ਗੁਰਚਰਨ ਸਿੰਘ ਢਿੱਲੋਂ
ਸਿਆਟਲ , 13 ਅਗਸਤ 2019 - ਪੁਰਾਤਨ ਰੀਤੀ ਰਿਵਾਜ਼ਾਂ ਅਨੁਸਾਰ ਪੰਜਾਬੀ ਵਿਰਸੇ ਤੇ ਸੱਭਿਆਚਾਰ ਦੀ ਸੇਵਾ ਸਾਂਭ ਕਰਦਿਆਂ ਸਿਆਟਲ ਦੇ ਵਿਲਸਨ ਪਲੇਅ ਫੀਲਡਜ਼ ਦੇ ਖੁੱਲ੍ਹੇ ਮੈਦਾਨ 'ਚ ਪ੍ਰਬੰਧਕਾਂ ਵੱਲੋਂ ਫੁਲਕਾਰੀ ਤੀਆਂ ਦਾ ਮੇਲਾ ਬੜੀ ਸ਼ਾਨੋ ਸ਼ੌਕਤ ਨਾਲ ਕਰਾਇਆ ਗਿਆ। ਜਿਥੇ ਖੂਬ ਰੌਣਕਾਂ ਲੱਗੀਆਂ ਤੇ ਦਰਸ਼ਕਾਂ ਨੇ ਅਨੰਦ ਮਾਣਿਆ।
ਸਟੇਜ ਦਾ ਸੰਚਾਲਨ ਕਰਦਿਆਂ ਮੁੱਖ ਪ੍ਰਬੰਧਕ ਬੀਬੀ ਗੁਰਦੀਪ ਕੌਰ ਤੇ ਸੁਖਪ੍ਰੀਤ ਕੌਰ ਮੱਲ੍ਹੀ ਨੇ ਸਟੇਜ ਦਾ ਰੰਗ ਬੰਨ੍ਹਿਆ ਅਤੇ ਗੀਤ ਸੰਗੀਤ, ਗਿੱਧਾ-ਭੰਗੜਾ, ਬੋਲੀਆਂ, ਘੋੜੀਆਂ ਤੇ ਸਕਿੱਟਾਂ ਸਣੇ ਵੰਨ ਸੁਵੰਨੇ ਰੰਗਾ ਰੰਗ ਪ੍ਰੋਗਰਾਮ ਪੇਸ਼ ਕਰਕੇ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ। ਪ੍ਰਬੰਧਕਾਂ ਵੱਲੋਂ ਖਾਣ ਪੀਣ, ਮੁਫਤ ਪਾਰਕਿੰਗ ਦਾਖਲਾ ਤੇ ਵੱਖ ਵੱਖ ਸਟਾਲ ਕੱਪੜੇ ਗਹਿਣੇ, ਮਹਿੰਦੀ, ਦੇਸੀ ਜੁੱਤੀਆਂ ਆਦਿ ਲਾਏ ਗਏ ਜਿਥੇ ਦਰਸ਼ਕਾਂ ਨੇ ਖੂਬ ਅਨੰਦ ਮਾਣਿਆ। ਰਾਜਦੀਪ ਸਿੰਘ ਸਾਹੀ ਨੇ ਸਾਹੀ ਟ੍ਰੈਵਲਜ਼ ਵੱਲੋਂ ਖਾਣ-ਪੀਣ ਦਾ ਇੰਤਜ਼ਾਮ ਕਰਕੇ ਵੱਡੀ ਸੇਵਾ ਕਮਾਈ। ਸ਼ਿਕਾਗੋ ਪੀਜ਼ਾ ਵੱਲੋਂ ਸੁਰਜੀਤ ਸਿੰਘ ਸਮਰਾ ਦੀ ਅਗਵਾਈ ਹੇਠ ਵੱਡੀ ਭੀੜ ਲੱਗੀ ਰਹੀ ਅਤੇ ਸ਼ਿਕਾਗੋ ਪੀਜ਼ਾ ਨੂੰ ਪਸੰਦ ਕੀਤਾ।
ਕੇ ਕੇ ਮਾਰਕਿਟ ਵੱਲੋਂ ਡੀ.ਜੇ ਦੀ ਸੇਵਾ ਕੀਤੀ। ਸੰਗਮ ਫੋਟੋਗ੍ਰਾਫਰ ਦੀ ਸਮੁੱਚੀ ਟੀਮ ਨੇ ਪਹੁੰਚ ਕੇ ਫੁਲਕਾਰੀ ਤੀਆਂ ਦੇ ਮੇਲੇ ਨੂੰ ਕੈਮਰੇ 'ਚ ਬੰਦ ਕਰਕੇ ਰੱਖ ਲਿਆ। ਖੁੱਲ੍ਹੇ ਮੈਦਾਨ ਦਾ ਸੁਹਾਵਣਾ ਮਾਹੌਲ ਤੇ ਮੌਸਮ ਹਰ ਇੱਕ ਦਰਸ਼ਕ ਨੂੰ ਖੁਸ਼ੀ ਪ੍ਰਗਟਾ ਰਿਹਾ ਸੀ। ਫੁਲਕਾਰੀ ਤੀਆਂ ਦਾ ਮੇਲਾ ਬਹੁਤ ਕਾਮਯਾਬ ਰਿਹਾ ਜਿਥੇ ਕੋਈ ਅਣਸੁਖਾਵੀਂ ਘਰਨਾ ਨਹੀਂ ਵਾਪਰੀ। ਛੋਟੇ ਬੱਚੇ ਖੇਡ ਮੈਦਾਨ 'ਚ ਦੌੜ ਭੱਜ ਕਸਰਤ, ਸਾਕਰ ਅਤੇ ਅਮਰੀਕਨ ਫੁਟਬਾਲ ਖੇਡ ਕੇ ਤੰਦਰਸੁਤ ਮਨੋਰੰਜਨ ਕਰਦੇ ਰਹੇ।
ਸਰਬਜੀਤ ਸਿੰਘ ਅਤੇ ਸੁਖਪ੍ਰੀਤ ਸਿੰਘ ਦੇ ਮੱਲ੍ਹੀ ਪਰਿਵਾਰ ਵੱਲੋਂ ਲੋੜੀਂਦਾ ਸਹਿਯੋਗ ਦਿੱਤਾ ਜਿਸਨੂੰ ਦਰਸ਼ਕਾਂ ਨੇ ਪੂਰਾ ਸਰਾਹਿਆ। ਵੈਨਕੂਵਰ-ਸਰੀ ਤੋਂ ਸਾਂਝਾ ਟੀਵੀ ਦੀ ਹੋਸਟ ਬੀਬੀ ਬਲਜਿੰਦਰ ਕੌਰ ਨੇ ਚੰਗਾ ਰੰਗ ਬੰਨ੍ਹੀ ਰੱਖਿਆ। 12 ਤੋਂ 3 ਵਜੇ ਤੱਕ ਬੀਬੀਆਂ, ਮਾਤਾਵਾਂ, ਧੀਆਂ ਨੇ ਪਹੁੰਚ ਕੇ ਰੰਗਾ ਰੰਗ ਪ੍ਰੋਗਰਾਮ ਦਾ ਅਨਮਦ ਮਾਣਿਆ। ਕੈਂਟ ਸਿਟੀ ਕੌਂਸਲਰ ਸਤਵਿੰਦਰ ਕੌਰ ਨੇ ਤੀਆਂ ਦੇ ਮੇਲੇ ਦੀ ਸ਼ਲਾਘਾ ਕੀਤੀ ਤੇ ਪੰਜਾਬੀ ਵਿਰਸੇ ਤੇ ਸੱਭਿਆਚਾਰ ਨਾਲ ਜੁੜੇ ਰਹਿਣ ਦਾ ਸੰਦੇਸ਼ ਦਿੱਤਾ। ਅਗਲੇ ਸਾਲ ਪੰਜਵੇਂ ਫੁਲਕਾਰੀ ਤੀਆਂ ਦੇ ਮੇਲੇ ਤੇ ਮਿਲਣ ਦੇ ਵਾਅਦੇ ਨਾਲ ਗਿੱਧਾ-ਬੋਲੀਆਂ ਪਾਉਂਦਿਆਂ ਘਰਾਂ ਨੂੰ ਰਵਾਨਾ ਹੋਈਆਂ।