ਐਬਟਸਫੋਰਡ 24 ਅਪ੍ਰੈਲ 2019: ਸਿੰਘ ਸਭਾ ਲਹਿਰ ਦੇ ਬਾਨੀ ਗਿਆਨੀ ਦਿੱਤ ਸਿੰਘ ਜੀ ਦੇ ਜਨਮ ਦਿਨ 'ਤੇ 21 ਅਪ੍ਰੈਲ ਨੂੰ ਉੱਤਰੀ ਅਮਰੀਕਾ ਦੇ ਸਭ ਤੋਂ ਪੁਰਾਣੇ ਤੇ ਇਤਿਹਾਸਕ ਵਿਰਾਸਤੀ ਰੁਤਬਾ ਹਾਸਲ ਹੈਰੀਟੇਜ ਸਾਈਟ (ਸਥਾਪਨਾ 1911) ਗੁਰਦੁਆਰਾ ਖਾਲਸਾ ਦੀਵਾਨ ਸੁਸਾਇਟੀ ਐਬਟਸਫੋਰਡ ਵਿਖੇ ਸੈਮੀਨਾਰ ਕਰਵਾਇਆ ਗਿਆ, ਜਿਸ ਵਿੱਚ ਗਦਰੀ ਬਾਬਿਆਂ ਦੇ ਇਸ ਅਸਥਾਨ 'ਤੇ ਗ਼ਦਰ ਲਹਿਰ ਦੀ ਸਥਾਪਨਾ ਦਿਵਸ (21 ਅਪ੍ਰੈਲ 1913) ਅਤੇ ਜਲ੍ਹਿਆਂਵਾਲਾ ਬਾਗ ਦੇ ਕਤਲਿਆਮ ਦੇ 100 ਸਾਲਾ ਬਾਰੇ ਵੀ ਵਿਚਾਰਾਂ ਹੋਈਆਂ।ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਪਹੁੰਚੇ ਸੁਖਦੀਪ ਸਿੰਘ ਬਰਨਾਲਾ ਨੇ ਭਾਵਪੂਰਤ ਸ਼ਬਦਾਂ 'ਚ ਵਿਚਾਰ ਸਾਂਝੇ ਕੀਤੇ ਅਤੇ ਜਲ੍ਹਿਆਂ ਵਾਲੇ ਬਾਗ ਦੇ ਸੌ ਸਾਲਾ ਸਮੇਤ ਵਿਸ਼ੇਸ਼ ਕਰਕੇ ਗਿਆਨੀ ਦਿੱਤ ਸਿੰਘ ਜੀ ਦੀਆਂ ਰਚਨਾਵਾਂ ਵਿੱਚੋਂ ਹਲੂਣਾ ਦੇਣ ਵਾਲੇ ਸ਼ਬਦਾਂ ਦੀ ਸਾਂਝ ਪਾਈ।
ਇਸ ਸੈਮੀਨਾਰ ਵਿੱਚ ਡਾ.ਗੁਰਵਿੰਦਰ ਸਿੰਘ ਧਾਲੀਵਾਲ ਨੇ ਜ਼ੋਰਦਾਰ ਮੰਗ ਕੀਤੀ ਗਈ ਕਿ ਸਾਧੂ ਦਿਯਾ ਨੰਦ ਨੇ ਗੁਰੂ ਨਾਨਕ ਦੇਵ ਜੀ ਸਬੰਧੀ ਜੋ ਸ਼ਬਦ 'ਸਤਿਆਰਥ ਪ੍ਰਕਾਸ਼' ਵਿੱਚ ਲਿਖੇ ਹਨ, ਉਨ੍ਹਾਂ ਨੂੰ 550ਵੇ ਪ੍ਰਕਾਸ਼ ਪੁਰਬ ਮੌਕੇ ਸਮੁੱਚੀ ਸਿੱਖ ਕੌਮ ਜ਼ੋਰਦਾਰ ਸ਼ਬਦਾਂ ਵਿੱਚ ਖੰਡਨ ਕਰਨ ਲਈ ਇੱਕਮੁੱਠ ਹੋਵੇ ਅਤੇ ਅਪਮਾਨਜਨਕ ਟਿੱਪਣੀਆਂ ਨੂੰ ਆਰੀਆ ਸਮਾਜ ਦੀ ਅਖੌਤੀ ਲਿਖਤ ਵਿੱਚੋਂ ਰੱਦ ਕੀਤਾ ਕੀਤਾ ਜਾਏ।
ਇੱਥੇ ਜ਼ਿਕਰਯੋਗ ਹੈ ਕਿ ਸਾਧੂ ਦਿਆਨੰਦ ਨੇ ਸਤਿਆਰਥ ਪ੍ਰਕਾਸ਼ ਵਿੱਚ ਅਪਮਾਨਿਤ ਸ਼ਬਦ ਲਿਖੇ ਹਨ, ਨਾਨਕ ਸ਼ਾਹ ਫਕੀਰ ਨੇ ਨਿਯਾ ਚਲਾਇਆ ਪੰਥ, ਇਧਰ ਉਧਰ ਸੇ ਜੋੜ ਕਰ ਲਿਖ ਡਾਲਾ ਇੱਕ ਗ੍ਰੰਥ। ਗਿਆਨੀ ਦਿੱਤ ਸੀ ਸਿੰਘ ਜੀ ਨੇ ਪੰਡਿਤ ਦਿਯਾ ਨੰਦ ਨੂੰ ਵੱਖ- ਵੱਖ ਸੰਵਾਦ ਦੌਰਾਨ ਹਾਰ ਦਿੱਤੀ ਸੀ ਅਤੇ ਉਸ ਦੇ ਪਾਖੰਡ ਨੂੰ ਜੱਗ ਜ਼ਾਹਰ ਕੀਤਾ ਸੀ। ਸੈਮੀਨਾਰ ਦੌਰਾਨ ਇਹ ਮੰਗ ਕੀਤੀ ਗਈ ਕਿ ਗਿਆਨੀ ਜੀ ਦਾ ਜਨਮ ਦਿਨ ਮਨਾਉਂਦੇ ਹੋਏ, ਉਨ੍ਹਾਂ ਦੁਆਰਾ ਦਿਆਨੰਦ ਦੇ ਗੁਰੂ ਸਾਹਿਬ ਖਿਲਾਫ ਕੀਤੇ ਭੰਡੀ ਪ੍ਰਚਾਰ ਨੂੰ ਰੱਦ ਕਰਨ ਲਈ ਉੱਦਮ ਨੂੰ ਜਾਰੀ ਰੱਖਦੇ ਹੋਏ ਅਜਿਹੇ ਅਪਮਾਨਜਨਕ ਸ਼ਬਦ ਹਮੇਸ਼ਾ ਵਾਸਤੇ ਰੱਦ ਕੀਤੇ ਜਾਣ।
ਪੰਜਾਬੀ ਸਾਹਿਤ ਸਭਾ ਮੁੱਢਲੀ ਰਜਿਸਟਰਡ ਅਤੇ ਗਿਆਨੀ ਦਿੱਤ ਸਿੰਘ ਸਾਹਿਤ ਸਭਾ ਕੈਨੇਡਾ ਵੱਲੋਂ ਵੱਲੋਂ ਇਹ ਵੀ ਅਹਿਦ ਲਿਆ ਗਿਆ ਕਿ ਇਸ ਉੱਦਮ ਲਈ ਆਨਲਾਈਨ ਪਟੀਸ਼ਨ ਵੀ ਸ਼ੁਰੂ ਕੀਤੀ ਜਾਏਗੀ ਅਤੇ ਲਿਖਤੀ ਰੂਪ ਦੇ ਵਿੱਚ ਸਿੱਖਾਂ ਦੀਆਂ ਕੇਂਦਰੀ ਸੰਸਥਾਵਾਂ ਤੋਂ ਵੀ ਜ਼ੋਰਦਾਰ ਕਦਮ ਉਠਾਉਣ ਦੀ ਮੰਗ ਕੀਤੀ ਜਾਵੇਗੀ, ਜੋ ਕਿ ਮਨੂੰਵਾਦੀ ਅਤੇ ਸਨਾਤਨੀ ਪ੍ਰਭਾਵ ਹੇਠ ਸਿੱਖ ਵਿਰੋਧੀ ਤਾਕਤਾਂ ਪ੍ਰਤੀ ਕਦਮ ਉਠਾਉਣ ਤੋਂ ਕੰਨੀ ਕਤਰਾਉਂਦੀਆਂ ਆ ਰਹੀਆਂ ਹਨ। ਗਿਆਨੀ ਦਿੱਤ ਸਿੰਘ ਦੁਆਰਾ ਆਰੰਭੀ ਸਿੰਘ ਸਭਾ ਲਹਿਰ ਜਾਰੀ ਰੱਖਣ ਅਤੇ ਸਿੱਖ ਵਿਰੋਧੀ ਤਾਕਤਾਂ ਖਿਲਾਫ਼ ਡਟਣ ਲਈ ਅਜਿਹੇ ਉੱਦਮ ਦੀ ਸਖ਼ਤ ਜ਼ਰੂਰਤ ਹੈ। ਸੈਮੀਨਾਰ ਵਿੱਚ 'ਸਿੱਖ ਹਿੰਦੂ ਨਹੀਂ' ਕਿਤਾਬ ਦੇ ਲਿਖਾਰੀ ਕੁਲਵੀਰ ਸਿੰਘ ਢੀਂਡਸਾ, ਗੁਰਬਖ਼ਸ਼ ਸਿੰਘ ਢੱਟ, ਸੁਰਜੀਤ ਸਿੰਘ ਸਹੋਤਾ, ਗੁਰਪ੍ਰੀਤ ਸਿੰਘ ਚਾਹਲ, ਕੁਲਬੀਰ ਸਿੰਘ ਮੀਲੂ, ਬਲਵੰਤ ਸਿੰਘ ਮਾਨ ਅਤੇ ਮੁਲਖ ਰਾਜ ਸਿੰਘ ਬਜਾਜ ਪ੍ਰੇਮੀ ਸਮੇਤ ਬੁਲਾਰਿਆਂ ਨੇ ਵਿਚਾਰ ਸਾਂਝੇ ਕੀਤੇ। ਇਸ ਮੌਕੇ 'ਤੇ ਜਗਦੀਸ਼ ਰਾਜ ਬਜਾਜ ਤੇ ਮਨਮੋਹਨ ਸਿੰਘ ਤੋਂ ਇਲਾਵਾ ਉਘੀਆਂ ਸ਼ਖਸੀਅਤਾਂ ਨੇ ਵੀ ਸ਼ਮੂਲੀਅਤ ਕੀਤੀ। ਪੰਜਾਬੀ ਸਾਹਿਤ ਸਭਾ ਮੁੱਢਲੀ ਰਜਿਸਟਰਡ ਅਤੇ ਗਿਆਨੀ ਦਿੱਤ ਸਿੰਘ ਸਾਹਿਤ ਸਭਾ ਕੈਨੇਡਾ ਵੱਲੋਂ ਸੁਖਦੀਪ ਸਿੰਘ ਬਰਨਾਲਾ ਨੂੰ ਗੁਰਦੁਆਰਾ ਹੈਰੀਟੇਜ ਖ਼ਾਲਸਾ ਦੀਵਾਨ ਸੋਸਾਇਟੀ ਐਬਟਸਫੋਰਡ ਸੈਮੀਨਾਰ ਦੌਰਾਨ ਸਨਮਾਨਿਤ ਕੀਤਾ ਗਿਆ।