← Go Back
ਔਕਲੈਂਡ 17 ਅਪ੍ਰੈਲ 2019 (ਹਰਜਿੰਦਰ ਸਿੰਘ ਬਸਿਆਲਾ)-ਅੱਜ ਔਕਲੈਂਡ ਖੇਤਰ ਦੇ ਕਿਸੇ ਵਿਅਕਤੀ ਨੂੰ 16 ਮਿਲੀਅਨ ਡਾਲਰ ਤੋਂ ਵੱਧ ਦੀ ਲੋਟੋ ਨਿਕਲੀ ਹੈ। ਇਹ ਭਾਗਸ਼ਾਲੀ ਵਿਅਕਤੀ ਕੁੱਲ 162 ਲੱਖ, 50 ਹਜ਼ਾਰ ਡਾਲਰ ਦੀ ਐਂਟਰੀ ਦੇ ਨਾਲ ਆਪਣੇ ਬੈਂਕ ਦੇ ਖਾਤੇ ਨੂੰ ਮਾਲਾ-ਮਾਲ ਕਰੇਗਾ। ਇਸ ਸਾਲ ਦੇ ਵਿਚ ਇਹ ਛੇਵੀਂ ਵੱਡੀ ਲਾਟਰੀ ਨਿਕਲੀ ਹੈ। ਇਸ ਤੋਂ ਇਲਾਵਾ ਇਕ ਫਾਂਗਾਰਾਈ ਦੇ ਇਕ ਵਿਅਕਤੀ ਦੀ 5 ਲੱਖ ਡਾਲਰ ਦੀ ਲਾਟਰੀ ਵੀ ਨਿਕਲੀ ਹੈ। ਨਿਊਜ਼ੀਲੈਂਡ ਦੇ ਵਿਚ ਹੁਣ ਤੱਕ ਦੀ ਸਭ ਤੋਂ ਵੱਡੀ ਲੋਟੋ 44 ਮਿਲੀਅਨ ਦੀ 2016 ਦੇ ਵਿਚ ਇਕ ਨੌਜਵਾਨ ਜੋੜੇ ਨੂੰ ਨਿਕਲੀ ਸੀ। ਇਸ ਤੋਂ ਬਾਅਦ 38 ਮਿਲੀਅਨ ਡਾਲਰ ਦੀ ਲੋਟੋ 2 ਭਾਗਸ਼ਾਲੀ ਵਿਜੇਤਾਵਾਂ ਦੇ ਵਿਚ ਵੰਡੀ ਗਈ ਸੀ। 1987 ਦੇ ਵਿਚ ਲੋਟੋ ਦੀ ਸ਼ੁਰੂਆਤ ਕੀਤੀ ਹੋਈ ਸੀ ਅਤੇ ਇਸ ਤੋਂ ਪ੍ਰਾਪਤ ਪੈਸਾ ਵੱਖ-ਵੱਖ ਕਾਰਜਾਂ ਵਿਚ ਵਰਤਿਆ ਜਾਂਦਾ ਹੈ ਅਤੇ ਹੁਣ ਤੱਕ 3 ਬਿਲੀਅਨ ਡਾਲਰ ਕਮਿਊਨਿਟੀ ਕਾਰਜਾਂ ਵਾਸਤੇ ਇਕੱਠਾ ਹੋਇਆ ਹੈ। ਸੋ ਜਦੋਂ ਰੱਬ ਕਿਸੇ ਨੂੰ ਦਿੰਦਾ ਹੈ ਤਾਂ ਛੱਪੜ ਫਾੜ ਕੇ ਵੀ ਦੇ ਦਿੰਦਾ ਹੈ ਅਤੇ ਜਦੋਂ ਖੋਂਹਦਾ ਹੈ ਤਾਂ ਥੱਪੜ ਮਾਰ ਕੇ ਵੀ ਖੋਹ ਲੈਂਦਾ ਹੈ। ਅਗਲੇ ਸ਼ਨੀਵਾਰ ਦਾ ਇਨਾਮ 4 ਮਿਲੀਅਨ ਦਾ ਹੈ, ਕਿਸਮਤ ਦਾ ਕੋਈ ਪਤਾ ਨਹੀਂ ਕਦੋਂ....ਬਰਾਬਰ ਖੜ ਜਾਵੇ। ਪੂੰਜੀ ਆਮਦਨ ਟੈਕਸ: ਜੇ ਕੋਈ ਨਹੀਂ ਮੰਨਦਾ ਤਾਂ ਫਿਰ ਰਹਿਣ ਦਿਓ ਨਿਊਜ਼ੀਲੈਂਡ ਸਰਕਾਰ ਨੇ ਚਰਚਿਤ 'ਕੈਪੀਟਲ ਗੇਨ ਟੈਕਸ' ਵਾਲੀ ਕੈਂਚੀ ਬੋਝੇ 'ਚ ਪਾਈ ਔਕਲੈਂਡ 17 ਅਪ੍ਰੈਲ (ਹਰਜਿੰਦਰ ਸਿੰਘ ਬਸਿਆਲਾ)-ਨਿਊਜ਼ੀਲੈਂਡ ਸਰਕਾਰ ਨੇ ਅੱਜ ਐਲਾਨ ਕੀਤਾ ਕਿ ਬਹੁ ਚਰਚਿਤ 'ਕੈਪੀਟਲ ਗੇਨ ਟੈਕਸ' (ਪੂੰਜੀ ਆਮਦਨ ਟੈਕਸ) ਨੂੰ ਇਸ ਕਰਕੇ ਲਾਗੂ ਕਰਨਾ ਮੁਸ਼ਕਿਲ ਹੈ ਕਿ ਇਸ ਉਤੇ ਬਹੁਤਿਆਂ ਦੀ ਸਹਿਮਤੀ ਨਜ਼ਰ ਨਹੀਂ ਆ ਰਹੀ। ਹਰ ਕੋਈ ਵੱਖਰੇ ਤਰੀਕੇ ਨਾਲ ਸੋਚ ਰਿਹਾ ਹੈ ਜਿਸ ਕਰਕੇ ਇਸ ਨੂੰ ਲਾਗੂ ਕਰਨ ਦਾ ਸੁਝਾਅ ਛੱਡ ਦਿੱਤਾ ਗਿਆ ਹੈ। ਲੋਕਾਂ ਨੇ ਸਰਕਾਰ ਦੀ ਇਸ ਟੈਕਸ ਵਾਲੀ ਕੈਂਚੀ ਨੂੰ ਬੋਝੇ ਵਿਚ ਹੀ ਰੱਖਣ ਉਤੇ ਸੁਖ ਦਾ ਸਾਹ ਲਿਆ ਹੈ। ਸਰਕਾਰ ਦੀ ਭਾਈਵਾਲ ਪਾਰਟੀਆਂ ਨੇ ਵੀ ਇਸ ਟੈਕਸ ਉਤੇ ਆਪਣੀ ਸਹਿਮਤੀ ਨਹੀਂ ਸੀ ਦਿੱਤੀ। ਲੇਬਰ ਸਰਕਾਰ ਨੇ ਭਾਵੇਂ ਆਪਣੇ ਚੋਣ ਵਾਅਦਿਆਂ ਦੇ ਵਿਚ ਇਹ ਟੈਕਸ ਲਗਾ ਕੇ ਬਹੁਤ ਵੱਡੀ ਰਾਸ਼ੀ ਸਰਕਾਰ ਦੇ ਲਈ ਇਕੱਤਰ ਕਰਨ ਦੀ ਯੋਜਨਾ ਬਣਾਈ ਸੀ, ਪਰ ਇਹ ਯੋਜਨਾ ਨੂੰ ਢੱਪ ਕਰਨਾ ਪਿਆ। ਹੁਣ ਸਰਕਾਰ ਇਹ ਰਾਸ਼ੀ ਕਿਸੇ ਹੋਰ ਪਾਸਿਉਂ ਉਗਰਾਹਣ ਲਈ ਰਾਹ ਲੱਭ ਸਕਦੀ ਹੈ।
Total Responses : 189