ਵਾਸ਼ਿੰਗਟਨ, 22 ਮਈ 2019 - ਅਮਰੀਕਾ 'ਚ ਨਿਊਯਾਰਕ ਦੀਆਂ ਸੜਕਾਂ 'ਤੇ ਹੁਣ ਪੈਦਲ ਚਲਦੇ ਸਮੇਂ ਆਪਣਾ ਮੋਬਾਈਲ ਫੋਨ ਦੀ ਵਰਤੋਂ ਕਰਨ ਵਾਲਿਆਂ ਨੂੰ ਭਾਰੀ ਜ਼ੁਰਮਾਨਾ ਲੱਗ ਸਕਦਾ ਹੈ। ਨਿਊਯਾਰਕ ਅਸੰਬਲੀ ਨੇ ਹਾਲ ਹੀ 'ਚ ਇਸ ਨਾਲ ਜੁੜਿਆ ਇੱਕ ਬਿਲ ਪੇਸ਼ ਕੀਤਾ ਹੈ। ਜੇਕਰ ਇਹ ਬਿਲ ਪਾਸ ਹੋ ਜਾਂਦਾ ਹੈ ਤਾਂ ਕਾਨੂੰਨ ਤੋੜਨ ਵਾਲੇ ਨੂੰ 25 ਡਾਲਰ (ਕਰੀਬ 1800 ਰੁਪਏ) ਤੋਂ ਲੈ ਕੇ 250 ਡਾਲਰ ( ਕਰੀਬ 18 ਹਜ਼ਾਰ ਰੁਪਏ) ਦਾ ਜ਼ੁਰਮਾਨਾ ਲੱਗ ਸਕਦਾ ਹੈ ।
ਰਿਪੋਰਟਾਂ ਮੁਤਾਬਕ ਬਿਲ ਨੂੰ ਪਿਛਲੇ ਸਾਲ ਅਸੰਬਲੀ 'ਚ ਪੇਸ਼ ਕੀਤਾ ਗਿਆ ਸੀ। ਇਸ ਬਿਲ 'ਚ ਹੀ ਜ਼ੁਰਮਾਨੇ ਦੀ ਰਕਮ ਵੀ ਤੈਅ ਕੀਤੀ ਗਈ ਹੈ। ਇਸ ਸਾਲ ਇਹ ਮੁੱਦਾ ਇੱਕ ਵਾਰ ਫਿਰ ਤੋਂ ਚਰਚਾ ਵਿਚ ਆਇਆ ਹੈ ਤੇ ਜਿਸ 'ਤੇ ਹੁਣ ਕੋਈ ਫੈਸਲਾ ਆ ਸਕਦਾ ਹੈ। ਇਸ ਬਿਲ ਨੂੰ ਇਸ ਕਾਰਨ ਪੇਸ਼ ਕੀਤਾ ਗਿਆ ਕਿਉਂਕਿ ਅਮਰੀਕੀ ਲੋਕਾਂ 'ਚ ਪੈਦਲ ਚਲਦਿਆਂ ਫੋਨ ਦੀ ਵਰਤੋਂ ਕਰਨਾ ਬਹੁਤ ਜ਼ਿਆਦਾ ਹੱਦ ਤੱਕ ਵਧ ਚੁੱਕਿਆ ਹੈ ਤੇ ਜਿਸ ਨਾਲ ਕਈ ਦੁਰਘਟਨਾਵਾਂ ਵੀ ਸਾਹਮਣੇ ਆ ਚੁੱਕੀਆਂ ਹਨ।
2019 'ਚ ਜਾਰੀ ਹੋਈ ਗਵਰਨੈਂਸ ਹਾਈਵੇਅ ਸੇਫਟੀ ਐਸੋਸੀਏਸ਼ਨ ਦੀ ਰਿਪੋਰਟ ਮੁਤਾਬਕ ਪਿਛਲੇ ਸਾਲ ਸੜਕ ਹਾਦਸਿਆਂ 'ਚ 6 ਹਜ਼ਾਰ ਤੋਂ ਜ਼ਿਆਦਾ ਪੈਦਲ ਚਲਦੇ ਲੋਕਾਂ ਦੀ ਮੌਤ ਹੋ ਗਈ ਸੀ। ਰਿਪੋਰਟ 'ਚ ਇੰਨ੍ਹਾਂ ਹਾਦਸਿਆਂ ਦੀ ਵਜ੍ਹਾ ਚਲਦੇ ਸਮੇਂ ਮੋਬਾਈਲ ਫੋਨਾਂ ਦੀ ਵਰਤੋਂ ਕਰਨਾ ਦੱਸਿਆ ਗਿਆ ਹੈ।