰ ਸਿੰਘ ਬੈਂਸ, ਫਰਾਂਸ ਤੋਂ ਭਾਈ ਸ਼ਿੰਗਾਰਾ ਸਿੰਘ ਮਾਨ, ਭਾਈ ਸਤਨਾਮ ਸਿੰਘ, ਭਾਈ ਦਵਿੰਦਰ ਸਿੰਘ, ਭਾਈ ਪ੍ਰਿਥੀਪਾਲ ਸਿੰਘ, ਜਰਮਨੀ ਤੋਂ ਭਾਈ ਗੁਰਚਰਨ ਸਿੰਘ ਗੁਰਾਇਆ, ਭਾਈ ਗੁਰਪਾਲ ਸਿੰਘ, ਜਤਿੰਦਰ ਸਿੰਘ, ਸਵਿਟਜ਼ਰਲੈਂਡ ਤੋਂ ਭਾਈ ਪ੍ਰਿਤਪਾਲ ਸਿੰਘ ਅਤੇ ਇਟਲੀ ਤੋਂ ਭਾਈ ਜਸਬੀਰ ਸਿੰਘ ਤੋਂ ਇਲਾਵਾ ਭਾਈ ਹਰਦਵਿੰਦਰ ਸਿੰਘ ਬੱਬਰ ਅਤੇ ਯੂਰਪ ਦੇ ਵਸਨੀਕ ਸਿੱਖਾਂ ਨੇ ਵੀ ਭਾਗ ਲਿਆ । ਤਿੰਨ ਸਿੱਖ ਨੌਜਵਾਨਾਂ ਦੇ ਅਦਾਲਤਾਂ ਵਿੱਚ ਕੇਸ ਲੜ ਰਹੀ ਸੰਸਥਾ 'ਸਿੱਖ ਰਿਲੀਫ' ਨੇ ਵੀ ਮੁਜ਼ਾਹਰੇ ਵਿੱਚ ਭਾਗ ਲਿਆ ।