ਕੈਲੀਫੋਰਨੀਆ, 20 ਜੁਲਾਈ 2019 - ਅਮਰੀਕਾ ਦੇ ਫਰਿਜ਼ਨੋ ਸ਼ਹਿਰ ਦੇ ਗੁਰੁਦਆਰਾ ਸਾਹਿਬ 'ਚ ਵਿਰਸੇ ਦਾ ਨਾਮ ਲੈ ਕੇ ਗੁਰਦੁਆਰਾ ਸਾਹਿਬ ਦੀ ਹਦੂਦ ਅੰਦਰ ਗਿੱਧਾ ਭੰਗੜੇ ਦੇ ਮੁਕਾਬਲਿਆਂ ਤੋਂ ਭਖੇ ਵਿਵਾਦ ਤੋਂ ਬਾਅਦ ਅਕਾਲ ਤਖਤ ਨੇ ਕਮੇਟੀ ਤੋਂ ਜਵਾਬ ਮੰਗਿਆ ਹੈ। ਅਕਾਲ ਤਖਤ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਇਸ ਮਾਮਲੇ ਸਬੰਧੀ 15 ਦਿਨਾਂ ਅੰਦਰ ਜਵਾਬ ਮੰਗਿਆ ਗਿਆ ਹੈ ਅਤੇ ਗੁਰਦੁਆਰਾ ਸਾਹਿਬ ਦੀ ਹਦੂਦ ਅੰਦਰ ਅਜਿਹੇ ਸਮਾਗਮਾਂ 'ਤੇ ਪਾਬੰਦੀ ਲਾੳਣ ਦੀ ਗੱਲ ਆਖੀ ਗਈ ਹੈ।
ਫਰਿਜਨੋ ਕੈਲੇਫੌਰਨੀਆ ਦੇ ਵਾਸੀ ਮਨਜੀਤ ਸਿੰਘ ਪੱਤੜ ਨੇ ਅਕਾਲ ਤਖਤ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਚਿੱਠੀ ਲਿਖੀ ਸੀ, ਜਿਸ 'ਚ ਉਨ੍ਹਾਂ ਇਸ ਭੰਗੜਾ ਕੈਂਪ 'ਤੇ ਪਾਬੰਦੀ ਲਾਉਣ ਅਤੇ ਜਿੰਮੇਵਾਰ ਲੋਕਾਂ , ਡਾਂਸ ਅਕੈਡਮੀ ਦੇ ਪ੍ਰਬੰਧਕਾਂ, ਗੁਰਦੁਆਰਾ ਸਾਹਿਬ ਵਿਚ ਨੱਚਣ ਅਤੇ ਗੰਦੇ ਅਸ਼ਲੀਲ ਗਾਣੇ ਚਲਾਉਣ ਦੀ ਮਨਜ਼ੂਰੀ ਦੇਣ ਵਾਲੀ ਗੁਰਦੁਆਰਾ ਕਮੇਟੀ , ਸੇਵਾਦਾਰ ਦੇ ਖਿਲਾਫ ਬਣਦੀ ਕਾਰਵਾਈ ਦੀ ਮੰਗ ਕੀਤੀ ਸੀ।
ਜ਼ਿਕਰਯੋਗ ਹੈ ਕਿ ਪਿਛਲੇ ਦਿਨੀ ਅਮਰੀਕਾ ਦੇ ਫਰਿਜ਼ਨੋ ਸ਼ਹਿਰ ਦੇ ਗੁਰਦੁਆਰਾ ਸਿੰਘ ਸਭਾ ਦੀ ਇਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਸੀ ਜਿਸ ਵਿਚ ਗੁਰਦੁਆਰਾ ਸਾਹਿਬ ਦੇ ਕੈਂਪਸ ਵਿਚ ਬੱਚਿਆਂ ਅਤੇ ਵੱਡਿਆਂ ਲਈ ਭੰਗੜਾ ਤੇ ਗਿੱਧੇ ਦਾ ਮੇਲਾ ਕਰਵਾਇਆ ਜਾ ਰਿਹਾ ਸੀ।
ਇਸ ਵੀਡੀਓ ਨੂੰ ਬਣਾਉਣ ਵਾਲੇ ਸ਼ਖਸ਼ ਮਨਜੀਤ ਸਿੰਘ ਦਾ ਕਹਿਣਾ ਸੀ ਕਿ ਸਿੱਖ ਸੰਗਤ ਫੈਸਲਾ ਕਰੇ ਕਿ ਗੁਰਦੁਆਰਾ ਸਾਹਿਬ ਦੀ ਹਦੂਦ ਵਿਚ ਭੰਗੜਾ ਗਿੱਧਾ ਅਤੇ ਲੱਚਰ ਗੀਤ ਲਾਉਣੇ ਜਾਇਜ਼ ਹਨ। ਉਸ ਅਨੁਸਾਰ ਕਿ ਪ੍ਰਬੰਧਕਾਂ ਨੂੰ ਬੇਨਤੀ ਵੀ ਕੀਤੀ ਸੀ ਕਿ ਉਕਤ ਕਾਰਜ ਲਈ ਵੱਖਰਾ ਇੰਤਜ਼ਾਮ ਹੋਣਾ ਚਾਹੀਦਾ ਹੈ ਜਿਸ ਲਈ ਉਹ ਵੀ ਮਾਲੀ ਹਿੱਸਾ ਪਾਉਣ ਨੂੰ ਤਿਆਰ ਹੈ ਪਰ ਗੁਰਮਤਿ ਮਰਿਆਦਾ ਨੂੰ ਢਾਹ ਲਾਉਣ ਲਈ ਕੋਈ ਬਹਾਨੇਬਾਜ਼ੀ ਨਹੀਂ ਹੋਣੀ ਚਾਹੀਦੀ ਪਰ ਗੁਰਦੁਆਰਾ ਕਮੇਟੀ ਵਲੋਂ ਸੁਰੱਖਿਆ ਕਰਮਚਾਰੀ ਬੁਲਾ ਕੇ ਉਸਨੂੰ ਗੁਰੂਘਰ ਵਿਚੋਂ ਕੱਢ ਦਿੱਤਾ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਇਕ ਸੰਗੀਤ ਅਕੈਡਮੀ ਵਲੋਂ 19 ਜੁਲਾਈ ਤੱਕ ਭੰਗੜਾ ਗਿੱਧਾ ਸਿਖਾਉਣ ਲਈ ਕੈਂਪ ਗੁਰਦੁਆਰਾ ਸਾਹਿਬ ਵਿਚ ਲਾਇਆ ਜਾ ਰਿਹਾ ਸੀ।
ਮਨਜੀਤ ਸਿੰਘ ਦਾ ਕਹਿਣਾ ਹੈ ਕਿ ਗੁਰਦੁਆਰਾ ਸਾਹਿਬ ਦੀ ਹਦੂਦ ਵਿਚ ਇਕ ਪੰਜਾਬੀ ਸਕੂਲ ਵੀ ਚਲਦਾ ਹੈ। ਉਕਤ ਵੀਡੀਓ ਤੋਂ ਬਾਅਦ ਸੰਗੀਤ ਕਮੇਟੀ ਦੇ ਗੁਰਦੀਪ ਸਿੰਘ ਸ਼ੇਰਗਿੱਲ ਨੇ ਇਕ ਵੀਡੀਓ ਜਾਰੀ ਕੀਤੀ ਜਿਸ ਵਿਚ ਸੰਗੀਤ ਅਕੈਡਮੀ ਦੀ ਸਮਾਜ ਸੇਵਾ ਦਾ ਜ਼ਿਕਰ ਕਰਕੇ ਉਕਤ ਕੰਮ ਨੂੰ ਪੰਜਾਬੀ ਸੱਭਿਆਚਾਰ ਦੇ ਹੱਕ ਵਿਚ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ।