ਇਸਲਾਮਾਬਾਦ, 16 ਅਗਸਤ 2019 - ਪਾਕਿਸਤਾਨ ਇਲੈਕਟ੍ਰਾਨਿਕ ਮੀਡੀਆ ਰੈਗੂਲੇਟਰੀ ਅਥਾਰਟੀ (ਪੇਮਰਾ) ਨੇ ਭਾਰਤੀ ਇਸ਼ਤਿਹਾਰਾਂ ਅਤੇ ਹੋਰ ਸਮੱਗਰੀ ਦੇ ਪ੍ਰਸਾਰਣ 'ਤੇ ਪਾਬੰਦੀ ਲਾ ਦਿੱਤੀ ਹੈ ਜੋ ਕਿ ਪਾਕਿਸਤਾਨ 'ਚ ਵੱਖ-ਵੱਖ ਚੈਨਲਾਂ ਰਾਹੀਂ ਦਿਖਾਏ ਜਾਂਦੇ ਹਨ ਅਤੇ ਇਸ 'ਚ ਉਹ ਇਸ਼ਤਿਹਾਰ ਵੀ ਸ਼ਾਮਲ ਹਨ ਜੋ ਭਾਰਤੀ ਹਨ ਅਤੇ ਪਾਕਿਸਤਾਨ ਵਿੱਚ ਪ੍ਰਸਾਰਿਤ ਕੀਤੇ ਜਾ ਰਹੇ ਹਨ।
ਪਾਕਿਸਤਾਨ ਵੱਲੋਂ ਇਹ ਫੈਸਲਾ ਜੰਮੂ-ਕਸ਼ਮੀਰ 'ਚੋਂ ਧਾਰਾ 370 ਹਟਾਏ ਜਾਣ ਤੋਂ ਬਾਅਦ ਲਿਆ ਗਿਆ ਹੈ। ਹਲਾਂਕਿ ਇਸ ਤੋਂ ਕੁੱਝ ਦਿਨ ਪਹਿਲਾਂ ਹੀ ਪਾਕਿਸਤਾਨ 'ਚ ਭਾਰਤੀ ਫਿਲਮਾਂ ਨੂੰ ਵੀ ਦਿਖਾਏ ਜਾਣ 'ਤੇ ਬੈਨ ਲੱਗਿਆ ਸੀ।
ਅਥਾਰਟੀ ਨੇ ਕਿਹਾ ਹੈ ਕਿ ਡੈਟੌਲ ਸਾਬਣ, ਸਰਫ਼ ਐਕਸੈਲ ਪਾਊਡਰ, ਪੈਂਟੀਨ ਸ਼ੈਂਪੂ, ਹੈੱਡ ਐਂਡ ਸ਼ੋਲਡਰ ਸ਼ੈਂਪੂ, ਲਾਈਫ਼ਬੁਆਏ ਸ਼ੈਂਪੂ, ਫ਼ੌਗ ਬਾਡੀ ਸਪ੍ਰੇਅ, ਸਨ–ਸਿਲਕ ਸ਼ੈਂਪੂ, ਨੌਰ ਨੂਡਲਜ਼, ਫ਼ੇਅਰ ਐਂਡ ਲਵਲੀ ਫ਼ੇਸ ਵਾਸ਼ ਜਿਹੇ ਉਤਪਾਦਾਂ ਦੇ ਇਸ਼ਤਿਹਾਰਾਂ ਉੱਤੇ ਪਾਬੰਦੀ ਲਾ ਦਿੱਤੀ ਗਈ ਹੈ। ਇਨ੍ਹਾਂ ਸਾਰੇ ਇਸ਼ਤਿਹਾਰਾਂ ਨੂੰ ਭਾਰਤੀ ਫ਼ਿਲਮੀ ਜਾਂ ਹੋਰ ਕਲਾਕਾਰਾਂ ਨਾਲ ਸ਼ੂਟ ਕੀਤਾ ਗਿਆ ਹੈ।