ਸਰੀ, ਕੈਨੇਡਾ ,21 ਜੁਲਾਈ , 2019 :
ਪਿਛਲੇ ਕੁਝ ਸਮਿਆਂ ਤੋਂ ਕਨੇਡੀਅਨ ਪੰਜਾਬੀ ਮਾਪਿਆਂ ਦੀ ਇੱਕ ਚਿੰਤਾ ਸੁਣਨ,ਪੜ੍ਹਨ ਨੂੰ ਮਿਲਦੀ ਆ ਰਹੀ ਹੈ ਕਿ ਨਵੀਂ ਪੰਜਾਬੀ ਪੀੜ੍ਹੀ ਆਪਣੀਂ ਬੋਲੀ,ਸਾਹਿਤ ਅਤੇ ਸਭਿਆਚਾਰ ਤੋਂ ਟੁੱਟਦੀ ਜਾ ਰਹੀ ਹੈ । ਇਸੇ ਫਿਕਰ ਨੂੰ ਸਮਝਦਿਆਂ ਪੰਜਾਬ ਭਵਨ ਸਰੀ ਵੱਲੋਂ ਯੰਗਿਸਤਾਨ ਕੈਲਗਰੀ ਦੇ ਸਹਿਯੋਗ ਨਾਲ ਇੱਕ ਵਿਲੱਖਣ ਪੇਸ਼ਕਾਰੀ ਕੀਤੀ ਗਈ । “ਕਨੇਡੀਅਨ ਪੰਜਾਬੀ ਬਾਲ ਕਵਿਤਾ ਉਤਸਵ”।
ਇਸ ਮੌਕੇ ਬੋਲਦਿਆਂ ਪੰਜਾਬ ਭਵਨ ਦੇ ਬਾਨੀ ਸੁੱਖੀ ਬਾਠ ਨੇ ਕਿਹਾ , " ਅਸੀਂ ਸਮਝਦੇ ਹਾਂ ਕਿ ਪੰਜਾਬੀ ਕਵਿਤਾ,ਗੀਤ ਜ਼ੁਬਾਨ ਉੱਤੇ ਆਉਣਗੇ ਤਾਂ ਬੱਚਿਆਂ ਦਾ ਪੰਜਾਬੀ ਪੜ੍ਹਨ ਅਤੇ ਲਿਖਣ ਨੂੰ ਵੀ ਜੀਅ ਕਰੇਗਾ।ਕਨੇਡਾ ਦੇ ਅੱਡ ਅੱਡ ਸ਼ਹਿਰਾਂ ਤੋਂ ਆਏ ਬੱਚਿਆਂ ਦੀ ਉੱਤਮ ਪੇਸ਼ਕਾਰੀ ਦੇਖ,ਸੁਣ ਕੇ ਹੈਰਾਨੀ ਅਤੇ ਮਾਣ ਮਹਿਸੂਸ ਹੋ ਰਿਹਾ ਸੀ । ਅੰਗਰੇਜ਼ੀ ਪੜ੍ਹਨ,ਬੋਲਣ ਵਾਲੇ ਬੱਚਿਆਂ ਦੇ ਮੂੰਹੋਂ ਝਰਨਿਆਂ ਵਾਂਗ ਫੁੱਟਦੇ ਪੰਜਾਬੀ ਕਵਿਤਾਵਾਂ ਦੇ ਸ਼ਬਦ ਵਿਸਮਾਦੀ ਮਾਹੌਲ ਸਿਰਜ ਰਹੇ ਸਨ।2 ਤੋਂ 12 ਗਰੇਡ ਤੱਕ ਦੇ ਬੱਚਿਆਂ ਦੇ ਮੂੰਹੋਂ ਸ਼ਿਵ ਕੁਮਾਰ,ਸੁਰਜੀਤ ਪਾਤਰ,ਬੁੱਲੇ ਸ਼ਾਹ,ਬਾਬੂ ਰਜਬ ਅਲੀ ,ਗੁਰਭਜਨ ਗਿੱਲ,ਗੁਰਮਿੰਦਰ ਸਿੱਧੂ,ਕਵਿੰਦਰ ਚਾਂਦ ਦੀਆਂ ਰਚਨਾਵਾਂ ਦੀ ਅਲੌਕਿਕ ਪੇਸ਼ਕਾਰੀ ਨੇ ਖਚਾਖਚ ਭਰੇ ਹਾਲ ਵਿੱਚ ਸਰੋਤਿਆਂ ਨੂੰ ਮੰਤਰ ਮੁਗਧ ਕਰੀ ਰੱਖਿਆ। ਇਹਨਾਂ ਬੱਚਿਆਂ ਦੀ ਲਗਨ ਦੇਖ ਕੇ ਇਹ ਗੱਲ ਬੜੇ ਯਕੀਨ ਨਾਲ ਆਖੀ ਜਾ ਸਕਦੀ ਹੈ ਕਿ ਸਾਡੀ ਨਵੀਂ ਕਨੇਡੀਅਨ ਪੰਜਾਬੀ ਪੀੜ੍ਹੀ ਹੀ ਪ੍ਰਦੂਸ਼ਿਤ ਗਾਇਕੀ,ਗੀਤਕਾਰੀ ਦਾ ਬਦਲ ਪੇਸ਼ ਕਰੇਗੀ ।"
ਉਨ੍ਹਾਂ ਕਿਹਾ ਕਿ ਪੰਜਾਬ ਭਵਨ ਇਹ ਮਹਿਸੂਸ ਕਰਦਾ ਹੈ ਕਿ ਇਸ ਸ਼ੂਰੂਆਤ ਨੂੰ ਇੱਕ ਲਹਿਰ ਦੇ ਰੂਪ ਵਿੱਚ ਵਿਕਸਿਤ ਕੀਤਾ ਜਾਵੇ ਕਿਉਂਕਿ ਇਹੋ ਸਾਡੀਆਂ ਪੰਜਾਬੀ ਮਾਪਿਆਂ ਦੀਆਂ ਨਵੀਂ ਪੀੜ੍ਹੀ ਬਾਰੇ ਚਿੰਤਾਵਾਂ ਦਾ ਸਦੀਵੀ ਹੱਲ ਹੋ ਸਕਦਾ ਹੈ।ਸੁੱਖੀ ਬਾਠ ਨੇ ਅੱਜ ਦੇ ਪ੍ਰੋਗਰਾਮ ਨੂੰ ਇਤਿਹਾਸਕ ਦੱਸਦਿਆਂ ਇਹਨੂੰ ਤਪਦੇ ਮਨਾਂ ਲਈ ਠੰਡੀ ਪੌਣ ਦਾ ਇੱਕ ਬੁੱਲਾ ਦੱਸਿਆ ਅਤੇ ਏਦਾਂ ਦੇ ਪ੍ਰੋਗਰਾਮ ਹੋਰ ਵੀ ਵੱਡੇ ਪੱਧਰ ਤੇ ਉਲੀਕਣ ਦਾ ਵਾਅਦਾ ਕੀਤਾ ।