ਨਵੀਂ ਦਿੱਲੀ, 24 ਮਾਰਚ 2019 - ਹੋਲੀ ਵਾਲੇ ਦਿਨ ਪਾਕਿਸਤਾਨ 'ਚ ਦੋ ਹਿੰਦੂ ਨਬਾਲਗ ਬੱਚੀਆਂ ਨੂੰ ਕਿਡਨੈਪ ਕਰ ਜ਼ਬਰਨ ਇਸਲਾਮਿਕ ਧਰਮ ਕਬੂਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਸ਼ੁੱਕਰਵਾਰ ਦੇ ਦਿਨ ਸਿੰਧ ਦੇ ਘੋਟਕੀ ਜ਼ਿਲ੍ਹੇ ਦੇ ਧਾਰਕੀ ਕਸਬੇ 'ਚ ਦੋ ਭੈਣਾਂ, ਜਿੰਨ੍ਹਾਂ ਦੀ ਉਮਰ 13 ਤੇ 15 ਸਾਲ ਦੀ ਹੈ, ਨੂੰ ਜ਼ਬਰਦਸਤੀ ਇਸਲਾਮ ਕਬੂਲ ਕਰਾਇਆ ਗਿਆ। ਜਿਸ ਤੋਂ ਬਾਅਦ ਪਾਕਿਸਤਾਨ ਦੀਆਂ ਘੱਟਗਿਣਤੀਆਂ ਵੱਲੋਂ ਸੜਕਾਂ 'ਤੇ ਉਤਰ ਕੇ ਰੋਸ ਵਿਖਾਵੇ ਕੀਤੇ ਗਏ। ਪਾਕਿਸਤਾਨ ਹਿੰਦੂ ਸੇਵਾ ਵੈਲਫੇਅਰ ਟਰੱਸਟ ਦੇ ਮੁਖੀ ਵੱਲੋਂ ਪੁਲਿਸ 'ਤੇ ਦੋਸ਼ ਲਾਇਆ ਗਿਆ ਕਿ ਘੱਟ ਗਿਣਤੀਆਂ ਦੇ ਸੜਕਾਂ 'ਤੇ ਆ ਕੇ ਵਿਰੋਧ ਕਰਨ ਤੋਂ ਬਾਅਦ ਹੀ ਪੁਲਿਸ ਨੇ ਕੇਵਲ ਐਫ.ਆਈ.ਆਰ ਦਰਜ ਕੀਤੀ।
ਮਾਮਲਾ ਭਖਣ 'ਤੇ ਭਾਰਤੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਵੱਲੋਂ ਪਾਕਿਸਤਾਨ ਵਿਚਲੇ ਭਾਰਤੀ ਦੂਤ ਤੋਂ ਪੂਰੀ ਰਿਪੋਰਟ ਦੀ ਮੰਗ ਕੀਤੀ ਹੈ। ਸੁਸ਼ਮਾ ਸਵਰਾਜ ਨੇ ਸੋਸ਼ਲ ਮੀਡੀਆ ਦੁਆਰਾ ਦੱਸਿਆ ਕਿ ਉਨ੍ਹਾਂ ਨੇ ਪਾਕਿਸਤਾਨ 'ਚ ਭਾਰਤੀ ਹਾਈ ਕਮਿਸ਼ਨਰ ਨੂੰ ਦੋਹਾਂ ਲੜਕੀਆਂ ਬਾਬਤ ਜਲਦ ਤੋਂ ਜਲਦ ਰਿਪੋਰਟ ਦੇਣ ਲਈ ਕਿਹਾ ਹੈ।
ਦੱਸਣਾ ਬਣਦਾ ਹੈ ਕਿ ਪਾਕਿਸਤਾਨ ਨੇ ਹਾਲ ਹੀ 'ਚ ਹਿੰਦੂ ਮੈਰਿਜ ਲਾਅ (ਕਾਨੂੰਨ) ਪਾਸ ਕੀਤਾ ਹੈ ਜਿਸ 'ਚ ਘੱਟ ਗਿਣਤੀਆਂ ਨੂੰ ਆਪਣੇ ਹੱਕਾਂ ਦਾ ਇਸਤੇਮਾਲ ਕਰਨ ਦੀ ਅਜ਼ਾਦੀ ਦਿੱਤੀ ਗਈ ਹੈ। ਪਰ ਬਾਵਜੂਦ ਇਸਦੇ ਪਾਕਿਸਤਾਨ 'ਚ ਜ਼ਬਰਦਸਤੀ ਧਰਮ ਤਬਦੀਲ ਕਰਨ ਵਰਗੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਹਾਲਾਂਕਿ ਪਾਕਿ ਪੀਐਮ ਇਮਰਾਨ ਖਾਨ ਨੇ ਵੀ ਕਿਹਾ ਸੀ ਕਿ ਪਾਕਿਸਤਾਨ 'ਚ ਘੱਟਗਿਣਤੀਆਂ ਨੂੰ ਬਰਾਬਰ ਦਾ ਦਰਜਾ ਦਿੱਤਾ ਜਾਂਦਾ ਹੈ ਨਾ ਕਿ ਭਾਰਤ ਵਾਂਗ ਘੱਟਗਿਣਤੀਆਂ 'ਤੇ ਤਸ਼ੱਦਦ ਕੀਤਾ ਜਾਂਦਾ ਹੈ।