ਵਾਸ਼ਿੰਗਟਨ, 15 ਜੂਨ 2019 - ਭਾਰਤ ਤੋਂ ਅਮਰੀਕਾ ਦੋ ਨੰਬਰ 'ਚ ਪਹੁੰਚੇ ਭਾਰਤੀ ਮੂਲ ਦੇ ਮਾਈਗ੍ਰੈਂਟ ਗਰੁੱਪ 'ਚੋਂ ਇੱਕ ਛੇ ਸਾਲਾ ਸਿੱਖ ਬੱਚੀ ਅਰੀਜ਼ੋਨਾ ਮਾਰੂਥਲ , ਅਮਰੀਕਾ 'ਚ ਤਪਸ਼ ਦੀ ਤਾਪ ਨਾ ਝੱਲਦੀ ਹੋਈ ਦਮ ਤੋੜ ਗਈ।
ਵਿਦੇਸ਼ੀ ਮੀਡੀਆ ਏਜੰਸੀਆਂ ਮੁਤਾਬਕ ਬੱਚੀ ਦਾ ਨਾਮ ਗੁਰਪ੍ਰੀਤ ਕੌਰ ਸੀ ਅਤੇ ਉਸਦੀ ਮ੍ਰਿਤਕ ਦੇਹ ਬੁੱਧਵਾਰ ਨੂੰ ਅਰੀਜ਼ੋਨਾ ਦੇ ਲਿਊਕਵਿਲੇ ਸ਼ਹਿਰ ਦੇ ਪੱਛਮੀ ਅਮਰੀਕਾ ਦੇ ਬਾਰਡਰ ਪੈਟਰੌਲ ਦੁਆਰਾ ਲੱਭੀ ਗਈ।
ਰਿਪੋਰਟ ਮੁਤਾਬਕ ਮੰਗਲਵਾਰ ਨੂੰ ਸਵੇਰੇ 10 ਵਜੇ ਮਨੁੱਖੀ ਤਸਕਰਾਂ ਨੇ ਇਸ ਬੱਚੀ ਨੂੰ ਮਾਂ ਸਮੇਤ 4 ਹੋਰਾਂ ਭਾਰਤੀਆਂ ਨਾਲ ਬਾਰਡਰ ਪਾਰ ਕਰਾਇਆ ਸੀ। ਕੁਝ ਸਮਾਂ ਪੈਦਲ ਤੁਰਨ ਉਪਰੰਤ ਬੱਚੀ ਦੀ ਮਾਂ ਤੇ ਹੋਰ ਭਾਰਤੀ ਬੱਚੀ ਨੂੰ ਇੱਕ ਹੋਰ ਔਰਤ ਤੇ ਉਸਦੇ ਬੱਚੇ ਨੂੰ ਛੱਡ ਪਾਣੀ ਦੀ ਭਾਲ 'ਚ ਚਲੇ ਗਏ। ਅਮਰੀਕੀ ਬਾਰਡਰ ਪੈਟਰੋਲਿੰਗ ਅਝੰਟਾਂ ਵਲੋਂ ਬੱਚੀ ਦੀ ਮਾਂ ਤੇ ਦੂਸਰੀ ਔਰਤ ਦੇ ਪੈਰਾਂ ਦੇ ਨਿਸ਼ਾਨਾਂ ਤੋਂ ਉਨ੍ਹਾਂ ਨੂੰ ਫੜ ਲਿਆ ਗਿਆ। ਜਿਸ ਤੋਂ ੪ ਘੰਟਿਆਂ ਬਾਅਦ ਅਧਿਕਾਰੀਆਂ ਨੇ ਬੱਚੀ ਦੀ ਲਾਸ਼ ਵੀ ਬਰਾਮਦ ਕਰ ਲਈ। ਬੱਚੀ ਦੀ ਮੌਤ ਹਾਈਪੋਥਰਮੀਆ ਨਾਲ ਹੋਈ ਦੱਸੀ ਜਾ ਰਹੀ ਹੈ। ਬਾਰਡਰ ਪੈਟਰੋਲ ਨੇ ਮਨੱਖੀ ਤਸਕਰਾਂ 'ਤੇ ਬੱਚੀ ਦੀ ਮੌਤ ਦਾ ਦੋਸ਼ ਲਗਾਇਆ ਹੈ।
ਅਰੀਜ਼ੋਨਾ ਦੇ ਰੇਗਿਸਤਾਨ 'ਚ ਗਰਮੀ ਨਾਲ ਮਰਨ ਵਾਲੀ ਇਸ ਸਾਲ 'ਚ ਇਹ ਦੂਜੇ ਬੱਚੇ ਦੀ ਮੌਤ ਸੀ। ਇਮੀਗ੍ਰੇਸ਼ਨ ਅਧਿਕਾਰੀਆਂ ਮੁਤਾਬਕ ਭਾਰਤੀ ਨਾਗਰਿਕਾਂ ਦੀ ਮੈਕਸਿਕੋ ਬਾਰਡਰ ਪਾਰ ਕਰ ਅਮਰੀਕਾ ਦਾਖਲ ਹੋਣ ਦੀ ਗਿਣਤੀ ਦਿਨੋ ਦਿਨ ਵਧ ਰਹੀ ਹੈ ।