ਹਰਜਿੰਦਰ ਸਿੰਘ ਬਸਿਆਲਾ
ਔਕਲੈਂਡ 17 ਮਾਰਚ 2019 - ਵਤਨੋਂ ਦੂਰ ਜਿੱਥੇ ਪ੍ਰਵਾਸੀ ਲੋਕ ਆਪਣੇ ਰੁਜ਼ਗਾਰ ਪ੍ਰਾਪਤੀ ਵਾਸਤੇ ਸੱਤ ਸਮੁੰਦਰੋ ਪਾਰ ਆ ਡੇਰੇ ਲਾਉਂਦੇ ਹਨ ਉਥੇ ਆਪਣੇ ਧਾਰਮਿਕ ਅਸਥਾਨਾਂ ਉਤੇ ਵੀ ਮਰਿਯਾਦਾ ਅਨੁਸਾਰ ਧਾਰਮਿਕ ਰਸਮਾਂ ਦੇ ਲਈ ਪੰਜਾਬ ਤੋਂ ਸਿੱਖਿਆ ਪ੍ਰਾਪਤ ਰਾਗੀ ਜੱਥੇ ਮੰਗਵਾਉਂਦੇ ਹਨ। ਅੱਜ ਗੁਰਦੁਆਰਾ ਮਾਤਾ ਸਾਹਿਬ ਕੌਰ ਹਮਿਲਟਨ ਸ਼ਹਿਰ ਵਿਖੇ ਹੋਏ ਹਫਤਾਵਾਰੀ ਸਮਾਗਮ ਦੇ ਵਿਚ ਬੀਤੇ ਇਕ ਸਾਲ ਤੋਂ ਹਜ਼ੂਰੀ ਰਾਗੀ ਵੱਜੋਂ ਸੇਵਾ ਕਰ ਰਹੇ ਭਾਈ ਅਮਰੀਕ ਸਿੰਘ ਮੋਰਾਂਵਾਲੀ, ਭਾਈ ਜਗਦੀਸ਼ ਸਿੰਘ ਬਸਿਆਲਾ ਅਤੇ ਭਾਈ ਮਨਵੀਰ ਸਿੰਘ ਅਲਾਚੌਰ ਤਬਲਾ ਵਾਦਕ ਨੂੰ ਅੱਜ ਨਿੱਘੀ ਵਿਦਾਇਗੀ ਦਿੱਤੀ ਗਈ।
ਇਹ ਜੱਥਾ ਜਿੱਥੇ ਗੁਰਬਾਣੀ ਕੀਰਤਨ ਸਰਵਣ ਕਰਵਾਉਂਦਾ ਸੀ ਉਥੇ ਸਵੇਰੇ ਸ਼ਾਮ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੇਵਾ, ਦੋਵੇਂ ਵੇਲੇ ਲੰਗਰ ਬਨਾਉਣ ਦੀ ਸੇਵਾ, ਕੀਰਤਨ ਦੀ ਸਿਖਲਾਈ, ਗੁਰਬਾਣੀ ਸੰਥਿਆ ਅਤੇ ਹੋਰ ਸਬੰਧਿਤ ਸੇਵਾਵਾਂ ਕਰਦਾ ਰਿਹਾ ਹੈ। ਇਸ ਰਾਗੀ ਜੱਥੇ ਨੂੰ ਜਿੱਥੇ ਸੰਗਤ ਵੱਲੋਂ ਬਹੁਤ ਹੀ ਪਿਆਰ ਤੇ ਸਤਿਕਾਰ ਮਿਲਿਆ ਉਥੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੰਮ ਕਰਨ ਦੇ ਢੰਗ ਤੋਂ ਵੀ ਇਹ ਜੱਥਾ ਬਹੁਤ ਪ੍ਰਭਾਵਿਤ ਹੋਇਆ। ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਨਹੀਂ ਮਿਲੀ ਸਗੋਂ ਸਭ ਨੇ ਖੁੱਲ੍ਹੇ ਰੂਪ ਵਿਚ ਸੇਵਾ ਕਰਨ ਦਾ ਮੌਕਾ ਦਿੱਤਾ। ਅੱਜ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋ ਸ. ਚਰਨਜੀਤ ਸਿੰਘ ਢਿੱਲੋਂ, ਸ. ਹਰਜੀਤ ਸਿੰਘ ਸੁੱਜੋਂ ਨੇ ਸਮੂਹ ਸੰਗਤ ਵੱਲੋਂ ਇਸ ਜੱਥੇ ਦਾ ਵੀ ਧੰਨਵਾਦ ਕੀਤਾ ਤੇ ਪੰਜਾਬ ਯਾਤਰਾ ਲਈ ਸ਼ੁੱਭ ਇਛਾਵਾਂ ਦਿੱਤੀਆਂ। ਜੱਥੇ ਨੂੰ ਪ੍ਰਸੰਸ਼ਾ ਪੱਤਰ ਵੀ ਦਿੱਤਾ ਗਿਆ।